ਅਕਾਲੀ ਵਿਧਾਇਕ ਪ੍ਰਗਟ ਸਿੰਘ ''ਤੇ ਕਾਂਗਰਸੀ ਆਗੂ ਹੰਸ ਰਾਜ ਹੰਸ ਦਾ ਵੱਡਾ ਬਿਆਨ, ਜਾਣੋ ਕੀ ਕਿਹਾ

04/29/2016 10:14:03 AM

ਜਲੰਧਰ (ਮਹੇਸ਼, ਚੋਪੜਾ) : ਪੰਜਾਬ ਦੇ ਮਸ਼ਹੂਰ ਗਾਇਕ ਤੇ ਸੀਨੀਅਰ ਕਾਂਗਰਸੀ ਆਗੂ ਹੰਸ ਰਾਜ ਹੰਸ ਨੇ ਅਕਾਲੀ ਵਿਧਾਇਕ ਤੇ ਹਾਕੀ ਕਪਤਾਨ ਪ੍ਰਗਟ ਸਿੰਘ ਵਲੋਂ ਅਕਾਲੀ ਦਲ ਵਲੋਂ ਦਿੱਤਾ ਮੁੱਖ ਸੰਸਦੀ ਸਕੱਤਰ ਦਾ ਅਹੁਦਾ ਲੈਣ ਤੋਂ ਇਨਕਾਰ ਕਰਨ ''ਤੇ ਵੱਡਾ ਬਿਆਨ ਦਿੱਤਾ ਹੈ। ਹੰਸ ਰਾਜ ਹੰਸ ਨੇ ਕਿਹਾ ਹੈ ਕਿ ਪ੍ਰਗਟ ਸਿੰਘ ਵੱਲੋਂ ਮੁੱਖ ਸੰਸਦੀ ਸਕੱਤਰ ਵਜੋਂ ਸਹੁੰ ਚੁੱਕਣ ਤੋਂ ਨਾਂਹ ਕਰ ਦੇਣੀ ਸ਼੍ਰੋਮਣੀ ਅਕਾਲੀ ਦਲ (ਬ) ਅੰਦਰ ਵਿਦਰੋਹ ਦੀ ਪਹਿਲੀ ਨਿਸ਼ਾਨੀ ਹੈ। ਅਕਾਲੀ ਦਲ ਦੇ ਸੀਨੀਅਰ ਆਗੂਆਂ ਦੇ ਰਵੱਈਏ ''ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਹੰਸ ਰਾਜ ਹੰਸ ਨੇ ਕਿਹਾ ਕਿ ਜੇ ਦੇਸ਼ ਦੀ ਸ਼ਾਨ ਪ੍ਰਗਟ ਸਿੰਘ ਅਤੇ ਉਨ੍ਹਾਂ ਵਰਗੇ ਪਦਮਸ਼੍ਰੀ ਐਵਾਰਡੀ ਵਿਅਕਤੀ ਅਕਾਲੀ ਦਲ ''ਚ ਆਪਣੀ ਗੱਲ ਨਹੀਂ ਰੱਖ ਸਕਦੇ, ਤਾਂ ਸਮਾਂ ਆ ਚੁੱਕਾ ਹੈ ਕਿ ਅਕਾਲੀ ਦਲ ਪੈਟਰਨ ਤੇ ਅਕਾਲੀ ਦਲ ਪ੍ਰਧਾਨ ਨੂੰ ਮਾਮਲੇ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਹੈ। 
ਪਾਰਟੀ ਵਿਧਾਇਕ ਉਨ੍ਹਾਂ ਨੂੰ ਪਾਰਟੀ ਪਲੇਟਫਾਰਮ ''ਤੇ ਆਪਣੀ ਗੱਲ ਰੱਖਣ ਦਾ ਮੌਕਾ ਨਾ ਦਿੱਤੇ ਜਾਣ ''ਤੇ ਘੁਟਣ ਮਹਿਸੂਸ ਕਰ ਰਹੇ ਹਨ। ਪ੍ਰਗਟ ਸਿੰਘ ਨਾਲ ਵੀ ਇਹੋ ਹੋਇਆ ਹੈ। ਹੰਸ ਰਾਜ ਹੰਸ ਨੇ ਕਿਹਾ ਕਿ ਇਸ ਤੋਂ ਪਹਿਲਾਂ ਅਜਿਹਾ ਹੀ ਉਨ੍ਹਾਂ ਨਾਲ ਵੀ ਹੋਇਆ ਸੀ। ਪਾਰਟੀ ਦਾ ਇਕ ਵੱਡਾ ਹਿੱਸਾ ਅਕਾਲੀ ਦਲ ਨੂੰ ਛੱਡਣ ਤੇ ਕਾਂਗਰਸ ''ਚ ਸ਼ਾਮਲ ਹੋਣ ਲਈ ਸਹੀ ਸਮੇਂ ਦਾ ਇੰਤਜ਼ਾਰ ਕਰ ਰਿਹਾ ਹੈ, ਕਿਉਂਕਿ ਉਹ ਜਾਣਦਾ ਹੈ ਕਿ ਅਗਲੀ ਸਰਕਾਰ ਕਾਂਗਰਸ ਦੀ ਹੀ ਬਣਨ ਵਾਲੀ ਹੈ। 
ਦੂਜੇ ਪਾਸੇ ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਉਹ ਪਾਰਟੀ ਦੇ ਵਫਾਦਾਰ ਹਨ ਤੇ ਉਨ੍ਹਾਂ ਨੇ ਸਿਰਫ ਇਸ ਕਰਕੇ ਇਹ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਇਸ ਸਮੇਂ ਉਹ ਇਸ ਅਹੁਦੇ ਨੂੰ ਉਹ ਕੋਈ ਅਹਿਮੀਅਤ ਨਹੀਂ ਦਿੰਦੇ, ਕਿਉਂਕਿ ਉਨ੍ਹਾਂ ਦੇ ਹਲਕੇ ਦੇ ਲੋਕਾਂ ''ਤੇ ਅਜੇ ਵੀ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਦੀ ਤਲਵਾਰ ਲਟਕ ਰਹੀ ਹੈ, ਜਿਸ ਨੂੰ ਲੋਕਾਂ ਦੇ ਸਿਰ ਤੋਂ ਹਟਾਉਣਾ ਉਨ੍ਹਾਂ ਦਾ ਪਹਿਲਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੁੱਖ ਮੁੱਦਿਆਂ ਵਿਚ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਦੀ ਥਾਂ ਬਦਲਵਾਉਣੀ, ਜਲੰਧਰ ਛਾਉਣੀ ਦੀ ਚੁੰਗੀ ਖਤਮ ਕਰਵਾਉਣੀ, ਕੈਂਟ ਇਲਾਕੇ ਦੇ ਆਲੇ-ਦੁਆਲੇ ਪੈਰੀਫੇਰੀ ਰੋਡ ਬਣਾਉਣਾ, ਗੜ੍ਹੇ ਵਿਚ ਸ਼ਮਸ਼ਾਨਘਾਟ ਲਈ ਜਗ੍ਹਾ ਉਪਲਬਧ ਕਰਵਾਉਣਾ ਸ਼ਾਮਲ ਹਨ।

Babita Marhas

News Editor

Related News