ਪੁੱਛਗਿੱਛ ਦੌਰਾਨ ਹਨੀਪ੍ਰੀਤ ਨੂੰ ਲੈ ਕੇ ਘੁੰਮਣ ਵਾਲੇ ਡਰਾਈਵਰ ਦੀ ਮਿਲੀ ਜਾਣਕਾਰੀ
Thursday, Oct 05, 2017 - 02:26 PM (IST)
ਪੰਚਕੂਲਾ — 6 ਦਿਨਾਂ ਦੇ ਰਿਮਾਂਡ ਤੋਂ ਬਾਅਦ ਹਰਿਆਣਾ ਪੁਲਸ ਹਨੀਪ੍ਰੀਤ ਤੋਂ ਪੁੱਛਗਿੱਛ ਕਰ ਰਹੀ ਹੈ। ਹਰਿਆਣਾ ਪੁਲਸ ਦੀ ਐੱਸ.ਆਈ.ਟੀ. ਟੀਮ ਹਨੀਪ੍ਰੀਤ ਨੂੰ ਹੁਣ ਉਨ੍ਹਾਂ ਸਥਾਨਾਂ 'ਤੇ ਲੈ ਕੇ ਜਾਵੇਗੀ ਜਿਥੇ-ਜਿਥੇ ਉਹ ਰੁਕੀ ਸੀ। ਇਸ ਸਿਲਸਿਲੇ ਨੂੰ ਲੈ ਕੇ ਪੁਲਸ ਦੀ ਟੀਮ ਹਨੀਪ੍ਰੀਤ ਨੂੰ ਲੈ ਕੇ ਪੰਚਕੂਲਾ ਸੈਕਟਰ-23 ਦੇ ਚੰਡੀ ਮੰਦਿਰ ਥਾਣੇ ਦੇ ਸੈਕਟਰ-20 ਥਾਣੇ ਪੁੱਜੀ। ਹੁਣ ਇਸ ਸਥਾਨ ਤੋਂ ਹਨੀਪ੍ਰੀਤ ਨੂੰ ਬਠਿੰਡਾ ਲੈ ਕੇ ਜਾਇਆ ਜਾ ਰਿਹਾ ਹੈ, ਇਥੇ ਹੀ ਹਨੀਪ੍ਰੀਤ ਰਾਮ ਰਹੀਮ ਦੇ ਜੇਲ ਜਾਣ ਤੋਂ ਬਾਅਦ ਸੁਖਦੀਪ ਕੌਰ ਦੇ ਘਰ ਰੁਕੀ ਸੀ।
ਪੁਲਸ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ 4 ਦਿਨ ਤੋਂ ਸੁਖਦੀਪ ਹੀ ਹਨੀਪ੍ਰੀਤ ਦੀ ਗੱਡੀ ਚਲਾ ਰਹੀ ਸੀ ਅਤੇ ਚੰਡੀਗੜ੍ਹ ਦੇ ਆਸਪਾਸ ਦੇ ਇਲਾਕੇ 'ਚ ਤਿੰਨ ਜਗ੍ਹਾ 'ਤੇ ਉਸਦੇ ਨਾਲ ਰੁਕੀ ਸੀ। ਹੁਣ ਤੱਕ ਦੀ ਪੁੱਛਗਿੱਛ ਹਨੀਪ੍ਰੀਤ ਨੇ ਜ਼ਿਆਦਾ ਕੁਝ ਨਹੀਂ ਦੱਸਿਆ। ਆਈ.ਜੀ. ਮਮਤਾ ਦਾ ਕਹਿਣਾ ਹੈ ਕਿ ਹਨੀਪ੍ਰੀਤ ਨੇ ਜ਼ਿਆਦਾਤਰ ਸਵਾਲਾਂ ਦੇ ਜਵਾਬ ਨਾਂਹ 'ਚ ਦਿੱਤੇ ਹਨ । ਅਜੇ ਤੱਕ ਉਸਨੇ ਕਿਸੇ ਵੀ ਦੋਸ਼ ਨੂੰ ਸਵੀਕਾਰ ਨਹੀਂ ਕੀਤਾ। ਉਹ ਸਿਰਫ ਇਹ ਹੀ ਕਹਿ ਰਹੀ ਹੈ ਕਿ ਉਹ ਬੇਕਸੂਰ ਹੈ, ਉਸਨੇ ਕੁਝ ਨਹੀਂ ਕੀਤਾ, ਇਸ ਲਈ ਸਾਨੂੰ ਉਸਨੂੰ ਰਿਮਾਂਡ 'ਤੇ ਲੈਣਾ ਪਿਆ।
ਜ਼ਿਕਰਯੋਗ ਹੈ ਕਿ ਦੇਸ਼ਧ੍ਰੋਹ ਅਤੇ ਹਿੰਸਾ ਭੜਕਾਉਣ ਸਮੇਤ ਕਈ ਮਾਮਲਿਆਂ 'ਚ ਦੋਸ਼ੀ ਹਨੀਪ੍ਰੀਤ ਨੂੰ ਪੰਚਕੂਲਾ ਕੋਰਟ ਨੇ 6 ਦਿਨਾਂ ਦੀ ਪੁਲਸ ਰਿਮਾਂਡ 'ਤੇ ਭੇਜਿਆ ਹੈ। ਕੋਰਟ 'ਚ ਸੁਣਵਾਈ ਦੇ ਦੌਰਾਨ ਹਨੀਪ੍ਰੀਤ ਹੱਥ ਜੋੜ ਕੇ ਰੋਂਦੀ ਰਹੀ ਅਤੇ ਖੁਦ ਨੂੰ ਬੇਕਸੂਰ ਕਹਿੰਦੀ ਰਹੀ। ਹਰਿਆਣਾ ਪੁਲਸ ਨੇ 14 ਦਿਨ ਦੀ ਰਿਮਾਂਡ ਮੰਗੀ ਸੀ ਪਰ ਕੋਰਟ ਨੇ ਫਿਲਹਾਲ 6 ਦਿਨ ਦੀ ਹੀ ਰਿਮਾਂਡ ਦਿੱਤੀ ਹੈ। ਪੁਲਸ ਹਨੀਪ੍ਰੀਤ ਅਤੇ ਉਸਦਾ ਸਾਥੀ ਸੁਖਦੀਪ ਨਾਲ ਪੁੱਛਗਿੱਛ ਕਰ ਰਹੀ ਹੈ।
