ਸੁੱਖੇ ਤੇ ਭੱਟ ਨੂੰ ਫਾਂਸੀ ''ਤੇ ਲਟਕਾਇਆ ਜਾ ਸਕਦੈ ਤਾਂ ਟਾਈਟਲਰ ਨੂੰ ਕਿਉਂ ਨਹੀਂ? : ਭੋਮਾ

Wednesday, Feb 07, 2018 - 07:34 AM (IST)

ਸੁੱਖੇ ਤੇ ਭੱਟ ਨੂੰ ਫਾਂਸੀ ''ਤੇ ਲਟਕਾਇਆ ਜਾ ਸਕਦੈ ਤਾਂ ਟਾਈਟਲਰ ਨੂੰ ਕਿਉਂ ਨਹੀਂ? : ਭੋਮਾ

ਅੰਮ੍ਰਿਤਸਰ  (ਵਾਲੀਆ) - ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ, ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ, ਸਲਾਹਕਾਰ ਸਤਨਾਮ ਸਿੰਘ ਕੰਡਾ, ਅਮਰਜੀਤ ਸਿੰਘ ਪਠਾਨਕੋਟ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਲੀਲ ਅਤੇ ਹਰਵਿੰਦਰ ਸਿੰਘ ਬੱਬਲ ਐਡਵੋਕੇਟ, ਮੀਤ ਪ੍ਰਧਾਨ ਜਸਪਿੰਦਰ ਸਿੰਘ ਮਲੋਟ, ਸਕੱਤਰ ਜਨਰਲ ਵਿਕਰਮ ਗੁਲਜ਼ਾਰ ਸਿੰਘ ਖੋਜਕੀਪੁਰ ਤੇ ਸੀਨੀਅਰ ਫੈੱਡਰੇਸ਼ਨ ਆਗੂ ਕੁਲਦੀਪ ਸਿੰਘ ਪ੍ਰਧਾਨ ਮਜੀਠਾ ਨੇ ਇਕ ਸਾਂਝੇ ਬਿਆਨ 'ਚ ਕਿਹਾ ਕਿ ਜਗਦੀਸ਼ ਟਾਈਟਲਰ ਦੀ ਇਕ ਸਿਟਿੰਗ ਆਪ੍ਰੇਸ਼ਨ ਦੀ ਵੀਡੀਓ ਵਿਚ ਉਸ ਨੇ 100 ਸਿੱਖਾਂ ਦੇ ਕਤਲ 'ਚ ਆਪਣਾ ਹੱਥ ਕਬੂਲਿਆ ਹੈ, ਇਸ ਲਈ ਹੁਣ ਕਿਸੇ ਹੋਰ ਸਬੂਤ ਦੀ ਲੋੜ ਬਾਕੀ ਨਹੀਂ ਰਹਿ ਗਈ। ਉਸ ਵਿਰੁੱਧ 100 ਸਿੱਖਾਂ ਦੇ ਕਤਲ ਦਾ ਮੁਕੱਦਮਾ ਦਰਜ ਕਰ ਕੇ ਅਤੇ ਇਕ ਸਪੈਸ਼ਲ ਅਦਾਲਤ ਕਾਇਮ ਕਰ ਕੇ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
ਇਸੇ ਤਰ੍ਹਾਂ ਹੀ ਉਸ ਦਾ ਰਾਜੀਵ ਗਾਂਧੀ ਬਾਰੇ ਇਕਬਾਲੀਆ ਬਿਆਨ ਜੋ ਦਿੱਲੀ ਸਿੱਖ ਕਤਲੇਆਮ ਤੋਂ ਬਾਅਦ ਰਾਜੀਵ ਗਾਂਧੀ ਕਤਲੇਆਮ ਵਾਲੀਆਂ ਥਾਵਾਂ 'ਤੇ ਉਸ ਨਾਲ ਕਾਰ ਵਿਚ ਘੁੰਮਿਆ ਸੀ, ਦੀ ਸੀ. ਬੀ. ਆਈ. ਜਾਂਚ ਹੋਣੀ ਚਾਹੀਦੀ ਹੈ ਅਤੇ ਗਾਂਧੀ ਪਰਿਵਾਰ ਵਿਰੁੱਧ ਵੀ ਢੁੱਕਵੀਂ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਸਪੱਸ਼ਟ ਕਰੇ ਕਿ ਉਸ ਨੇ ਗਾਂਧੀ ਪਰਿਵਾਰ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਵਰਗੇ ਕਾਤਲਾਂ ਨੂੰ ਫੜ ਕੇ ਜੇਲਾਂ ਵਿਚ ਡੱਕਣਾ ਹੈ ਜਾਂ ਉਨ੍ਹਾਂ ਨੂੰ ਪਹਿਲਾਂ ਵਾਂਗ ਹੀ ਸੁਰੱਖਿਅਤ ਲਾਂਘਾ ਦੇਣਾ ਹੈ। ਦਿੱਲੀ ਸਿੱਖ ਕਤਲੇਆਮ ਸਮੇਂ ਰਾਜੀਵ ਗਾਂਧੀ ਨੇ ਖੁਦ ਬੋਲਿਆ ਸੀ ਕਿ 'ਜਬ ਬੜਾ ਪੇੜ ਗਿਰਤਾ ਹੈ ਤੋ ਧਰਤੀ ਹਿਲਤੀ ਹੈ।' ਉਨ੍ਹਾਂ ਕਿਹਾ ਕਿ ਜਦੋਂ ਕਾਤਲ ਹੀ ਖੁਦ ਆਪਣਾ ਜੁਰਮ ਕਬੂਲ ਕਰ ਲੈਣ ਤਾਂ ਉਨ੍ਹਾਂ ਨੂੰ ਨਿਆਂਪਾਲਿਕਾ ਅਤੇ ਦੇਸ਼ ਦੀ ਮੋਦੀ ਸਰਕਾਰ ਇਨ੍ਹਾਂ ਕਾਤਲਾਂ ਨੂੰ ਫੜ ਕੇ ਹੁਣ ਸਜ਼ਾਵਾਂ ਕਿਉਂ ਨਹੀਂ ਦਿੰਦੀ।
ਉਨ੍ਹਾਂ ਕਿਹਾ ਕਿ ਘੱਟ ਗਿਣਤੀਆਂ ਦੇ ਜ਼ਿੰਦਾ ਸੁੱਖੇ ਨੇ ਜਨਰਲ ਵੈਦਯਾ ਕਾਂਡ 'ਚ ਆਪਣਾ ਦੋਸ਼ ਕਬੂਲਿਆ ਸੀ ਤਾਂ ਉਨ੍ਹਾਂ ਨੂੰ ਦੇਸ਼ ਦੀ ਨਿਆਂਪ੍ਰਣਾਲੀ ਨੇ ਫਾਂਸੀ ਦੇ ਤਖ਼ਤੇ 'ਤੇ ਲਟਕਾ ਦਿੱਤਾ ਸੀ। ਇਸੇ ਤਰ੍ਹਾਂ ਜੰਮੂ-ਕਸ਼ਮੀਰ ਵਿਚ ਘੱਟ ਗਿਣਤੀਆਂ ਦੇ ਮਕਬੂਲ ਭੱਟ ਨੂੰ ਵੀ ਫਾਂਸੀ 'ਤੇ ਲਟਕਾ ਦਿੱਤਾ ਗਿਆ ਸੀ ਪਰ ਇਨ੍ਹਾਂ ਕਾਤਲਾ ਨੂੰ ਦੇਸ਼ ਦਾ ਕਿਹੜਾ ਜੱਜ ਅਤੇ ਕਿਹੜਾ ਪ੍ਰਧਾਨ ਮੰਤਰੀ ਸਜ਼ਾ ਸੁਣਾਏਗਾ। ਇਹ ਦੇਸ਼ ਦੇ ਹਾਕਮਾਂ ਲਈ ਹੁਣ ਇਮਤਿਹਾਨ ਦੀ ਘੜੀ ਹੈ। ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਅਤੇ ਮੋਦੀ ਸਰਕਾਰ ਵਿਚ ਕਿਤੇ ਇਹ ਸਮਝੌਤਾ ਤਾਂ ਨਹੀਂ ਹੋ ਗਿਆ ਕਿ ਤੁਸੀਂ ਸਾਨੂੰ ਦਿੱਲੀ ਸਿੱਖ ਕਤਲੇਆਮ ਮੁਆਫ ਕਰ ਦਿਓ, ਅਸੀਂ ਤੁਹਾਨੂੰ ਗੋਦਰਾ ਕਤਲੇਆਮ ਮੁਆਫ ਕਰ ਦਿੰਦੇ ਹਾਂ। ਘੱਟ ਗਿਣਤੀਆਂ ਨੂੰ ਨਾ ਤਾਂ ਦਿੱਲੀ ਵਿਚ ਇਨਸਾਫ ਮਿਲਿਆ ਹੈ ਤੇ ਨਾ ਹੀ ਗੋਦਰਾ ਕਾਂਡ ਵਿਚ। ਇਨ੍ਹਾਂ ਕਾਂਡਾਂ ਦੇ ਅਸਲ ਵੱਡੇ ਦੋਸ਼ੀ ਜੇਲਾਂ ਤੋਂ ਬਾਹਰ ਘੁੰਮਦੇ-ਫਿਰਦੇ ਹਨ, ਜਦੋਂ ਕਿ ਇਨ੍ਹਾਂ ਦੀ ਅਸਲ ਜਗ੍ਹਾ ਜੇਲ ਵਿਚ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਵਾਰ-ਵਾਰ ਦਿੱਲੀ ਸਿੱਖ ਕਤਲੇਆਮ ਭੁੱਲਣ ਦੀਆਂ ਨਸੀਹਤਾਂ ਦਿੱਤੀਆਂ ਜਾਂਦੀਆਂ ਹਨ ਪਰ ਸਿੱਖ ਕੌਮ ਇਸ ਕਤਲੇਆਮ ਨੂੰ ਕਦੇ ਵੀ ਭੁਲਾ ਨਹੀਂ ਸਕਦੀ। ਉਨ੍ਹਾਂ ਕਾਂਗਰਸ ਵਿਰੋਧੀ ਸਾਰੀਆਂ ਪਾਰਟੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮੋਦੀ 'ਤੇ ਲੋਕ ਸਭਾ ਵਿਚ ਦਬਾਅ ਬਣਾਉਣ ਅਤੇ ਸਿੱਖਾਂ ਨੂੰ ਇਨਸਾਫ ਦਿਵਾਉਣ।


Related News