ਹੋਲਸੇਲ ਤੇ ਰਿਟੇਲ ਕਲਾਥ ਮਰਚੈਂਟਸ ਦੀਆਂ ਦੁਕਾਨਾਂ ਅੱਜ ਰਹਿਣਗੀਆਂ ਬੰਦ

Thursday, Jun 15, 2017 - 12:13 AM (IST)

ਹੋਲਸੇਲ ਤੇ ਰਿਟੇਲ ਕਲਾਥ ਮਰਚੈਂਟਸ ਦੀਆਂ ਦੁਕਾਨਾਂ ਅੱਜ ਰਹਿਣਗੀਆਂ ਬੰਦ

ਹੁਸ਼ਿਆਰਪੁਰ,   (ਘੁੰਮਣ)-  ਕੇਂਦਰ ਸਰਕਾਰ ਵੱਲੋਂ 1 ਜੁਲਾਈ ਤੋਂ ਦੇਸ਼ ਭਰ 'ਚ ਲਾਗੂ ਕੀਤੇ ਜਾ ਰਹੇ ਗੁਡਜ਼ ਐਂਡ ਸਰਵਿਸ ਟੈਕਸ (ਜੀ. ਐੱਸ. ਟੀ.) ਦੀਆਂ ਬਾਰੀਕੀਆਂ ਤੇ ਝਮੇਲਿਆਂ ਕਾਰਨ ਹਰ ਟਰੇਡ ਦੇ ਵਪਾਰੀਆਂ 'ਚ ਹਾਹਾਕਾਰ ਮਚ ਗਈ ਹੈ। ਨਵੀਂ ਟੈਕਸ ਪ੍ਰਣਾਲੀ ਦਾ ਹਰ ਛੋਟੇ ਤੇ ਵੱਡੇ ਦੁਕਾਨਦਾਰ ਵੱਲੋਂ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਆਲ ਇੰਡੀਆ ਹੋਲਸੇਲ ਐਂਡ ਰਿਟੇਲ ਕਲਾਥ ਮਰਚੈਂਟਸ ਐਸੋਸੀਏਸ਼ਨ ਦੇ ਸੱਦੇ 'ਤੇ 15 ਜੂਨ ਨੂੰ ਜ਼ਿਲੇ ਭਰ 'ਚ ਕੱਪੜੇ ਦੀਆਂ ਸਾਰੀਆਂ ਥੋਕ ਤੇ ਪ੍ਰਚੂਨ ਦੀਆਂ ਦੁਕਾਨਾਂ ਬੰਦ ਰਹਿਣਗੀਆਂ। 
ਉਕਤ ਜਾਣਕਾਰੀ ਅੱਜ ਇਥੇ ਹੁਸ਼ਿਆਰਪੁਰ ਰਿਟੇਲ ਮਰਚੈਂਟਸ ਕਲਾਥ ਐਸੋਸੀਏਸ਼ਨ ਦੇ ਪ੍ਰਧਾਨ ਬਿੰਦੂਸਾਰ ਸੂਦ ਤੇ ਜਨਰਲ ਸਕੱਤਰ ਅਸ਼ੋਕ ਮਹਾਵੀਰ ਨੇ ਐਸੋਸੀਏਸ਼ਨ ਦੀ ਮੀਟਿੰਗ ਤੋਂ ਬਾਅਦ ਦਿੱਤੀ। ਇਸ ਮੀਟਿੰਗ 'ਚ ਸਰਬ-ਸੰਮਤੀ ਨਾਲ ਇਕ ਪ੍ਰਸਤਾਵ 'ਚ ਕੇਂਦਰ ਸਰਕਾਰ ਵੱਲੋਂ ਕੱਪੜੇ 'ਤੇ ਜੀ. ਐੱਸ. ਟੀ. ਲਾਗੂ ਕੀਤੇ ਜਾਣ ਦੇ ਫੈਸਲੇ ਦਾ ਸਖਤ ਵਿਰੋਧ ਕੀਤਾ ਗਿਆ। ਸੂਦ ਨੇ ਦੱਸਿਆ ਕਿ ਦੁਕਾਨਾਂ ਬੰਦ ਕਰ ਕੇ ਸਾਰੇ ਵਪਾਰੀ ਚੌਕ ਕਣਕ ਮੰਡੀ 'ਚ ਇਕੱਠੇ ਹੋਣਗੇ, ਜਿੱਥੇ ਰੈਲੀ ਉਪਰੰਤ ਇਕ ਵਫਦ ਡੀ. ਸੀ. ਵਿਪੁਲ ਉੱਜਵਲ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਮੰਗ-ਪੱਤਰ ਸੌਂਪੇਗਾ। ਕੱਪੜਾ ਵਪਾਰੀਆਂ ਨੇ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਦੇ ਹੋਏ ਇਸ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲੈਣ ਦੀ ਪੁਰਜ਼ੋਰ ਮੰਗ ਕੀਤੀ। 
ਮੀਟਿੰਗ 'ਚ ਐਸੋਸੀਏਸ਼ਨ ਦੇ ਉਪ ਪ੍ਰਧਾਨ ਵਿਜੇਸ਼ ਗੁਪਤਾ, ਖਜ਼ਾਨਚੀ ਦੀਪਕ ਜੈਨ, ਕਾਰਜਕਾਰਨੀ ਮੈਂਬਰ ਅਸ਼ੋਕ ਜੈਨ, ਸੁਸ਼ੀਲ ਜੈਨ, ਰਾਜਿੰਦਰ, ਰਾਜੇਸ਼ ਜੈਨ, ਰਮੇਸ਼ ਭਾਟੀਆ, ਮਨਜੀਤ ਸਿੰਘ, ਦਰਪਣ ਗੁਪਤਾ, ਸਵਰਨ ਸਿੰਘ, ਤਜਿੰਦਰ ਕੁਮਾਰ, ਗੁਰਜੀਤ ਸਿੰਘ ਤੇ ਨਿਖਿਲ ਖੰਨਾ ਵੀ ਮੌਜੂਦ ਸਨ।


Related News