ਬਜ਼ੁਰਗ ਮਾਂ ਨਾਲ ਰਹਿੰਦੇ ਅੱਧਖੜ ਨੇ ਲਿਆ ਫਾਹਾ
Monday, Feb 19, 2018 - 06:56 AM (IST)

ਜਲੰਧਰ, (ਮ੍ਰਿਦੁਲ ਸ਼ਰਮਾ, ਕਮਲੇਸ਼)— 31 ਸਾਲ ਤੋਂ ਪਤਨੀ ਦੇ ਛੱਡ ਜਾਣ ਦਾ ਤਣਾਅ ਝੱਲ ਰਹੇ ਕੈਂਟ ਦੇ ਮੁਹੱਲਾ ਨੰਬਰ-17 ਦੇ ਨਿਵਾਸੀ ਕੁਲਵੰਤ ਰਾਏ ਉਰਫ ਕੁੱਲੂ (52) ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਮੌਕੇ 'ਤੇ ਪਹੁੰਚੀ ਥਾਣਾ ਕੈਂਟ ਦੀ ਪੁਲਸ ਨੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ।
ਮ੍ਰਿਤਕ ਦੀ ਮਾਂ ਕੌਸ਼ੱਲਿਆ (70) ਨੇ ਸਬ ਇੰਸਪੈਕਟਰ ਸੰਜੀਵ ਕੁਮਾਰ ਨੂੰ ਦੱਸਿਆ ਕਿ ਉਸਦਾ ਪੁੱਤਰ ਕੁਲਵੰਤ ਰਾਏ ਕਾਫੀ ਦੇਰ ਤੋਂ ਇਕੱਲਾ ਰਹਿੰਦਾ ਸੀ। ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਉਸਦਾ ਭਰਾ ਖਰੜ 'ਚ ਬੀ. ਐੱਸ. ਐੱਫ. ਦਾ ਮੁਲਾਜ਼ਮ ਹੈ। 31 ਸਾਲ ਪਹਿਲਾਂ ਕੁਲਵੰਤ ਦੀ ਪਤਨੀ ਉਸ ਨੂੰ ਛੱਡ ਗਈ ਸੀ ਅਤੇ ਉਹ ਘਰ 'ਚ ਭਰਾ ਅਤੇ ਆਪਣੀ ਮਾਂ (ਮੇਰੇ) ਨਾਲ ਹੀ ਰਹਿੰਦਾ ਸੀ। 3 ਦਿਨ ਪਹਿਲਾਂ ਉਹ ਸਾਡੇ ਦੋਵਾਂ ਨਾਲ ਆਪਣੇ ਭਾਣਜੇ ਦੇ ਵਿਆਹ ਦਿੱਲੀ ਗਿਆ ਸੀ। ਬਜ਼ੁਰਗ ਹੋਣ ਦੇ ਬਾਵਜੂਦ ਉਹ ਆਪਣੇ ਪੁੱਤਰ ਕੁਲਵੰਤ ਦੀ ਦੇਖਭਾਲ ਕਰਦੀ ਸੀ। ਸ਼ਨੀਵਾਰ ਨੂੰ ਕੁਲਵੰਤ ਖਾਣਾ ਖਾ ਕੇ ਆਪਣੇ ਕਮਰੇ 'ਚ ਚਲਾ ਗਿਆ। ਸਵੇਰੇ ਜਦੋਂ ਆਵਾਜ਼ ਲਾਉਣ ਦੇ ਬਾਵਜੂਦ ਨਹੀਂ ਉਠਿਆ ਤਾਂ ਉਸ ਨੇ ਗੁਆਂਢੀਆਂ ਨੂੰ ਉਪਰ ਜਾ ਕੇ ਦੇਖਣ ਨੂੰ ਕਿਹਾ। ਜਦੋਂ ਗੁਆਂਢੀਆਂ ਨੇ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਕੁਲਵੰਤ ਨੇ ਕਮਰੇ 'ਚ ਰਾਡ ਨਾਲ ਦੁਪੱਟਾ ਬੰਨ੍ਹ ਕੇ ਫਾਹਾ ਲਾਇਆ ਹੋਇਆ ਸੀ।