ਕੈਪਟਨ ਦੇ ਮੰਤਰੀਆਂ ਨੇ ਫੂਲਕਾ ਖਿਲਾਫ ਖੋਲ੍ਹਿਆ ਮੋਰਚਾ
Sunday, Aug 11, 2019 - 06:53 PM (IST)

ਚੰਡੀਗੜ੍ਹ : ਵਿਧਾਨ ਸਭਾ 'ਚ ਬੇਅਦਬੀ ਮਾਮਲੇ 'ਤੇ ਆਵਾਜ਼ ਚੁੱਕਣ ਵਾਲੇ ਵਿਧਾਇਕਾਂ ਨੂੰ ਅਸਤੀਫਿਆਂ ਦੀ ਝੜੀ ਲਾਉਣ ਦੀ ਵੰਗਾਰ ਪਾਉਣ ਵਾਲੇ ਪਦਮਸ੍ਰੀ ਐੱਚ. ਐੱਸ. ਫੂਲਕਾ ਦੇ ਵਿਰੋਧ 'ਚ ਕੈਪਟਨ ਦੇ ਮੰਤਰੀ ਖੁੱਲ੍ਹ ਕੇ ਨਿੱਤਰ ਆਏ ਹਨ। ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸਰਕਾਰੀਆ ਤੇ ਗੁਰਪ੍ਰੀਤ ਸਿੰਘ ਕਾਂਗੜ ਐੱਚ. ਐੱਸ. ਫੂਲਕਾ ਨੂੰ ਭਾਜਪਾ ਸਰਕਾਰ ਵੱਲੋਂ ਦਿੱਤਾ ਗਿਆ ਪਦਮਸ੍ਰੀ ਸਨਮਾਨ ਵੀ ਵਾਪਸ ਕਰਨ ਦੀ ਨਸੀਹਤ ਦਿੱਤੀ ਹੈ। ਉਨ੍ਹਾਂ ਫੂਲਕਾ ਵੱਲੋਂ ਬਰਗਾੜੀ ਮੁੱਦੇ 'ਤੇ ਦਿੱਤਾ ਅਸਤੀਫਾ ਵੀ ਮਹਿਜ਼ 'ਸਿਆਸੀ ਸਟੰਟ' ਕਰਾਰ ਦਿੱਤਾ ਹੈ। ਉਨ੍ਹਾਂ ਫੂਲਕਾ ਦੇ ਅਸਤੀਫੇ ਦੇ ਕਦਮ 'ਤੇ ਚੁਟਕੀ ਲੈਂਦਿਆਂ ਉਨ੍ਹਾਂ ਦੇ ਮਨਸੂਬਿਆਂ 'ਤੇ ਸਵਾਲ ਖੜ੍ਹੇ ਕੀਤੇ ਹਨ। ਉਕਤ ਮੰਤਰੀਆਂ ਨੇ ਕਿਹਾ ਕਿ ਪੰਜਾਬ ਵਿਚ ਫੂਲਕਾ ਦੀ ਸਿਆਸੀ ਅਹਿਮੀਅਤ ਘੱਟ ਰਹੀ ਹੈ, ਲਿਹਾਜ਼ਾ ਉਹ ਸੁਰਖੀਆਂ 'ਚਰਹਿਣ ਲਈ ਡਰਾਮੇਬਾਜ਼ੀ ਕਰ ਰਹੇ ਹਨ।
ਇਥੇ ਦੱਸਣਯੋਗ ਹੈ ਕਿ ਸਾਬਕਾ 'ਆਪ' ਆਗੂ ਅਤੇ ਵਿਧਾਇਕ ਪਦਮਸ੍ਰੀ ਐੱਚ. ਐੱਸ. ਫੂਲਕਾ ਨੇ ਸ਼ਨੀਵਾਰ ਨੂੰ ਵਿਧਾਨ ਸਭਾ ਵਿਚ ਬਰਗਾੜੀ ਮੁੱਦਾ ਚੁੱਕਣ ਵਾਲੇ ਸਾਰੇ ਵਿਧਾਇਕਾਂ ਨੂੰ ਅਸਤੀਫ਼ਾ ਦੇਣ ਲਈ ਕਿਹਾ ਸੀ। ਫੂਲਕਾ ਨੇ ਸਾਫ ਕਿਹਾ ਕਿ ਜੇਕਰ ਤੁਸੀਂ ਵਿਧਾਨ ਸਭਾ ਵਿਚ ਬੈਠ ਕੇ ਕੁਝ ਨਹੀਂ ਕਰ ਸਕਦੇ ਤਾਂ ਤੁਹਾਡਾ ਉਥੇ ਬੈਠਣ ਦਾ ਕੋਈ ਫਾਇਦਾ ਨਹੀਂ ਹੈ, ਲਿਹਾਜ਼ਾ ਤੁਹਾਨੂੰ ਵਿਧਾਨ ਸਭਾ 'ਚੋਂ ਅਸਤੀਫਾ ਦੇ ਕੇ ਸਰਕਾਰ 'ਤੇ ਦਬਾਅ ਬਣਾਉਣਾ ਚਾਹੀਦਾ ਹੈ।
ਐਤਵਾਰ ਨੂੰ ਇਥੇ ਇਕ ਸਾਂਝੇ ਬਿਆਨ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸਰਕਾਰੀਆ ਤੇ ਗੁਰਪ੍ਰੀਤ ਸਿੰਘ ਕਾਂਗੜ ਨੇ ਵਿਧਾਇਕਾਂ ਦੇ ਅਸਤੀਫੇ ਦੀ ਬੇਤੁਕੀ ਤੇ ਉਕਸਾਉਣ ਵਾਲੀ ਮੰਗ ਲਈ ਫੂਲਕਾ ਨੂੰ ਕਰੜੇ ਹੱਥੀਂ ਲਿਆ। ਮੰਤਰੀਆਂ ਨੇ ਕਿਹਾ ਕਿ ਜੇ ਫੂਲਕਾ ਸੱਚਮੁੱਚ ਇਸ ਮੁੱਦੇ 'ਤੇ ਇਸ ਦੇ ਪ੍ਰਭਾਵ ਬਾਰੇ ਚਿੰਤਤ ਸਨ ਤਾਂ ਉਨ੍ਹਾਂ ਨੂੰ ਐੱਨ. ਡੀ. ਏ. ਸਰਕਾਰ ਵੱਲੋਂ ਦਿੱਤਾ ਪਦਮਸ੍ਰੀ ਸਨਮਾਨ ਵੀ ਵਾਪਸ ਕਰਨਾ ਚਾਹੀਦਾ ਸੀ ਜਿਸ ਨੇ ਸੀ. ਬੀ. ਆਈ. 'ਤੇ ਸੰਵੇਦਨਸ਼ੀਲ ਬਰਗਾੜੀ ਕੇਸ ਵਿਚ ਕਲੋਜ਼ਰ ਰਿਪੋਰਟ ਦਾਇਰ ਕਰਨ ਲਈ ਦਬਾਅ ਪਾਇਆ ਸੀ। ਉਨ੍ਹਾਂ ਕਿਹਾ ਕਿ ਹੁਣ ਮਹਿਜ਼ ਫੂਲਕਾ ਲੋਕਾਂ ਦਾ ਧਿਆਨ ਭਟਕਾਉਣ ਦਾ ਯਤਨ ਕਰ ਰਹੇ ਹਨ।