ਜਿਮਖਾਨਾ ਕਲੱਬ ਨੇ 1328 ਮੈਂਬਰਾਂ ਨੂੰ ਭੇਜਿਆ ਨੋਟਿਸ

09/10/2017 7:11:39 AM

ਜਲੰਧਰ, (ਖੁਰਾਣਾ)- ਸ਼ਹਿਰ ਦੇ ਸਨਮਾਨਿਤ ਜਲੰਧਰ ਜਿਮਖਾਨਾ ਕਲੱਬ ਨੇ ਆਪਣੇ 1328 ਮੈਂਬਰਾਂ ਨੂੰ ਨੋਟਿਸ ਭੇਜ ਕੇ ਬਕਾਇਆ ਪੈਸਿਆਂ ਦੀ ਮੰਗ ਕੀਤੀ ਹੈ। ਇਨ੍ਹਾਂ ਮੈਂਬਰਾਂ ਵੱਲ ਕਲੱਬ ਦਾ 96 ਲੱਖ ਰੁਪਏ ਬਕਾਇਆ ਖੜ੍ਹਾ ਹੈ। ਨੋਟਿਸ ਮਿਲਣ ਤੋਂ ਬਾਅਦ ਭਾਰੀ ਗਿਣਤੀ 'ਚ ਕਲੱਬ ਮੈਂਬਰ ਪੈਸੇ ਜਮ੍ਹਾ ਕਰਵਾਉਣ ਲਈ ਅੱਗੇ ਆ ਰਹੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕਲੱਬ ਨੇ ਆਪਣੇ 46 ਮੈਂਬਰਾਂ ਨੂੰ ਡਿਫਾਲਟਰ ਐਲਾਨ ਕਰ ਕੇ ਕਲੱਬ 'ਚੋਂ ਕੱਢ ਦਿੱਤਾ ਹੈ, ਜੇਕਰ ਇਨ੍ਹਾਂ ਮੈਂਬਰਾਂ ਨੇ ਆਪਣੀ ਮੈਂਬਰਸ਼ਿਪ ਵਾਪਸ ਲੈਣੀ ਹੈ ਤਾਂ ਉਨ੍ਹਾਂ ਨੂੰ ਜਿਥੇ ਪੂਰੀ ਰਕਮ ਜਮ੍ਹਾ ਕਰਵਾਉਣੀ ਪਵੇਗੀ, ਉਥੇ 50 ਹਜ਼ਾਰ ਰੁਪਏ ਜੁਰਮਾਨਾ ਵੱਖਰੇ ਤੌਰ 'ਤੇ ਭਰਨਾ ਪਵੇਗਾ। ਅਜੇ ਤੱਕ ਇਕ ਵੀ ਅਜਿਹੇ ਮੈਂਬਰ ਨੇ ਆਪਣੀ ਮੈਂਬਰਸ਼ਿਪ ਦੁਬਾਰਾ ਜੁਆਇਨ ਨਹੀਂ ਕੀਤੀ।
ਇਸ ਸੂਚੀ ਵਿਚ ਕਈ ਸੀਨੀਅਰ ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ-ਨਾਲ ਰਾਜਨੀਤਿਕ ਤੇ ਸਪੋਰਟਸ ਪਰਸਨਲ ਅਨੁਰਾਗ ਧੂਮਲ ਵੀ ਸ਼ਾਮਿਲ ਹਨ। ਸੂਚੀ ਵਿਚ ਸਭ ਤੋਂ ਵੱਧ ਬਕਾਇਆ ਕਲੱਬ ਦੇ ਪੁਰਾਣੇ ਮੈਂਬਰ ਤੇ ਸਿਨੇਮਾ ਕਾਰੋਬਾਰ ਨਾਲ ਜੁੜੇ ਰਹੇ ਪੰਕਜ ਕਪੂਰ ਵੱਲ ਹੈ, ਜਿਨ੍ਹਾਂ ਕੋਲੋਂ ਕਲੱਬ ਨੇ ਜੁਲਾਈ 2017 ਤੱਕ 54260 ਰੁਪਏ ਲੈਣੇ ਹਨ। ਜਿਮਖਾਨਾ ਕਲੱਬ ਮੈਨੇਜਮੈਂਟ ਨੇ ਹਾਲ ਹੀ 'ਚ ਜਿਨ੍ਹਾਂ 1328 ਮੈਂਬਰਾਂ ਨੂੰ ਨੋਟਿਸ ਭੇਜੇ ਹਨ, ਉਨ੍ਹਾਂ ਵੱਲ 3000 ਰੁਪਏ ਤੋਂ ਵੱਧ ਬਕਾਇਆ ਖੜ੍ਹਾ ਹੈ।
ਕਲੱਬ 'ਚ ਦੁਬਾਰਾ ਸ਼ੁਰੂ ਹੋਈ ਵਿਕਾਸ ਦੀ ਲਹਿਰ- ਕੁਝ ਸਮੇਂ ਤੋਂ ਬਾਅਦ ਜਲੰਧਰ ਜਿਮਖਾਨਾ ਕਲੱਬ ਵਿਚ ਵਿਕਾਸ ਦੀ ਨਵੀਂ ਲਹਿਰ ਸ਼ੁਰੂ ਹੋਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਡਵੀਜ਼ਨਲ ਕਮਿਸ਼ਨਰ ਹਰਭੁਪਿੰਦਰ ਸਿੰਘ ਨੰਦਾ ਨੇ ਆਪਣੇ ਕਾਰਜਕਾਲ ਦੌਰਾਨ ਜ਼ਬਰਦਸਤ ਵਿਕਾਸ ਕਾਰਜ ਕਰਵਾਉਣ ਵਿਚ ਸਹਿਯੋਗ ਦਿੱਤਾ ਸੀ ਤੇ ਨਵੇਂ ਡਵੀਜ਼ਨਲ ਕਮਿਸ਼ਨਰ ਡਾ. ਰਾਜ ਕਮਲ ਚੌਧਰੀ ਵੀ ਵਿਕਾਸ ਪ੍ਰਾਜੈਕਟਾਂ ਨੂੰ ਅੱਗੇ ਵਧਾ ਰਹੇ ਹਨ। ਕਲੱਬ ਸੈਕਟਰੀ ਸੰਦੀਪ ਬਹਿਲ ਦੀ ਅਗਵਾਈ ਵਿਚ ਨਵੀਂ ਟੀਮ ਨੇ ਕਲੱਬ 'ਚ ਲਿਫਟ ਲਵਾਉਣ ਦਾ ਕੰਮ ਲਗਭਗ ਪੂਰਾ ਕਰ ਲਿਆ ਹੈ, ਜਿਸ 'ਤੇ ਲਗਭਗ 30 ਲੱਖ ਰੁਪਏ ਖਰਚਾ ਆਇਆ ਹੈ। ਆਉਣ ਵਾਲੇ ਦਿਨਾਂ ਵਿਚ ਰੈਸਟੋਰੈਂਟ, ਕਿੱਟੀ ਹਾਲ, ਸਨੂਕਰ ਰੂਮ ਤੇ ਉਸ ਤੋਂ ਉਪਰਲੀ ਛੱਤ ਤੱਕ ਜਾਣ ਲਈ ਲਿਫਟ ਦੀ ਵਰਤੋਂ ਕੀਤੀ ਜਾਣ ਲੱਗੇਗੀ। ਇਸ ਤੋਂ ਇਲਾਵਾ ਕਲੱਬ ਵਿਚ ਨਵਾਂ ਐਡਮਨਿਸਟ੍ਰੇਟਿਵ ਬਲਾਕ ਵੀ ਲਗਭਗ ਤਿਆਰ ਹੋ ਚੁੱਕਾ ਹੈ, ਜਿਸ ਦਾ ਫਨਿਸ਼ਿੰਗ ਟੱਚ ਬਾਕੀ ਹੈ।
ਇਸ ਪ੍ਰਾਜੈਕਟ 'ਤੇ 50 ਲੱਖ ਰੁਪਏ ਦੇ ਕਰੀਬ ਰਾਸ਼ੀ ਖਰਚ ਹੋਵੇਗੀ, ਜਿਸ ਦੇ ਤਹਿਤ ਸੈਕਟਰੀ ਤੇ ਹੋਰ ਤਿੰਨੇ ਅਹੁਦੇਦਾਰਾਂ ਦੇ ਆਫਿਸ, ਅਕਾਊਂਟ ਬਲਾਕ, ਸਟੋਰ, ਆਈ. ਟੀ. ਰੂਮ ਆਦਿ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਮੌਜੂਦਾ ਸਮੇਂ ਵਿਚ ਜਿਥੇ ਐਡਮਨਿਸਟ੍ਰੇਟਿਵ ਬਲਾਕ ਤੇ ਸੈਕਟਰੀ ਰੂਮ ਸਥਿਤ ਹੈ, ਉਥੇ ਪੁਰਾਤਨ ਸ਼ੈਲੀ ਦਾ ਆਧੁਨਿਕ ਕੌਫੀ ਬਾਰ ਬਣਾਉਣ ਦੀ ਯੋਜਨਾ ਹੈ, ਜਿਸ ਨੂੰ ਅਗਲੇ ਪੜਾਅ ਵਿਚ ਸ਼ੁਰੂ ਕੀਤਾ ਜਾ ਰਿਹਾ ਹੈ।


Related News