ਅੰਮ੍ਰਿਤਪਾਲ ਮਹਿਰੋਂ ਦੀ ਮੋਗਾ ਅਦਾਲਤ ''ਚ ਪੇਸ਼ੀ, ਗੰਨ ਕਲਚਲ ਮਾਮਲੇ ''ਚ ਹੋਈ ਕਾਰਵਾਈ
Tuesday, Sep 22, 2026 - 04:30 PM (IST)
ਮੋਗਾ (ਕਸ਼ਿਸ਼ ਸਿੰਗਲਾ) : ਕਮਲ ਕੌਰ ਭਾਬੀ ਦੇ ਕਤਲਕਾਂਡ ਮਾਮਲੇ 'ਚ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਅੱਜ ਮੋਗਾ ਅਦਾਲਤ 'ਚ ਪੇਸ਼ ਕੀਤਾ ਗਿਆ। ਜਾਣਕਾਰੀ ਅਨੁਸਾਰ ਥਾਣਾ ਮਹਿਣਾ, ਮੋਗਾ 'ਚ ਦਰਜ ਮਾਮਲੇ ਤਹਿਤ ਇਹ ਪੇਸ਼ੀ ਗੰਨ ਕਲਚਰ ਨੂੰ ਕਥਿਤ ਤੌਰ ’ਤੇ ਪ੍ਰਮੋਟ ਕਰਨ ਨਾਲ ਸਬੰਧਿਤ ਮਾਮਲੇ 'ਚ ਹੋਈ। ਅੱਜ ਦੀ ਪੇਸ਼ੀ ਥਾਣਾ ਮਹਿਣਾ ਵਿੱਚ ਦਰਜ ਮਾਮਲੇ ਨਾਲ ਸਬੰਧਿਤ ਦੱਸੀ ਜਾ ਰਹੀ ਹੈ, ਜਿਸ ਵਿੱਚ ਗੰਨ ਕਲਚਰ ਨੂੰ ਕਥਿਤ ਤੌਰ ’ਤੇ ਪ੍ਰਮੋਟ ਕਰਨ ਦੇ ਦੋਸ਼ ਲੱਗੇ ਹਨ। ਇਸੇ ਮਾਮਲੇ ਵਿੱਚ ਅੱਜ ਉਸ ਨੂੰ ਮੋਗਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਮਾਮਲੇ ਨਾਲ ਸਬੰਧਿਤ ਰਿਕਾਰਡ ਅਤੇ ਕਾਨੂੰਨੀ ਪੱਖਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਅਗਲੀ ਕਾਰਵਾਈ ਅਦਾਲਤ ਦੇ ਹੁਕਮਾਂ ਅਨੁਸਾਰ ਹੋਵੇਗੀ। ਦੱਸਣਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਨਾਂ ਪੰਜਾਬ 'ਚ ਸੋਸ਼ਲ ਮੀਡੀਆ ਇੰਫਲੂਐਂਸਰ ਕੰਚਨ ਕੁਮਾਰੀ ਉਰਫ਼ ‘ਕਮਲ ਕੌਰ ਭਾਬੀ’ ਦੇ ਕਤਲ ਮਾਮਲੇ ਤੋਂ ਬਾਅਦ ਵੱਡੇ ਪੱਧਰ ’ਤੇ ਚਰਚਾ ਵਿੱਚ ਆਇਆ ਸੀ। ਬਠਿੰਡਾ ਪੁਲਸ ਦੀ ਜਾਂਚ 'ਚ ਉਸ ਨੂੰ ਇਸ ਮਾਮਲੇ ਦਾ ਮੁੱਖ ਮੁਲਜ਼ਮ ਦੱਸਿਆ ਗਿਆ ਸੀ। ਪੁਲਸ ਅਨੁਸਾਰ ਕਤਲ ਤੋਂ ਬਾਅਦ ਮਹਿਰੋਂ ਵਿਦੇਸ਼ ਚਲਾ ਗਿਆ ਸੀ ਅਤੇ ਉਸ ਖ਼ਿਲਾਫ਼ ਲੁੱਕਆਊਟ ਸਰਕੁਲਰ ਵੀ ਜਾਰੀ ਕੀਤਾ ਗਿਆ ਸੀ।
ਕਤਲ ਤੋਂ ਬਾਅਦ ਵਿਦੇਸ਼ ਚਲਾ ਗਿਆ ਸੀ ਮਹਿਰੋਂ
ਪੁਲਸ ਦੇ ਅਨੁਸਾਰ ਕਮਲ ਕੌਰ ਭਾਬੀ ਦੇ ਕਤਲ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਮਹਿਰੋਂ ਵਿਦੇਸ਼ ਚਲਾ ਗਿਆ ਸੀ। ਉਸ ਦੀ ਭਾਲ ਲਈ ਪੰਜਾਬ ਪੁਲਸ ਵੱਲੋਂ ਲੁੱਕਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ। ਬਾਅਦ ਵਿੱਚ ਉਹ ਸੰਯੁਕਤ ਅਰਬ ਅਮੀਰਾਤ ਤੋਂ ਡਿਪੋਰਟ ਹੋ ਕੇ ਭਾਰਤ ਲਿਆਂਦਾ ਗਿਆ ਅਤੇ ਅਪ੍ਰੈਲ 2026 ਵਿੱਚ ਦਿੱਲੀ ਦੇ ਆਈਜੀਆਈ ਹਵਾਈ ਅੱਡੇ ’ਤੇ ਪੰਜਾਬ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ। ਭਾਰਤ ਵਾਪਸੀ ਤੋਂ ਬਾਅਦ ਉਸ ਨੂੰ ਬਠਿੰਡਾ ਲਿਜਾ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਉਸ ਸਮੇਂ ਅਦਾਲਤ ਵੱਲੋਂ ਉਸ ਨੂੰ ਪੁਲਸ ਰਿਮਾਂਡ ਦਿੱਤਾ ਗਿਆ ਸੀ ਤਾਂ ਜੋ ਜਾਂਚ ਅਧਿਕਾਰੀ ਕਤਲ ਮਾਮਲੇ ਨਾਲ ਜੁੜੇ ਹੋਰ ਪੱਖਾਂ ਬਾਰੇ ਪੁੱਛਗਿੱਛ ਕਰ ਸਕਣ।
ਕਤਲ ਮਾਮਲੇ ਵਿੱਚ ਚਾਰਜ ਵੀ ਤੈਅ ਹੋ ਚੁੱਕੇ ਹਨ
ਅਗਸਤ 2026 ਵਿੱਚ ਬਠਿੰਡਾ ਅਦਾਲਤ ਵੱਲੋਂ ਅੰਮ੍ਰਿਤਪਾਲ ਸਿੰਘ ਮਹਿਰੋਂ ਅਤੇ ਰਣਜੀਤ ਸਿੰਘ ਖ਼ਿਲਾਫ਼ ਕਤਲ ਦੇ ਦੋਸ਼ ਤੈਅ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਸੀ। ਇਸ ਤੋਂ ਬਾਅਦ ਮਾਮਲਾ ਗਵਾਹੀਆਂ ਅਤੇ ਸਬੂਤਾਂ ਦੀ ਪ੍ਰਕਿਰਿਆ ਵੱਲ ਵਧਿਆ। ਰਿਪੋਰਟਾਂ ਅਨੁਸਾਰ ਅਦਾਲਤ ਨੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 103 ਤਹਿਤ ਦੋਸ਼ ਤੈਅ ਕੀਤੇ ਸਨ। ਪੁਲਸ ਨੇ ਇਸ ਮਾਮਲੇ ਵਿੱਚ ਅੰਮ੍ਰਿਤਪਾਲ ਮਹਿਰੋਂ ਤੋਂ ਇਲਾਵਾ ਹੋਰ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਹੈ। ਮਈ 2026 ਵਿੱਚ ਬਠਿੰਡਾ ਪੁਲਿਸ ਵੱਲੋਂ ਪੰਜਵੇਂ ਮੁਲਜ਼ਮ ਵਜੋਂ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਦਾ ਨਾਮ ਸਾਹਮਣੇ ਲਿਆਂਦਾ ਗਿਆ ਅਤੇ ਅੰਮ੍ਰਿਤਪਾਲ ਮਹਿਰੋਂ ਤੇ ਰਣਜੀਤ ਸਿੰਘ ਖ਼ਿਲਾਫ਼ ਸਪਲੀਮੈਂਟਰੀ ਚਲਾਨ ਦਾਇਰ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਸੀ।
