ਤਬਾਹ ਹੋਈਆਂ ਫਸਲਾਂ ਦਾ ਮੁਆਵਜ਼ਾ ਲੈਣ ਲਈ ਐੱਸ. ਡੀ. ਐੱਮ. ਦਫਤਰ ਦਾ ਘਿਰਾਓ ਜਾਰੀ

Saturday, Sep 19, 2026 - 06:19 PM (IST)

ਤਬਾਹ ਹੋਈਆਂ ਫਸਲਾਂ ਦਾ ਮੁਆਵਜ਼ਾ ਲੈਣ ਲਈ ਐੱਸ. ਡੀ. ਐੱਮ. ਦਫਤਰ ਦਾ ਘਿਰਾਓ ਜਾਰੀ

ਨਿਹਾਲ ਸਿੰਘ ਵਾਲਾ (ਬਾਵਾ) : ਪਿੰਡ ਮਾਛੀਕੇ ’ਚ ਮਈ ਮਹੀਨੇ ਹੋਈ ਲਗਾਤਾਰ ਗੜੇਮਾਰੀ ਕਾਰਨ ਤਬਾਹ ਹੋਈਆਂ ਫਸਲਾਂ ਦਾ ਬਣਦਾ ਮੁਆਵਜ਼ਾ ਲੈਣ ਲਈ ਕਿਰਤੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਐੱਸ. ਡੀ. ਐੱਮ. ਦਫਤਰ ਨਿਹਾਲ ਸਿੰਘ ਵਾਲਾ ਅੱਗੇ ਲਾਇਆ ਪੱਕਾ ਮੋਰਚਾ ਅੱਜ 6ਵੇਂ ਦਿਨ ਵੀ ਲਗਾਤਾਰ ਜਾਰੀ ਰਿਹਾ। ਇਸ ਦੌਰਾਨ ਕਿਸਾਨਾਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪ੍ਰਸ਼ਾਸਨ ਵੱਲੋਂ ਕੋਈ ਠੋਸ ਸੁਣਵਾਈ ਨਾ ਹੁੰਦੀ ਦੇਖ ਕੇ ਪ੍ਰਬੰਧਕੀ ਕਮੇਟੀ ਵੱਲੋਂ 21 ਸਤੰਬਰ ਨੂੰ ਬਲਾਕ ਪੱਧਰੀ ਵੱਡਾ ਇਕੱਠ ਕਰਨ ਦਾ ਐਲਾਨ ਕੀਤਾ ਗਿਆ ਹੈ। ਆਗੂਆਂ ਨੇ ਸਪੱਸ਼ਟ ਆਖਿਆ ਕਿ ਫਸਲਾਂ ਦਾ ਮੁਆਵਜ਼ਾ ਨਾ ਮਿਲਣ ਕਰ ਕੇ ਕਿਸਾਨਾਂ ਨੂੰ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਣਾ ਪਿਆ ਹੈ। ਪ੍ਰਬੰਧਕੀ ਕਮੇਟੀ ਦੇ ਆਗੂ ਗੁਰਨਾਮ ਸਿੰਘ, ਜਗਸੀਰ ਸਿੰਘ, ਕਿਰਨਦੀਪ ਕੌਰ, ਬਲਵਿੰਦਰ ਕੌਰ ਅਤੇ ਰਣਜੀਤ ਸਿੰਘ ਨੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਨੂੰ ਉਨ੍ਹਾਂ ਦਾ ਹੱਕੀ ਮੁਆਵਜ਼ਾ ਨਹੀਂ ਮਿਲ ਜਾਂਦਾ, ਉਦੋਂ ਤੱਕ ਇਹ ਧਰਨਾ ਲਗਾਤਾਰ ਜਾਰੀ ਰਹੇਗਾ।

ਧਰਨੇ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਆਗੂ ਨਾਜ਼ਰ ਸਿੰਘ ਖਾਈ ਅਤੇ ਬੀ. ਕੇ. ਯੂ. ਏਕਤਾ ਉਗਰਾਹਾਂ ਦੇ ਪ੍ਰੈੱਸ ਸਕੱਤਰ ਗੁਰਮੁਖ ਸਿੰਘ ਹਿੰਮਤਪੁਰਾ ਨੇ ਦੋਸ਼ ਲਾਇਆ ਕਿ ਮਾਛੀਕੇ ਅਤੇ ਕੁੱਸਾ ਦਾ ਫਸਲਾਂ ਦਾ ਮੁਆਵਜ਼ਾ ਸਿਆਸੀ ਦਖਲਅੰਦਾਜ਼ੀ ਕਾਰਨ ਕਿਸੇ ਹੋਰ ਪਾਸੇ ਵਰਤ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਐੱਸ. ਡੀ. ਐੱਮ. ਨਿਹਾਲ ਸਿੰਘ ਵਾਲਾ ਨਾਲ ਹੋਈਆਂ ਮੀਟਿੰਗਾਂ ’ਚ ਲੱਗਭਗ 10.11 ਕਰੋੜ ਰੁਪਏ ਮੁਆਵਜ਼ਾ ਪਾਸ ਹੋਣ ਦੀ ਗੱਲ ਆਖੀ ਗਈ ਸੀ, ਜਦੋਂਕਿ ਪ੍ਰਸ਼ਾਸਨ ਅਨੁਸਾਰ ਅਜੇ ਤੱਕ ਸਿਰਫ 7 ਕਰੋੜ ਰੁਪਏ ਹੀ ਵੰਡੇ ਗਏ ਹਨ। ਆਗੂਆਂ ਨੇ ਮੰਗ ਕੀਤੀ ਕਿ ਪੀੜਤ ਕਿਸਾਨਾਂ ਦੇ ਖਾਤਿਆਂ ’ਚ ਮੁਆਵਜ਼ੇ ਦੀ ਬਾਕੀ ਰਾਸ਼ੀ ਜਲਦ ਤੋਂ ਜਲਦ ਪਾਈ ਜਾਵੇ ਅਤੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ 21 ਸਤੰਬਰ ਨੂੰ ਵੱਡੀ ਗਿਣਤੀ ’ਚ ਨਿਹਾਲ ਸਿੰਘ ਵਾਲਾ ਵਿਖੇ ਪਹੁੰਚਣ।


author

Gurminder Singh

Content Editor

Related News