ਪੰਜਾਬ : ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ, ਹੁਣ ਨਹੀਂ ਬਖਸ਼ੇ ਜਾਣਗੇ ਇਹ ਵਹੀਕਲ

Monday, Sep 21, 2026 - 04:04 PM (IST)

ਪੰਜਾਬ : ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ, ਹੁਣ ਨਹੀਂ ਬਖਸ਼ੇ ਜਾਣਗੇ ਇਹ ਵਹੀਕਲ

ਮੋਗਾ (ਗੋਪੀ ਰਾਊਕੇ) : ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟ੍ਰੈਫਿਕ ਪੁਲਸ ਮੋਗਾ ਪੂਰੀ ਤਰ੍ਹਾਂ ਚੁਸਤ ਅਤੇ ਦਰੁਸਤ ਦਿਖਾਈ ਦੇ ਰਹੀ ਹੈ। ਟ੍ਰੈਫਿਕ ਇੰਚਾਰਜ ਮੋਗਾ ਦੇ ਇੰਚਾਰਜ ਸੁਖਮੰਦਰ ਸਿੰਘ ਵਲੋਂ ਲਗਾਤਾਰ ਟ੍ਰੈਫਿਕ ਦੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਸਮੇਂ-ਸਮੇਂ ’ਤੇ ਜਿੱਥੇ ਬੁਲੈਟ ਮੋਟਰਸਾਈਕਲ ’ਤੇ ਪਟਾਕੇ ਪਾਉਣ ਵਾਲਿਆਂ, ਟੂ ਵ੍ਹੀਲਰਾਂ ਨੂੰ ਮੋਡੀਫਾਈ ਕਰਨ ਵਾਲਿਆਂ, ਕਾਲੀਆਂ ਫਿਲਮਾਂ ਲਾ ਕੇ ਗੱਡੀਆਂ ’ਤੇ ਘੁੰਮਣ ਵਾਲਿਆ ’ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ, ਉਥੇ ਹੀ ਅੱਜ ਟ੍ਰੈਫਿਕ ਇੰਚਾਰਜ ਸੁਖਮੰਦਰ ਸਿੰਘ ਵਲੋਂ ਸ਼ਹਿਰ ਅੰਦਰ ਨੋ ਪਾਰਕਿੰਗ ਵਾਲੀਆਂ ਥਾਵਾਂ ’ਤੇ ਖੜੀਆਂ ਗੱਡੀਆਂ ਦੇ ਚਾਲਕਾਂ ਨੂੰ ਜਿੱਥੇ ਸਬਕ ਸਿਖਾਇਆ ਉਥੇ ਹੀ ਉਨ੍ਹਾਂ ਨੂੰ ਚਲਾਨ ਕੱਟ ਕੇ ਹੱਥ ਵਿਚ ਫੜਾਏ ਅਤੇ ਆਖਿਆ ਕਿ ਟ੍ਰੈਫਿਕ ਨਿਯਮਾਂ ਨੂੰ ਤੋੜਣ ਵਾਲੇ ਕਿਸੇ ਵੀ ਵਾਹਨ ਚਾਲਕਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਅੱਜ ਟ੍ਰੈਫਿਕ ਇੰਚਾਰਜ ਸੁਖਮੰਦਰ ਸਿੰਘ (ਸਬ ਇੰਸਪੈਕਟਰ) ਦੀ ਅਗਵਾਈ ਵਾਲੀ ਸਮੁੱਚੀ ਟੀਮ ਵੱਲੋਂ ਸ਼ਹਿਰ ਦੇ ਵੱਖ-ਵੱਖ ਚੌਂਕਾਂ ਅਤੇ ਭੀੜਭਾੜ ਵਾਲੇ ਇਲਾਕਿਆਂ ਵਿਚ ਨਾਕਾਬੰਦੀ ਕਰ ਕੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਜਿੱਥੇ ਕਾਰਵਾਈ ਕੀਤੀ ਜਾ ਰਹੀ ਹੈ, ਉਥੇ ਹੀ ਪੁਲਸ ਵੱਲੋਂ ਖਾਸ ਤੌਰ ’ਤੇ ਮੋਡੀਫਾਈਡ ਵਾਹਨਾਂ, ਕਾਲੀ ਫ਼ਿਲਮ, ਓਵਰ ਸਪੀਡ ਖਿਲਾਫ ਮੁਹਿੰਮ ਤੇਜ਼ ਕੀਤੀ ਗਈ ਹੈ, ਉੱਚੀ ਆਵਾਜ਼ ਵਾਲੇ ਸਾਇਲੈਂਸਰ ਲਗਾ ਕੇ ਪਟਾਕੇ ਮਾਰਨ ਵਾਲੀਆਂ ਬੁਲੇਟ ਮੋਟਰਸਾਈਕਲਾਂ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਤਬਦੀਲ ਕੀਤੀਆਂ ਗਈਆਂ ਜੀਪਾਂ ਨੂੰ ਰੋਕ ਕੇ ਮੌਕੇ ’ਤੇ ਹੀ ਚਲਾਨ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ : ਪੈਨਸ਼ਨ ਦਾ ਬਕਾਇਆ ਨਾ ਦੇਣ ’ਤੇ ਅਧਿਕਾਰੀਆਂ ਦੀ ਤਨਖ਼ਾਹ ਰੋਕਣ ਦੇ ਹੁਕਮ

ਪੁਲਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਅਜਿਹੇ ਵਾਹਨਾਂ ਨੂੰ ਸਿਰਫ਼ ਚਲਾਨ ਹੀ ਨਹੀਂ, ਸਗੋਂ ਜ਼ਬਤ ਵੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਬਿਨਾਂ ਹੈਲਮੇਟ ਦੋਪਹੀਆ ਵਾਹਨ ਚਲਾਉਣ ਵਾਲਿਆਂ ਖਿਲਾਫ ਵੀ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਤ ਵਿਚ ਬਖਸ਼ਿਆ ਨਹੀਂ ਜਾਵੇਗਾ। ਟ੍ਰਿਪਲ ਰਾਈਡਿੰਗ ਕਰਨ ਵਾਲੇ ਨੌਜਵਾਨਾਂ ’ਤੇ ਵੀ ਖਾਸ ਨਜ਼ਰ ਰੱਖੀ ਜਾ ਰਹੀ ਹੈ ਅਤੇ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਚਲਾਨ ਕੱਟੇ ਜਾ ਰਹੇ ਹਨ। ਟਰੈਫਿਕ ਪੁਲਸ ਵੱਲੋਂ ਨਾਬਾਲਗ ਬੱਚਿਆਂ ਨੂੰ ਵਾਹਨ ਦੇਣ ਵਾਲੇ ਮਾਪਿਆਂ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਅਜਿਹਾ ਕਰਨ ’ਤੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ : ਸਾਈਬਰ ਠੱਗਾਂ ਡਰੋਂ ਘਰ 'ਚ ਰੱਖਿਆ ਲੱਖਾਂ ਦਾ ਕੈਸ਼, ਅੱਗ ਲੱਗਣ ਨਾਲ ਸੜ ਗਈਆਂ ਨੋਟੀਆਂ ਦੀਆਂ ਥੱਦੀਆਂ

ਪੁਲਸ ਦਾ ਕਹਿਣਾ ਹੈ ਕਿ ਨਾਬਾਲਗਾਂ ਵੱਲੋਂ ਵਾਹਨ ਚਲਾਉਣਾ ਨਾ ਸਿਰਫ਼ ਗੈਰ-ਕਾਨੂੰਨੀ ਹੈ, ਸਗੋਂ ਇਹ ਸੜਕਾਂ ’ਤੇ ਵੱਡੇ ਖਤਰੇ ਦਾ ਕਾਰਨ ਵੀ ਬਣਦਾ ਹੈ। ਨਵੇਂ ਸਖ਼ਤ ਟਰੈਫਿਕ ਨਿਯਮਾਂ ਦੇ ਤਹਿਤ ਗੱਡੀ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਨ ਅਤੇ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਵਾਲਿਆਂ ’ਤੇ ਭਾਰੀ ਜੁਰਮਾਨੇ ਲਗਾਏ ਜਾ ਰਹੇ ਹਨ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਤੇ ਹੋਰਾਂ ਦੀ ਜਾਨ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਸਾਰੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ। ਟ੍ਰੈਫਿਕ ਇੰਚਾਰਜ ਸਬ ਇੰਸਪੈਕਟਰ ਸੁਖਮੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਸ਼ਹਿਰ ਦੇ ਚੌਕਾ ਤੋਂ ਇਲਾਵਾ ਲੁਧਿਆਣਾ ਮੁੱਖ ਮਾਰਗ ਵਿਖੇ ਖਾਸ ਨਾਕਾਬੰਦੀ ਕਰਕੇ ਓਵਰਸਪੀਡ, ਕਾਲੀ ਫਿਲਮ ਵਾਹਨ ਚਲਾਉਣ ਵਾਲਿਆਂ ਦੇ ਚਲਾਨ ਕੀਤੇ ਗਏ। ਇਸ ਮੌਕੇ ਉਨ੍ਹਾਂ ਵਲੋਂ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਉਹ ਆਪਣੇ ਵਾਹਨਾਂ ਦੇ ਸਾਰੇ ਜ਼ਰੂਰੀ ਦਸਤਾਵੇਜ਼ ਜਿਵੇਂ ਡਰਾਈਵਿੰਗ ਲਾਇਸੈਂਸ, ਆਰ. ਸੀ., ਇੰਸ਼ੋਰੈਂਸ ਅਤੇ ਪ੍ਰਦੂਸ਼ਣ ਸਰਟੀਫਿਕੇਟ ਹਮੇਸ਼ਾ ਆਪਣੇ ਨਾਲ ਰੱਖਣ। ਪੁਲਸ ਦਾ ਕਹਿਣਾ ਹੈ ਕਿ ਸਿਰਫ਼ ਸਖ਼ਤੀ ਨਾਲ ਹੀ ਨਹੀਂ, ਸਗੋਂ ਲੋਕਾਂ ਦੇ ਸਹਿਯੋਗ ਨਾਲ ਹੀ ਸੜਕਾਂ ਨੂੰ ਸੁਰੱਖਿਅਤ ਬਣਾਇਆ ਜਾ ਸਕਦਾ ਹੈ। ਇਸ ਮੁਹਿੰਮ ਨਾਲ ਸ਼ਹਿਰ ਵਿਚ ਕਾਫੀ ਹੱਦ ਤੱਕ ਟਰੈਫਿਕ ਵਿਵਸਥਾ ਵਿਚ ਸੁਧਾਰ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ। ਇਸ ਮੌਕੇ ਟਰੈਫਿਕ ਪੁਲਸ ਦੇ ਹੋਰ ਕਰਮਚਾਰੀ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : ਪੰਜਾਬ : 4 ਮਹੀਨਿਆਂ ਦੇ ਇਕੱਠੇ ਆਏ ਬਿਜਲੀ ਬਿੱਲ, ਲੋਕਾਂ ’ਚ ਹਾਹਾਕਾਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News