ਅਰਮੀਨੀਆ ਭੇਜਣ ਦਾ ਝਾਂਸਾ ਦੇ ਕੇ ਔਰਤ ਨੇ 1 ਲੱਖ 45 ਹਜ਼ਾਰ ਠੱਗੇ

Monday, Sep 14, 2026 - 01:40 PM (IST)

ਅਰਮੀਨੀਆ ਭੇਜਣ ਦਾ ਝਾਂਸਾ ਦੇ ਕੇ ਔਰਤ ਨੇ 1 ਲੱਖ 45 ਹਜ਼ਾਰ ਠੱਗੇ

ਮੋਗਾ (ਆਜ਼ਾਦ) : ਮੋਗਾ ਜ਼ਿਲੇ ਦੇ ਪਿੰਡ ਰਣਸੀਂਹ ਕਲਾਂ ਵਾਸੀ ਸੁਖਮੀਤ ਕੌਰ ਨੇ ਇਕ ਮਹਿਲਾ ’ਤੇ ਉਸ ਨੂੰ ਅਰਮੀਨੀਆ ਭੇਜਣ ਦਾ ਝਾਂਸਾ ਦੇ ਕੇ 1 ਲੱਖ 45 ਹਜ਼ਾਰ ਰੁਪਏ ਦੀ ਠੱਗੀ ਕਰਨ ਦੇ ਦੋਸ਼ ਲਾਏ ਹਨ। ਇਸ ਸਬੰਧੀ ਜਾਂਚ ਉਪਰੰਤ ਪੁਲਸ ਵੱਲੋਂ ਸੁਖਮੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਕਥਿਤ ਦੋਸ਼ੀ ਮਹਿਲਾ ਚਰਨਜੀਤ ਕੌਰ ਵਾਸੀ ਪਿੰਡ ਹਿੰਮਤਪੁਰਾ ਖ਼ਿਲਾਫ਼ ਧੋਖਾਧੜੀ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਜਸਵੰਤ ਸਿੰਘ ਸਰਾਂ ਵੱਲੋਂ ਕੀਤੀ ਜਾ ਰਹੀ ਹੈ।

ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੀ ਸ਼ਿਕਾਇਤ ਵਿਚ ਸੁਖਮੀਤ ਕੌਰ ਨੇ ਦੱਸਿਆ ਕਿ ਅਗਸਤ 2025 ਵਿਚ ਕਥਿਤ ਦੋਸ਼ੀ ਮਹਿਲਾ ਚਰਨਜੀਤ ਕੌਰ ਨੇ ਉਸ ਨੂੰ ਅਰਮੀਨੀਆ ਭੇਜਣ ਦਾ ਝਾਂਸਾ ਦੇ ਕੇ ਉਸ ਦਾ ਪਾਸਪੋਰਟ ਅਤੇ ਹੋਰ ਦਸਤਾਵੇਜ਼ ਲੈਣ ਤੋਂ ਇਲਾਵਾ 1 ਲੱਖ 45 ਹਜ਼ਾਰ ਰੁਪਏ ਵੀ ਲੈ ਲਏ। ਸ਼ਿਕਾਇਤਕਰਤਾ ਅਨੁਸਾਰ ਕਥਿਤ ਦੋਸ਼ੀ ਮਹਿਲਾ ਨੇ ਨਾ ਤਾਂ ਉਸ ਨੂੰ ਅਰਮੀਨੀਆ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਇਸ ਤੋਂ ਇਲਾਵਾ ਉਸ ਦਾ ਪਾਸਪੋਰਟ ਵੀ ਆਪਣੇ ਕੋਲ ਰੱਖ ਲਿਆ। ਸੁਖਮੀਤ ਕੌਰ ਨੇ ਦੋਸ਼ ਲਗਾਇਆ ਕਿ ਉਸ ਵੱਲੋਂ ਕਈ ਵਾਰ ਕਥਿਤ ਦੋਸ਼ੀ ਮਹਿਲਾ ਨਾਲ ਪੈਸੇ ਅਤੇ ਪਾਸਪੋਰਟ ਵਾਪਸ ਕਰਨ ਸਬੰਧੀ ਗੱਲਬਾਤ ਕੀਤੀ ਗਈ ਪਰ ਉਹ ਹਰ ਵਾਰ ਕਥਿਤ ਤੌਰ ’ਤੇ ਟਾਲ-ਮਟੋਲ ਕਰਦੀ ਰਹੀ। ਇਸ ਤਰ੍ਹਾਂ ਉਸ ਨਾਲ ਧੋਖਾਧੜੀ ਕੀਤੀ ਗਈ।

ਜ਼ਿਲਾ ਪੁਲਸ ਮੁਖੀ ਦੇ ਹੁਕਮਾਂ ’ਤੇ ਇਸ ਮਾਮਲੇ ਦੀ ਜਾਂਚ ਡੀ. ਐੱਸ. ਪੀ. ਨਿਹਾਲ ਸਿੰਘ ਵਾਲਾ ਵੱਲੋਂ ਕੀਤੀ ਗਈ। ਜਾਂਚ ਦੌਰਾਨ ਦੋਵਾਂ ਧਿਰਾਂ ਨੂੰ ਆਪਣਾ-ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਗਿਆ। ਜਾਂਚ ਉਪਰੰਤ ਸ਼ਿਕਾਇਤਕਰਤਾ ਵੱਲੋਂ ਲਾਏ ਗਏ ਦੋਸ਼ ਸਹੀ ਪਾਏ ਜਾਣ ’ਤੇ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ। ਮਾਮਲੇ ਦੀ ਜਾਂਚ ਕਰ ਰਹੇ ਬਿਲਾਸਪੁਰ ਪੁਲਸ ਚੌਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਜਸਵੰਤ ਸਿੰਘ ਸਰਾਂ ਨੇ ਦੱਸਿਆ ਕਿ ਕਥਿਤ ਦੋਸ਼ੀ ਮਹਿਲਾ ਨੂੰ ਕਾਬੂ ਕਰਨ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਸ ਦੇ ਜਲਦ ਕਾਬੂ ਆਉਣ ਦੀ ਸੰਭਾਵਨਾ ਹੈ।


author

Gurminder Singh

Content Editor

Related News