ਮੋਗਾ : ਇਕ ਦੂਜੇ ਨੂੰ ਨਜਿੱਠਣ ਦੀ ਸੀ ਤਿਆਰੀ, ਰੇਡ ਕਰਨ ਗਈ ਪੁਲਸ ਦੇ ਅਸਲਾ ਦੇਖ ਉਡੇ ਹੋਸ਼

Friday, Sep 18, 2026 - 06:13 PM (IST)

ਮੋਗਾ : ਇਕ ਦੂਜੇ ਨੂੰ ਨਜਿੱਠਣ ਦੀ ਸੀ ਤਿਆਰੀ, ਰੇਡ ਕਰਨ ਗਈ ਪੁਲਸ ਦੇ ਅਸਲਾ ਦੇਖ ਉਡੇ ਹੋਸ਼

ਮੋਗਾ (ਕਸ਼ਿਸ਼ ਸਿੰਗਲਾ) : ਮੋਗਾ ਪੁਲਸ ਵੱਲੋਂ ਸਮਾਜ ਵਿਰੋਧੀ ਅਤੇ ਅਪਰਾਧਿਕ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਨਿਹਾਲ ਸਿੰਘ ਵਾਲਾ ਪੁਲਸ ਨੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਵੱਖ-ਵੱਖ ਕਿਸਮਾਂ ਦੇ 8 ਹਥਿਆਰ, 8 ਮੈਗਜ਼ੀਨ, 106 ਜਿੰਦਾ ਰੌਂਦ ਅਤੇ 2 ਵਾਹਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਐੱਸ.ਐੱਸ.ਪੀ. ਮੋਗਾ ਸਰਦਾਰ ਸਰਤਾਜ ਸਿੰਘ ਚਾਹਲ, ਆਈ.ਪੀ.ਐੱਸ. ਨੇ ਦੱਸਿਆ ਕਿ ਇਹ ਕਾਰਵਾਈ ਆਈ.ਜੀ. ਫ਼ਿਰੋਜ਼ਪੁਰ ਰੇਂਜ ਨੀਲਾਂਬਰੀ ਜਗਦਲੇ, ਆਈ.ਪੀ.ਐੱਸ., ਐੱਸ.ਪੀ. (ਇਨਵੈਸਟੀਗੇਸ਼ਨ) ਅਜੈਰਾਜ ਸਿੰਘ, ਪੀ.ਪੀ.ਐੱਸ. ਅਤੇ ਡੀ.ਐੱਸ.ਪੀ. ਨਿਹਾਲ ਸਿੰਘ ਵਾਲਾ ਅਨਵਰ ਅਲੀ ਦੀ ਨਿਗਰਾਨੀ ਹੇਠ ਕੀਤੀ ਗਈ। ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫ਼ਸਰ ਸਬ-ਇੰਸਪੈਕਟਰ ਰਣਜੀਤ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਵੱਲੋਂ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ।

ਪੁਲਸ ਅਨੁਸਾਰ 15 ਸਤੰਬਰ 2026 ਨੂੰ ਪੁਲਸ ਪਾਰਟੀ ਇਲਾਕੇ ਵਿਚ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ ਸਬੰਧੀ ਮੌਜੂਦ ਸੀ। ਇਸ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ ਮਨਿੰਦਰ ਸਿੰਘ ਵਾਸੀ ਢੋਆ, ਜ਼ਿਲ੍ਹਾ ਰੂਪਨਗਰ, ਗੁਰਵਿੰਦਰ ਸਿੰਘ ਵਾਸੀ ਜਨਸੂਈ, ਜ਼ਿਲ੍ਹਾ ਪਟਿਆਲਾ, ਗੁਰਪ੍ਰੀਤ ਸਿੰਘ ਉਰਫ਼ ਪੀਤਾ ਵਾਸੀ ਲੌਂਗੋਵਾਲ, ਜ਼ਿਲ੍ਹਾ ਸੰਗਰੂਰ, ਅਮਰਿੰਦਰ ਸਿੰਘ ਵਾਸੀ ਜਨਸੂਈ, ਜ਼ਿਲ੍ਹਾ ਪਟਿਆਲਾ ਅਤੇ ਸਤਵੰਤ ਸਿੰਘ ਉਰਫ਼ ਗਿੱਲ ਮਾਣੂਕੇ ਵਾਸੀ ਮਾਣੂਕੇ ਗਿੱਲ ਸਮੇਤ ਕੁਝ ਹੋਰ ਵਿਅਕਤੀਆਂ ਵਿਚਕਾਰ ਆਪਸੀ ਰੰਜਿਸ਼ ਚੱਲ ਰਹੀ ਹੈ। ਪੁਲਸ ਮੁਤਾਬਕ ਇਹ ਵਿਅਕਤੀ ਦਾਣਾ ਮੰਡੀ ਨਿਹਾਲ ਸਿੰਘ ਵਾਲਾ ਵਿਖੇ ਹਥਿਆਰਾਂ ਸਮੇਤ ਇਕੱਠੇ ਹੋ ਕੇ ਇੱਕ-ਦੂਜੇ ਨੂੰ ਨੁਕਸਾਨ ਪਹੁੰਚਾ ਸਕਦੇ ਸਨ।

ਪੁਲਸ ਨੇ ਸੂਚਨਾ ਨੂੰ ਗੰਭੀਰ ਮੰਨਦਿਆਂ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮੁਕੱਦਮਾ ਨੰਬਰ 238 ਮਿਤੀ 16 ਸਤੰਬਰ 2026 ਨੂੰ ਧਾਰਾ 351(2), 61(2) ਬੀ.ਐੱਨ.ਐੱਸ. ਅਤੇ 25, 27/54/59 ਆਰਮਜ਼ ਐਕਟ ਤਹਿਤ ਦਰਜ ਕੀਤਾ। ਇਸ ਤੋਂ ਬਾਅਦ ਦੱਸੀ ਗਈ ਥਾਂ ’ਤੇ ਨਾਕਾਬੰਦੀ ਅਤੇ ਚੈਕਿੰਗ ਕਰਦਿਆਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਮਨਿੰਦਰ ਸਿੰਘ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਉਰਫ਼ ਪੀਤਾ, ਅਮਰਿੰਦਰ ਸਿੰਘ ਅਤੇ ਸਤਵੰਤ ਸਿੰਘ ਉਰਫ਼ ਗਿੱਲ ਮਾਣੂਕੇ ਵਜੋਂ ਹੋਈ ਹੈ। ਪੁਲਸ ਵੱਲੋਂ ਕੀਤੀ ਗਈ ਬਰਾਮਦਗੀ ਵਿਚ 2 ਪੰਪ ਐਕਸ਼ਨ ਰਾਈਫਲਾਂ ਸਮੇਤ 12 ਜਿੰਦਾ ਰੌਂਦ, ਇਕ .30-06 ਰਾਈਫਲ ਸਮੇਤ 24 ਜਿੰਦਾ ਰੌਂਦ, ਇਕ .315 ਬੋਰ ਰਾਈਫਲ ਸਮੇਤ 24 ਜਿੰਦਾ ਰੌਂਦ ਅਤੇ ਇਕ ਮੈਗਜ਼ੀਨ, 2 .32 ਬੋਰ ਪਿਸਤੌਲ ਸਮੇਤ 4 ਮੈਗਜ਼ੀਨ ਅਤੇ 16 ਜਿੰਦਾ ਰੌਂਦ ਅਤੇ 2 .45 ਬੋਰ ਪਿਸਤੌਲ ਸਮੇਤ 2 ਮੈਗਜ਼ੀਨ ਅਤੇ 30 ਜਿੰਦਾ ਰੌਂਦ ਸ਼ਾਮਲ ਹਨ। ਇਸ ਤੋਂ ਇਲਾਵਾ ਪੁਲਸ ਨੇ ਕਾਲੇ ਰੰਗ ਦੀ ਫੋਰਡ ਇਨਡੈਵਰ ਨੰਬਰ CH-01-DD-8119 ਅਤੇ ਕਾਲੇ ਰੰਗ ਦੀ ਸਕਾਰਪੀਓ ਨੰਬਰ PB-13-BR-7005 ਵੀ ਬਰਾਮਦ ਕੀਤੀ ਹੈ। ਪੁਲਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।


author

Gurminder Singh

Content Editor

Related News