ਜਿੰਮ ’ਚ ਹੱਡ ਭੰਨਵੀਂ ਮਿਹਨਤ ਨਾਲ ਬਣਾਏ ਸਰੀਰ ਤੋਂ ਦੋਸਤ ਖਾਣ ਲੱਗੇ ਖਾਰ, ਦਿੱਤੀ ਦਰਦਨਾਕ ਮੌਤ

Tuesday, Feb 20, 2024 - 06:29 PM (IST)

ਜਿੰਮ ’ਚ ਹੱਡ ਭੰਨਵੀਂ ਮਿਹਨਤ ਨਾਲ ਬਣਾਏ ਸਰੀਰ ਤੋਂ ਦੋਸਤ ਖਾਣ ਲੱਗੇ ਖਾਰ, ਦਿੱਤੀ ਦਰਦਨਾਕ ਮੌਤ

ਨਾਭਾ (ਖੁਰਾਣਾ) : ਨਾਭਾ ’ਚ ਜਿੰਮ ਟਰੇਨਰ ਹਰਪ੍ਰੀਤ ਸਿੰਘ ਉਰਫ ਪ੍ਰੀਤੀ (26) ਦੀ ਕੁਝ ਦਿਨ ਪਹਿਲਾਂ ਦੋਸਤਾਂ ਵਲੋਂ ਕੀਤੀ ਗਈ ਬੁਰੀ ਤਰ੍ਹਾਂ ਕੁੱਟਮਾਰ ਕਾਰਣ ਮੌਤ ਹੋ ਗਈ। ਕੁੱਟਮਾਰ ਤੋਂ ਬਾਅਦ ਜਿੰਮ ਟਰੇਨਰ ਕੋਮਾ ਵਿਚ ਚਲਾ ਗਿਆ ਸੀ, ਜਿਸ ਦੀ ਅੱਜ ਮੌਤ ਹੋ ਗਈ। ਨੌਜਵਾਨ ਪੁੱਤ ਦੀ ਮੌਤ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਦੂਜੇ ਪਾਸੇ ਪੁਲਸ ਨੇ ਮ੍ਰਿਤਕ ਦੇ ਦੋਸਤਾਂ ਖ਼ਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਟਨਾ ਨਾਭਾ ਦੇ ਪਾਰਬਤੀ ਖੋਖੇ ਦੇ ਨਜ਼ਦੀਕ ਦੀ ਹੈ, ਜਿੱਥੇ 10 ਫਰਵਰੀ ਨੂੰ 26 ਸਾਲਾ ਨੌਜਵਾਨ ਹਰਪ੍ਰੀਤ ਸਿੰਘ ਉਰਫ ਪ੍ਰੀਤੀ ਜਿੰਮ ਟਰੇਨਰ ਦੀ ਉਸ ਦੇ ਹੀ ਅੱਧਾ ਦਰਜਨ ਦੋਸਤਾਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਪੀੜਤ ਪ੍ਰੀਤੀ ਕਈ ਦਿਨ ਮੌਤ ਅਤੇ ਜ਼ਿੰਦਗੀ ਦੀ ਜੰਗ ਲੜਦਾ ਰਿਹਾ ਅਤੇ ਆਖਰ ਅੱਜ ਉਸਨੇ ਹਸਪਤਾਲ ਵਿਚ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ਭਰ ਵਿਚ ਸ਼ਨੀਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ

ਪੀੜਤ ਦੀ ਪਤਨੀ, ਭੈਣ ਅਤੇ ਮਾਤਾ ਨੇ ਕਤਲ ਦੇ ਦੋਸ਼ ਮ੍ਰਿਤਕ ਦੇ ਨਾਲ ਜਿੰਮ ਕਰਦੇ ਅੱਧੀ ਦਰਜਨ ਦੋਸਤਾਂ ਉੱਪਰ ਹੀ ਲਗਾਏ ਹਨ ਕਿਉਂਕਿ ਪ੍ਰੀਤੀ ਦਾ ਸਰੀਰ ਬਹੁਤ ਹੀ ਵਧੀਆ ਸੀ ਅਤੇ ਦੋਸਤ ਉਸ ਦੇ ਸਰੀਰ ਤੋਂ ਖੁੰਦਕ ਰੱਖਣ ਲੱਗ ਪਏ ਸਨ ਕਿਉਂਕਿ ਜਦੋਂ ਵੀ ਉਹ ਕਿਤੇ ਇਕੱਠੇ ਜਾਂਦੇ ਸਨ ਤਾਂ ਪ੍ਰੀਤੀ ਦੇ ਸਰੀਰ ਦੀ ਤਾਰੀਫ ਕੀਤੀ ਜਾਂਦੀ ਸੀ। ਜਿਸ ਕਰਕੇ ਦੋਸਤਾਂ ਨੇ ਇਸ ਖ਼ੌਫਨਾਕ ਘਟਨਾ ਨੂੰ ਅੰਜਾਮ ਦਿੱਤਾ। ਇਸ ਮੌਕੇ ਮ੍ਰਿਤਕ ਹਰਪ੍ਰੀਤ ਸਿੰਘ ਉਰਫ ਪ੍ਰੀਤੀ ਦੀ ਪਤਨੀ ਮਨਜੀਤ ਕੌਰ, ਭੈਣ ਮਾਹੀ ਅਤੇ ਮਾਤਾ ਸੁਰਜੀਤ ਕੌਰ ਨੇ ਦੱਸਿਆ ਕਿ ਪ੍ਰੀਤੀ ਨੂੰ ਉਸ ਦੇ ਦੋਸਤ ਘਰੋਂ ਹੀ ਲੈ ਗਏ ਸਨ। ਪੀੜਤ ਪਰਿਵਾਰ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਕੈਨੇਡਾ ਤੋਂ ਆਏ ਮੁੰਡੇ ਨੂੰ ਡਰਾਉਣ ਲਈ ਅਮਰੀਕਾ ’ਚ ਬੈਠਿਆਂ ਨੇ ਰਚੀ ਸਾਜ਼ਿਸ਼, ਹੈਰਾਨ ਕਰੇਗੀ ਪੂਰੀ ਘਟਨਾ

ਕੀ ਕਹਿਣਾ ਹੈ ਪੁਲਸ ਦਾ 

ਇਸ ਬਾਬਤ ਜਦੋਂ ਨਾਭਾ ਕੋਤਵਾਲੀ ਦੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਸਮਰਾਉ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਅਸੀਂ 307 ਦਾ ਮਾਮਲਾ ਦਰਜ ਕੀਤਾ ਸੀ ਪਰ ਹੁਣ ਮ੍ਰਿਤਕ ਹਰਪ੍ਰੀਤ ਸਿੰਘ ਉਰਫ਼ ਪ੍ਰੀਤੀ ਦੀ ਮੌਤ ਤੋਂ ਬਾਅਦ 302 ਦਾ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਹਰਪ੍ਰੀਤ ਉਰਫ ਪ੍ਰੀਤੀ ਜਿੰਮ ਟਰੇਨਰ ਸੀ ਅਤੇ ਦੋਸਤਾਂ ’ਤੇ ਹੀ ਕਤਲ ਦੇ ਦੋਸ਼ ਲੱਗੇ ਹਨ। ਫਿਲਹਾਲ ਪੁਲਸ ਵਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਚੁਬਾਰੇ ਚੜ੍ਹ ਕੇ ਤਲਵਾਰ ਨਾਲ ਵੱਢ ਦਿੱਤੀ ਗੁਆਂਢੀ ਦੀ ਧੌਣ, ਕਤਲ ਕਰਨ ਤੋਂ ਬਾਅਦ ਮਾਰੇ ਲਲਕਾਰੇ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News