ਜਿੰਮ ਤੋਂ ਆ ਰਹੇ 17 ਸਾਲਾ ਲੜਕੇ ਦੀ ਹਾਦਸੇ ’ਚ ਮੌਤ
Sunday, Mar 27, 2022 - 06:04 PM (IST)

ਮੋਗਾ (ਆਜ਼ਾਦ) : ਕੋਟਕਪੂਰਾ ਬਾਈਪਾਸ ’ਤੇ ਸਥਿਤ ਜਿੰਮ ਤੋਂ ਆ ਰਹੇ ਲੜਕੇ ਸੁਖਪਾਲ ਸਿੰਘ (17) ਨਿਵਾਸੀ ਪਿੰਡ ਝੰਡੇਵਾਲਾ ਦੀ ਹਾਦਸੇ ਵਿਚ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਨੇ ਕਿਹਾ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਮ੍ਰਿਤਕ ਦੇ ਪਿਤਾ ਰਾਜ ਸਿੰਘ ਨੇ ਕਿਹਾ ਕਿ ਉਸਦਾ ਬੇਟਾ ਸੁਖਪਾਲ ਸਿੰਘ ਆਪਣੀ ਐਕਟਿਵਾ ’ਤੇ ਸੰਧੂ ਜਿੰਮ ਤੋਂ ਵਾਪਸ ਆ ਰਿਹਾ ਸੀ ਤਾਂ ਟਰਾਲਾ ਘੋੜਾ ਚਾਲਕ ਕਥਿਤ ਦੋਸ਼ੀ ਗੁਰਜੰਟ ਸਿੰਘ ਨਿਵਾਸੀ ਪਿੰਡ ਲੱਖੋ ਕੇ ਬਹਿਰਾਮ (ਫਿਰੋਜ਼ਪੁਰ) ਹਾਲ ਬਹੋਨਾ ਚੌਂਕ ਮੋਗਾ ਨੇ ਲਾਪ੍ਰਵਾਹੀ ਨਾਲ ਗੱਡੀ ਚਲਾਉਂਦਿਆਂ ਮੇਰੇ ਬੇਟੇ ਦੀ ਸਕੂਟਰੀ ਵਿਚ ਪਿੱਛੋਂ ਲਿਆ ਕੇ ਮਾਰਿਆ।
ਇਸ ਹਾਦਸੇ ਵਿਚ ਮੇਰੇ ਬੇਟੇ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਉਸਦੀ ਸਕੂਟਰੀ ਵੀ ਟੁੱਟ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਕਥਿਤ ਦੋਸ਼ੀ ਗੁਰਜੰਟ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਉਕਤ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਬਰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਉਪਰੰਤ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।