ਗੁ. ਸ਼ਹੀਦ ਬਾਬਾ ਸੰਗਤ ਸਿੰਘ ਦੀ ਪ੍ਰਬੰਧਕ ਕਮੇਟੀ ਦਾ ਵਿਵਾਦ ਗਰਮਾਇਆ
Saturday, Mar 31, 2018 - 01:27 PM (IST)

ਅੰਮ੍ਰਿਤਸਰ (ਛੀਨਾ)- ਗੁ. ਸ਼ਹੀਦ ਬਾਬਾ ਸੰਗਤ ਸਿੰਘ ਦੀ ਪ੍ਰਬੰਧਕ ਕਮੇਟੀ ਸਬੰਧੀ ਦਿਨੋ-ਦਿਨ ਵਿਵਾਦ ਗਰਮਾਉਂਦਾ ਜਾ ਰਿਹਾ ਹੈ। ਅੱਜ ਮੁਹੱਲਾ ਸੁਧਾਰ ਕਮੇਟੀ ਗੁਰੂ ਨਾਨਕਪੁਰਾ ਰਾਂਝੇ ਦੀ ਹਵੇਲੀ ਦੇ ਪ੍ਰਧਾਨ ਅਮਰੀਕ ਸਿੰਘ ਸੰਧੂ ਨੇ ਆਪਣੇ ਸਮਰਥਕਾਂ ਨਾਲ ਇਕ ਅਹਿਮ ਮੀਟਿੰਗ ਕੀਤੀ, ਜਿਸ ਵਿਚ ਉਨ੍ਹਾਂ ਕਿਹਾ ਕਿ ਗੁ. ਸ਼ਹੀਦ ਬਾਬਾ ਸੰਗਤ ਸਿੰਘ ਦੀ ਉਸਾਰੀ ਵਾਸਤੇ ਕੋਈ ਕਾਰਸੇਵਾ ਨਹੀਂ ਆਰੰਭੀ ਗਈ, ਗੁਰਦੁਆਰਾ ਕਮੇਟੀ ਦੇ ਆਪੇ ਬਣੇ ਪ੍ਰਧਾਨ ਅਵਤਾਰ ਸਿੰਘ ਜੋ ਕਿ ਅੰਮ੍ਰਿਤਧਾਰੀ ਵੀ ਨਹੀਂ ਹੈ, ਵੱਲੋਂ ਆਪਣੇ ਨਿੱਜੀ ਫਾਇਦੇ ਲਈ ਗੁਰਦੁਆਰਾ ਸਾਹਿਬ ਦੀ ਜਗ੍ਹਾ 'ਤੇ ਦੁਕਾਨਾਂ ਬਣਵਾਈਆਂ ਜਾ ਰਹੀਆਂ ਹਨ, ਜਿਸ ਦਾ ਇਲਾਕੇ ਦੀ ਸੰਗਤ ਨੇ ਵਿਰੋਧ ਕੀਤਾ ਸੀ ਤੇ ਹੁਣ ਇਹ ਕੰਮ ਰੁਕਵਾ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਜਗ੍ਹਾ ਤਾਂ ਪਹਿਲਾਂ ਹੀ ਬਹੁਤ ਥੋੜ੍ਹੀ ਹੈ ਤੇ ਉਸ ਜਗ੍ਹਾ 'ਤੇ ਸੰਗਤਾਂ ਲਈ ਬੈਠਣ ਵਾਸਤੇ ਹਾਲ ਤਿਆਰ ਹੋਣਾ ਚਾਹੀਦਾ ਹੈ, ਨਾ ਕਿ ਨਿੱਜੀ ਫਾਇਦੇ ਵਾਸਤੇ ਦੁਕਾਨਾਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਸ਼੍ਰੋਮਣੀ ਕਮੇਟੀ ਨੂੰ ਅਪੀਲ ਕਰਦੇ ਹਾਂ ਕਿ ਗੁ. ਸ਼ਹੀਦ ਬਾਬਾ ਸੰਗਤ ਸਿੰਘ ਦੀ ਪ੍ਰਬੰਧਕ ਕਮੇਟੀ ਸਬੰਧੀ ਪੈਦਾ ਹੋਏ ਵਿਵਾਦ ਨੂੰ ਹੱਲ ਕਰਨ ਲਈ ਆਪਣੀ ਨਿਗਰਾਨੀ ਹੇਠ ਨਵੀਂ ਕਮੇਟੀ ਬਣਾਉਣ ਲਈ ਵੋਟਿੰਗ ਕਰਵਾਈ ਜਾਵੇ, ਇਲਾਕੇ ਦੀ ਸੰਗਤ ਜਿਸ ਧਿਰ ਨੂੰ ਵੀ ਸੇਵਾ ਦਾ ਮਾਣ ਬਖਸ਼ੇਗੀ ਉਹ ਸਭ ਨੂੰ ਪ੍ਰਵਾਨ ਹੋਵੇਗੀ।
ਇਸ ਸਮੇਂ ਸੁਰਜੀਤ ਸਿੰਘ ਗਿੱਲ, ਦਪਿੰਦਰ ਸਿੰਘ ਕਪੂਰ, ਬੂਟਾ ਸਿੰਘ ਸੰਧੂ, ਸੁਰਜੀਤ ਸਿੰਘ ਬੱਬੀ, ਯਾਦਵਿੰਦਰ ਸਿੰਘ ਸੰਧੂ ਤੇ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਹਾਜ਼ਰ ਸਨ।