ਥਰਮਲ ਮੋਰਚਾ : ਵੀਨੂ ਬਾਦਲ ਨੇ ਗੱਲਬਾਤ ਲਈ ਮੰਗਿਆ 2 ਦਿਨ ਦਾ ਸਮਾਂ

Friday, Feb 16, 2018 - 10:44 AM (IST)

ਬਠਿੰਡਾ (ਪਰਮਿੰਦਰ)-ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਵਿਰੋਧ 'ਚ ਸੰਘਰਸ਼ਸ਼ੀਲ ਮੁਲਾਜ਼ਮਾਂ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਪਤਨੀ ਵੀਨੂ ਬਾਦਲ ਨੇ ਭਰੋਸਾ ਦਿੱਤਾ ਹੈ ਕਿ ਉਹ 2 ਦਿਨਾਂ ਤੋਂ ਉਕਤ ਹਮਲੇ ਸਬੰਧੀ ਵਿੱਤ ਮੰਤਰੀ ਨਾਲ ਗੱਲ ਕਰੇਗੀ। ਇਸ ਦੇ ਬਾਵਜੂਦ ਥਰਮਲ ਮੁਲਾਜ਼ਮ 19 ਫਰਵਰੀ ਨੂੰ ਕੀਤੇ ਜਾਣ ਵਾਲੇ ਵੱਡੇ ਐਕਸ਼ਨ ਦੀਆਂ ਤਿਆਰੀਆਂ ਵਿਚ ਜੁਟੇ ਹੋਏ ਹਨ। ਵੀਰਵਾਰ ਨੂੰ 46ਵੇਂ ਦਿਨ ਵੀ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੇ ਧਰਨਾ ਜਾਰੀ ਰੱਖਿਆ ਤੇ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮੋਰਚੇ ਦੇ ਕਨਵੀਨਰ ਰਾਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ 19 ਫਰਵਰੀ ਨੂੰ ਕੀਤੇ ਜਾਣ ਵਾਲੇ ਵਿਸ਼ਾਲ ਰੋਸ ਪ੍ਰਦਰਸ਼ਨ ਲਈ ਲਾਮਬੰਦੀ ਕੀਤੀ ਜਾ ਰਹੀ ਹੈ। ਮੋਰਚੇ ਲਈ ਰਾਸ਼ਨ ਤੇ ਫੰਡ ਵੀ ਇਕੱਠਾ ਕੀਤਾ ਜਾ ਰਿਹਾ ਹੈ। ਕਮੇਟੀ ਮੈਂਬਰ ਅਸ਼ਵਨੀ ਕੁਮਾਰ, ਵਿਜੇ ਕੁਮਾਰ ਆਦਿ ਨੇ ਦੱਸਿਆ ਕਿ ਬੀਤੀ ਦਿਨ ਗਣੇਸ਼ਾ ਬਸਤੀ ਵਿਚ ਉਨ੍ਹਾਂ ਦੀ ਵਿੱਤ ਮੰਤਰੀ ਦੀ ਪਤਨੀ ਵੀਨੂ ਬਾਦਲ ਨਾਲ ਮੁਲਾਕਾਤ ਹੋਈ ਸੀ, ਜਿਸ ਵਿਚ ਉਨ੍ਹਾਂ ਕਿਹਾ ਕਿ ਉਹ 2 ਦਿਨਾਂ ਵਿਚ ਵਿੱਤ ਮੰਤਰੀ ਨਾਲ ਗੱਲਬਾਤ ਕਰ ਕੇ ਲਿਖਤੀ ਸਮਝੌਤੇ ਨੂੰ ਲਾਗੂ ਕਰਨ ਲਈ ਕਹੇਗੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਮਸਲਿਆਂ ਦਾ ਹੱਲ ਨਹੀਂ ਹੋਇਆ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਗੁਰਦਿੱਤਾ ਸਿੰਘ ਗੋਰਾ, ਗਗਨਦੀਪ ਸਿੰਘ ਪ੍ਰੈੱਸ ਸਕੱਤਰ ਕ੍ਰਿਪਾਲ ਸਿੰਘ, ਹਰਪ੍ਰੀਤ ਸਿੰਘ ਆਦਿ ਮੌਜੂਦ ਸਨ।


Related News