ਰਾਜਾ ਵੜਿੰਗ ਨੇ ਕੈਪਟਨ-ਬਾਦਲ ਦਾ ਹਵਾਲਾ ਦਿੰਦਿਆਂ ਸੁਖਬੀਰ ਨੂੰ ਦਿੱਤੀ ਸਲਾਹ

Wednesday, Oct 23, 2024 - 12:01 PM (IST)

ਰਾਜਾ ਵੜਿੰਗ ਨੇ ਕੈਪਟਨ-ਬਾਦਲ ਦਾ ਹਵਾਲਾ ਦਿੰਦਿਆਂ ਸੁਖਬੀਰ ਨੂੰ ਦਿੱਤੀ ਸਲਾਹ

ਸ੍ਰੀ ਮੁਕਤਸਰ ਸਾਹਿਬ (ਵੈੱਬ ਡੈਸਕ): ਪੰਜਾਬ ਵਿਚ 4 ਵਿਧਾਨ ਸਭਾ ਹਲਕਿਆਂ 'ਤੇ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਵਿਚੋਂ ਗਿੱਦੜਬਾਹਾ ਹਲਕੇ ਨੂੰ ਸਭ ਤੋਂ ਹੌਟ ਸੀਟ ਮੰਨਿਆ ਜਾ ਰਿਹਾ ਹੈ। ਇੱਥੋਂ ਆਮ ਆਦਮੀ ਪਾਰਟੀ ਵੱਲੋਂ ਡਿੰਪੀ ਢਿੱਲੋਂ, ਕਾਂਗਰਸ ਵੱਲੋਂ ਅੰਮ੍ਰਿਤਾ ਵੜਿੰਗ ਅਤੇ ਭਾਜਪਾ ਵੱਲੋਂ ਮਨਪ੍ਰੀਤ ਬਾਦਲ ਨੂੰ ਚੋਣ ਮੈਦਾਨ ਵਿਚ ਉਤਾਰ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਥੇ ਉਮੀਦਵਾਰ ਦਾ ਐਲਾਨ ਹੋਣਾ ਬਾਕੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਾਜਾ ਵੜਿੰਗ ਨੇ ਇੱਥੋਂ ਸੁਖਬੀਰ ਬਾਦਲ ਨੂੰ ਆਪ ਚੋਣ ਲੜਣ ਦੀ ਸਲਾਹ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲ 'ਚ ਵੱਡਾ ਹਾਦਸਾ! ਖ਼ਤਰੇ 'ਚ ਪਈ ਕਈ ਵਿਦਿਆਰਥੀਆਂ ਦੀ ਜਾਨ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਇਹ ਵਿਚਾਰਧਾਰਾ ਬਣਦੀ ਜਾ ਰਹੀ ਹੈ ਕਿ ਸੁਖਬੀਰ ਬਾਦਲ ਤੇ ਮਨਪ੍ਰੀਤ ਬਾਦਲ ਆਹਮੋ-ਸਾਹਮਣੇ ਚੋਣ ਨਹੀਂ ਲੜਣਗੇ। ਵੜਿੰਗ ਨੇ ਕਿਹਾ ਕਿ ਪਹਿਲਾਂ ਉਹ ਵੀ ਇਹ ਗੱਲ ਕਹਿੰਦੇ ਰਹੇ ਹਨ ਤੇ ਫ਼ਿਰ ਸਰੂਪ ਸਿੰਗਲਾ, ਡਿੰਪੀ ਢਿੱਲੋਂ ਨੇ ਵੀ ਇਹੀ ਗੱਲ ਕਹੀ ਹੈ ਕਿ ਸੁਖਬੀਰ ਬਾਦਲ ਤੇ ਮਨਪ੍ਰੀਤ ਬਾਦਲ ਅੰਦਰਖਾਤੇ ਇਕੱਠੇ ਹਨ। ਵੜਿੰਗ ਨੇ ਕਿਹਾ ਕਿ ਪਹਿਲਾਂ ਵਿਚਾਰਧਾਰਾ ਬਣ ਗਈ ਸੀ ਕਿ ਬਾਦਲ ਤੇ ਕੈਪਟਨ ਰਲ਼ੇ ਹੋਏ ਹਨ, ਤਾਂ ਲੋਕਾਂ ਨੇ ਦੋਹਾਂ ਨੂੰ ਨਹੀਂ ਬਖਸ਼ਿਆ। ਹੁਣ ਮਨਪ੍ਰੀਤ ਬਾਦਲ ਤੇ ਸੁਖਬੀਰ ਬਾਦਲ ਬਾਰੇ ਵੀ ਇਹੀ ਵਿਚਾਰਧਾਰਾ ਬਣ ਰਹੀ ਹੈ। 

ਸੁਖਬੀਰ ਬਾਦਲ ਨੂੰ ਕੀਤੀ ਬੇਨਤੀ

ਰਾਜਾ ਵੜਿੰਗ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਬੇਨਤੀ ਹੈ ਕਿ ਜੇ ਅਕਾਲੀ ਦਲ ਨੂੰ ਜਿਉਂਦਾ ਰੱਖਣਾ ਹੈ ਤਾਂ ਉਨ੍ਹਾਂ ਨੂੰ ਆਪ ਚੋਣ ਮੈਦਾਨ ਵਿਚ ਉਤਰ ਕੇ ਲੜਣਾ ਚਾਹੀਦਾ ਹੈ। ਇਸ ਨਾਲ ਇਕ ਤਾਂ ਇਹ ਮੋਹਰ ਉਤਰ ਜਾਵੇਗੀ ਕਿ ਦੋਵੇਂ ਭਰਾ ਆਪਸ ਵਿਚ ਰਲ਼ੇ ਹੋਏ ਹਨ। ਦੂਜੀ ਇਹ ਗੱਲ ਹੋ ਜਾਵੇਗੀ ਕਿ ਆਪਣੀ ਹੋਂਦ ਬਚਾਉਣ ਲਈ ਜਰਨਲ ਸਾਹਮਣੇ ਆ ਗਿਆ। ਵੜਿੰਗ ਨੇ ਕਿਹਾ ਕਿ ਜੇ ਸੁਖਬੀਰ ਹੁਣ ਗਿੱਦੜਬਾਹਾ ਤੋਂ ਚੋਣ ਨਹੀਂ ਲੜ ਸਕਦੇ ਤਾਂ ਫ਼ਿਰ ਕੰਮ ਖ਼ਤਮ ਹੈ। ਉਨ੍ਹਾਂ ਕਿਹਾ ਕਿ ਇਹ ਵੀ ਚਰਚਾਵਾਂ ਹਨ ਕਿ ਸ਼ਾਇਦ ਅਕਾਲੀ ਦਲ ਇਹ ਚੋਣਾਂ ਲੜੇ ਹੀ ਨਾ, ਪਰ ਜੇ ਚੋਣ ਨਾ ਲੜੀ ਤਾਂ ਉਨ੍ਹਾਂ ਦੀ ਹੋਂਦ ਹੀ ਖ਼ਤਮ ਹੋ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਜਾਣ ਦੀ ਤਿਆਰੀ 'ਚ ਸੀ ਕੁੜੀ, ਫ਼ਿਰ ਜੋ ਹੋਇਆ ਉਹ ਸੋਚਿਆ ਨਾ ਸੀ

ਕਿਹਾ, ਲੁਕਵੀਆਂ ਖੇਡਾਂ ਨਾ ਖੇਡੋ

ਵੜਿੰਗ ਨੇ ਕਿਹਾ ਕਿ ਪਹਿਲਾਂ ਜਦੋਂ ਮਨਪ੍ਰੀਤ ਬਾਦਲ ਨੂੰ ਟਿਕਟ ਮਿਲੀ ਸੀ ਤਾਂ ਉਹ ਹਰਸਿਮਰਤ ਕੋਲੋਂ ਜਾਣ ਬੁੱਝ ਕੇ ਹਾਰਿਆ ਸੀ। ਫ਼ਿਰ ਜਦੋਂ ਮੈਨੂੰ ਟਿਕਟ ਮਿਲੀ ਤਾਂ ਮਨਪ੍ਰੀਤ ਨੇ ਮੰਤਰੀ ਹੁੰਦਿਆਂ ਮੈਨੂੰ ਹਰਵਾਇਆ। ਪਿਛਲੀਆਂ ਜ਼ਿਮਨੀ ਚੋਣਾਂ ਵਿਚ ਵੀ ਮਨਪ੍ਰੀਤ ਨੇ ਕਾਂਗਰਸੀ ਹੋਣ ਦੇ ਬਾਵਜੂਦ ਡਿੰਪੀ ਢਿੱਲੋਂ ਦੀ ਮਦਦ ਕੀਤੀ। ਜੇ ਇਹ ਦੋਵੇਂ ਆਹਮੋ-ਸਾਹਮਣੇ ਚੋਣ ਨਹੀਂ ਲੜਦੇ ਤਾਂ ਸੁਖਬੀਰ ਬਾਦਲ ਤੇ ਮਨਪ੍ਰੀਤ ਬਾਦਲ ਇਕੱਠੇ ਜਾਪਦੇ ਹਨ। ਇਸ ਗੱਲ ਨਾਲ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ। ਉਨ੍ਹਾਂ ਨੇ ਮਨਪ੍ਰੀਤ ਬਾਦਲ ਤੇ ਸੁਖਬੀਰ ਬਾਦਲ ਨੂੰ ਕਿਹਾ ਕਿ ਜਾਂ ਤਾਂ ਇਕ ਹੋ ਜਾਓ ਤੇ ਕਹਿ ਦਿਓ ਕਿ ਅਸੀਂ ਇਕੱਠੇ ਹਾਂ। ਇਹ ਗੱਲ ਖੁੱਲ੍ਹ ਕੇ ਕਹਿ ਦੇਣ ਕਿ ਸਾਡਾ ਪਿਆਰ ਹੈ ਤੇ ਅਸੀਂ ਇਕ ਦੂਜੇ ਦੇ ਸਾਹਮਣੇ ਨਹੀਂ ਲੜਾਂਗੇ। ਪਰ ਲੁਕਵੀਆਂ ਖੇਡਾਂ ਖੇਡਣ ਵਾਲਾ ਵਿਅਕਤੀ ਮਰ ਜਾਂਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News