ਬਾਬੇ ਦੇ ਵਿਆਹ ਪੁਰਬ 'ਤੇ ਲੱਗੀਆਂ ਰੌਣਕਾਂ, ਤਸਵੀਰਾਂ 'ਚ ਦੇਖੋ ਨਗਰ ਕੀਰਤਨ ਦਾ ਅਲੌਕਿਕ ਨਜ਼ਾਰਾ
Wednesday, Sep 04, 2019 - 11:25 AM (IST)
ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਬੰਧੀ ਬਰਾਤ ਰੂਪੀ ਵਿਸ਼ਾਲ ਨਗਰ ਕੀਰਤਨ ਸੁਲਤਨਪੁਰ ਲੋਧੀ ਦੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਬਟਾਲਾ ਤੱਕ ਜਾਲੋ-ਜਲਾਲ ਨਾਲ ਰਵਾਨਾ ਹੋਈ। ਵਿਆਹ ਪੁਰਬ ਦੀ ਪੁਰਾਤਨ ਪਰੰਪਰਾ ਅਨੁਸਾਰ ਬੀਤੀ ਰਾਤ ਹੀ ਬਟਾਲਾ ਤੋਂ ਭਾਰੀ ਗਿਣਤੀ 'ਚ ਸ਼ਰਧਾਲੂ ਸੰਗਤਾਂ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਪੁੱਜੀਆਂ ਸਨ। ਉਨ੍ਹਾਂ ਦੱਸਿਆ ਕਿ ਸਦੀਆਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਲਤਾਨਪੁਰ ਲੋਧੀ ਤੋਂ ਬਾਰਾਤ ਲੈ ਕੇ ਬਟਾਲਾ ਗਏ ਸਨ ਅਤੇ ਉਸੇ ਯਾਦ 'ਚ ਇਹ ਮਹਾਨ ਨਗਰ ਕੀਰਤਨ ਲੈਣ ਲਈ ਇੱਥੇ ਪੁੱਜੇ ਹਨ।
ਇਹ ਨਗਰ ਕੀਰਤਨ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਅੱਜ ਸਵੇਰੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਆਰੰਭ ਹੋਇਆ, ਜਿਸ ਦਾ ਤਲਵੰਡੀ ਪੁਲ ਚੌਕ, ਖਾਲਸਾ ਮਾਰਬਲ ਹਾਊਸ, ਪਿੰਡ ਮੇਵਾ ਸਿੰਘ ਵਾਲਾ, ਸਵਾਲ, ਸ਼ਾਲਾਪੁਰ ਬੇਟ, ਤਲਵੰਡੀ ਚੌਧਰੀਆ, ਮੰਗੂਪੁਰ, ਮੁੰਡੀ ਮੋੜ, ਫੱਤੂ ਢੀਂਗਾ, ਗੁਰਦੁਆਰਾ ਲੰਗਰ ਸਾਹਿਬ ਉੱਚਾ, ਖੈੜਾ ਬੇਟ, ਆਦਿ ਥਾਵਾਂ 'ਤੇ ਹਜ਼ਾਰਾਂ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ।
ਨਗਰ ਕੀਰਤਨ ਦੌਰਾਨ ਟਰੈਕਟਰ ਟਰਾਲੀਆਂ ਅਤੇ ਹੋਰ ਗੱਡੀਆਂ ਚ ਵੱਖ-ਵੱਖ ਢਾਡੀ, ਰਾਗੀ ਅਤੇ ਕਵੀਸ਼ਰੀ ਜਥਿਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰ ਇਤਿਹਾਸ ਨਾਲ ਨਿਹਾਲ ਕੀਤਾ। ਇਸ ਸਮੇਂ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸ਼੍ਰੋਮਣੀ ਕਮੇਟੀ ਮੈਂਬਰ ਜਥੇ ਗੁਰਿੰਦਰਪਾਲ ਸਿੰਘ ਗੋਰਾ , ਜਥੇ ਸ਼ਿੰਗਾਰਾ ਸਿੰਘ ਲੋਹੀਆਂ ,ਜਥੇ ਸਰਵਨ ਸਿੰਘ ਕੁਲਾਰ, ਬੀਬੀ ਗੁਰਪ੍ਰੀਤ ਕੌਰ ਰੂਹੀ, ਜਥੇ ਜਰਨੈਲ ਸਿੰਘ ਡੋਗਰਾਵਾਲ , ਜਥੇ ਬਲਦੇਵ ਸਿੰਘ ਕਲਿਆਣ , ਪੰਜਾਬ ਦੇ ਕੈਬਨਿਟ ਮੰਤਰੀ ਇੰਦਰ ਸਿੰਗਲਾ, ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ , ਤੋਂ ਇਲਾਵਾ ਸੰਤਾਂ ਮਹਾਂਪੁਰਸ਼ਾਂ ਅਤੇ ਹੋਰ ਹਜ਼ਾਰਾਂ ਸੰਗਤਾਂ ਹਾਜਰੀ ਭਰੀ।
ਇਸ ਸਮੇਂ ਖਾਲਸਾ ਮਾਰਬਲ ਹਾਊਸ ਵਿਖੇ ਜਥੇ ਪਰਮਿੰਦਰ ਸਿੰਘ ਖਾਲਸਾ ਦੀ ਅਗਵਾਈ 'ਚ ਲੱਡੂਆਂ ਦਾ ਪ੍ਰਸ਼ਾਦਿ ਵੰਡਿਆ ਗਿਆ ਅਤੇ ਚਾਹ- ਪਕੌੜੇ ਦੇ ਲੰਗਰ ਲਗਾਏ ਗਏ। ਇਸ ਸਮੇਂ ਸਮੂਹ ਰਾਜਨੀਤਕ ਪਾਰਟੀਆਂ ਦੇ ਲੀਡਰ ਇਕੱਠੇ ਹੋ ਕੇ ਨਗਰ ਕੀਰਤਨ 'ਚ ਨਾਮ ਸਿਮਰਨ ਕਰਦੇ ਦੇਖੇ ਗਏ।
ਹਵਾਈ ਜਹਾਜ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ। ਸੰਗਤਾਂ ਵੱਲੋਂ ਫੁੱਲਾਂ ਨਾਲ ਸਜਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਮਗਰ ਗੁਰਬਾਣੀ ਦੇ ਸ਼ਬਦ ਗਾਇਨ ਕੀਤੇ ਗਏ ਤੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਜਗਤ ਮਾਤਾ ਸਲੱਖਣੀ ਜੀ ਦੀ ਜੈ ਜੈ ਕਾਰ ਦੇ ਸ਼ਬਦ ਗਾਇਨ ਕੀਤੇ। ਇਸ ਆਲੌਕਿਕ ਨਜ਼ਾਰੇ ਨੂੰ ਦੇਖ ਕੇ ਹਰ ਇਕ ਪ੍ਰਾਣੀ ਦਾ ਸਿਰ ਸ਼ਰਧਾ ਨਾਲ ਝੁਕ ਗਿਆ ।