ਕੌਮਾਂਤਰੀ ਨਗਰ ਕੀਰਤਨ ਦੇ ਚਡ਼੍ਹਾਵੇ ਨਾਲ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਸਕੂਲ ਖੋਲ੍ਹਣ ਦੀ ਸਿਫਾਰਸ਼

11/16/2019 1:37:16 AM

ਅੰਮ੍ਰਿਤਸਰ (ਦੀਪਕ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਸਜਾਏ ਗਏ ਕੌਮਾਂਤਰੀ ਨਗਰ ਕੀਰਤਨ ਸਬੰਧੀ ਸਬ-ਕਮੇਟੀ ਦੀ ਅੱਜ ਹੋਈ ਇਕੱਤਰਤਾ ’ਚ ਨਗਰ ਕੀਰਤਨ ਦੌਰਾਨ ਸੰਗਤ ਵੱਲੋਂ ਚਡ਼੍ਹਾਏ ਗਏ ਪੈਸਿਆਂ ਨਾਲ ਪਹਿਲੇ ਪਾਤਸ਼ਾਹ ਜੀ ਦੇ ਨਾਂ ’ਤੇ ਵਧੀਆ ਸਕੂਲ ਖੋਲ੍ਹਣ ਦੀ ਸਿਫਾਰਸ਼ ਕੀਤੀ ਗਈ ਹੈ। ਨਗਰ ਕੀਰਤਨ ਦੇ ਪ੍ਰਬੰਧਕ ਅਤੇ ਸਬ-ਕਮੇਟੀ ਦੇ ਚੇਅਰਮੈਨ ਜਥੇਦਾਰ ਤੋਤਾ ਸਿੰਘ ਦੀ ਅਗਵਾਈ ’ਚ ਹੋਈ ਇਕੱਤਰਤਾ ’ਚ ਆਮਦਨ ਅਤੇ ਖ਼ਰਚਿਆਂ ਸਬੰਧੀ ਰਿਪੋਰਟ ’ਤੇ ਵਿਚਾਰ-ਵਟਾਂਦਰੇ ਮਗਰੋਂ ਸਮੂਹ ਮੈਂਬਰਾਂ ਦੀ ਸਹਿਮਤੀ ਨਾਲ ਇਹ ਸਿਫਾਰਸ਼ ਕੀਤੀ ਗਈ।
ਇਕੱਤਰਤਾ ’ਚ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ, ਜਥੇ. ਕਰਨੈਲ ਸਿੰਘ ਪੰਜੋਲੀ, ਦਰਬਾਰਾ ਸਿੰਘ ਗੁਰੂ, ਬਲਦੇਵ ਸਿੰਘ ਮਾਨ, ਦਲਜੀਤ ਸਿੰਘ ਭਿੰਡਰ, ਅਜਮੇਰ ਸਿੰਘ ਖੇਡ਼ਾ, ਸਵਿੰਦਰ ਸਿੰਘ ਸੱਭਰਵਾਲ, ਸਕੱਤਰ ਮਨਜੀਤ ਸਿੰਘ, ਸਕੱਤਰ ਸਿੰਘ ਮੀਤ ਸਕੱਤਰ ਆਦਿ ਮੌਜੂਦ ਸਨ। ਇਸ ਦੌਰਾਨ ਆਮ ਰਾਇ ਬਣੀ ਕਿ ਸੰਗਤ ਦੇ ਪੈਸਿਆਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਪੁਰਬ ਨੂੰ ਸਮਰਪਿਤ ਯਾਦਗਾਰ ਵਜੋਂ ਗੁਰੂ ਸਾਹਿਬ ਦੇ ਨਾਂ ’ਤੇ ਵੱਖ-ਵੱਖ ਜ਼ਿਲਿਆਂ ’ਚ ਸੰਗਤ ਦੇ ਸਹਿਯੋਗ ਨਾਲ ਸਕੂਲ ਖੋਲ੍ਹੇ ਜਾਣ।

ਇਕੱਤਰਤਾ ਮਗਰੋਂ ਜਥੇ. ਤੋਤਾ ਸਿੰਘ ਨੇ ਕਿਹਾ ਕਿ ਨਗਰ ਕੀਰਤਨ ਦਾ ਪਾਕਿਸਤਾਨ ਅਤੇ ਭਾਰਤ ਦੇ 17 ਰਾਜਾਂ ’ਚ ਸੰਗਤ ਵੱਲੋਂ ਕੀਤੇ ਗਏ ਭਰਵੇਂ ਸਵਾਗਤ ਲਈ ਸ਼੍ਰੋਮਣੀ ਕਮੇਟੀ ਧੰਨਵਾਦੀ ਹੈ। ਇਹ ਕਾਰਜ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਹੈ। ਨਗਰ ਕੀਰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਸੰਦੇਸ਼ ਨੂੰ ਪ੍ਰਚਾਰਨ ਦੇ ਨਾਲ-ਨਾਲ ਸ਼ਤਾਬਦੀ ਸਮਾਗਮਾਂ ਸਬੰਧੀ ਪੂਰੇ ਦੇਸ਼ ’ਚ ਚੇਤਨਾ ਅਤੇ ਉਤਸ਼ਾਹ ਪੈਦਾ ਕਰਨ ਵਿਚ ਸਫਲ ਹੋਇਆ ਹੈ।

ਇਸੇ ਦੌਰਾਨ ਨਗਰ ਕੀਰਤਨ ਦੇ ਕੋਆਰਡੀਨੇਟਰ ਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਬਾਠ ਨੇ ਨਗਰ ਕੀਰਤਨ ਦੌਰਾਨ ਸੰਗਤ ਵੱਲੋਂ ਚਡ਼੍ਹਾਏ ਗਏ ਪੈਸਿਆਂ ਦੇ ਵੇਰਵੇ ਵੀ ਜਾਰੀ ਕੀਤੇ। ਉਨ੍ਹਾਂ ਦੱਸਿਆ ਕਿ ਭਾਰਤ ਦੇ 17 ਸੂਬਿਆਂ ’ਚ ਸੰਗਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਣ ਸਮੇਂ 10 ਕਰੋਡ਼ 13 ਲੱਖ 68 ਹਜ਼ਾਰ 601 ਰੁਪਏ ਚਡ਼੍ਹਾਏ ਗਏ, ਜਦਕਿ ਸਾਰੇ ਨਗਰ ਕੀਰਤਨ ਦੌਰਾਨ 1 ਕਰੋਡ਼ 73 ਲੱਖ 4 ਹਜ਼ਾਰ, 444 ਰੁਪਏ ਦਾ ਖ਼ਰਚਾ ਹੋਇਆ। ਇਸ ਦੌਰਾਨ ਸੰਗਤ ਵੱਲੋਂ ਗੱਡੀਆਂ ਦੀ ਰਿਪੇਅਰ, ਤੇਲ ਅਤੇ ਸੰਗਤ ਦੀ ਰਿਹਾਇਸ਼ ਆਦਿ ਦੀ ਵੀ ਲਾ-ਮਿਸਾਲ ਸੇਵਾ ਕੀਤੀ ਗਈ ਹੈ, ਜਿਸ ਨੂੰ ਭੁੱਲਿਆ ਨਹੀਂ ਜਾ ਸਕਦਾ। ਇਸ ਤੋਂ ਇਲਾਵਾ ਸੰਗਤ ਨੇ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕਰਦਿਆਂ ਸੋਨਾ, ਚਾਂਦੀ, ਵਿਦੇਸ਼ੀ ਕਰੰਸੀ ਆਦਿ ਚਡ਼੍ਹਾ ਕੇ ਵੀ ਸ਼ਰਧਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਮੂਹ ਸੰਗਤਾਂ ਦਾ ਧੰਨਵਾਦ ਕਰਦੀ ਹੈ।


Sunny Mehra

Content Editor

Related News