...ਕੀ ਬਾਬੇ ਦੇ ਵਿਆਹ ਪੁਰਬ ਤੱਕ ਜਗਣਗੀਆਂ ਸ਼ਹਿਰ ਦੀਆਂ ਲਾਈਟਾਂ?
Tuesday, Aug 31, 2021 - 10:58 AM (IST)
ਬਟਾਲਾ (ਜ. ਬ., ਯੋਗੀ, ਅਸ਼ਵਨੀ) - ਇਸ ਸਾਲ ਵੀ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਬਟਾਲਾ ’ਚ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ, ਜਿਸ ’ਚ ਸ਼ਾਮਲ ਹੋਣ ਲਈ ਦੂਰ-ਦੁਰਾਡੇ ਤੋਂ ਸੰਗਤਾਂ ਆਉਂਦੀਆਂ ਹਨ। ਜ਼ਿਕਰਯੋਗ ਹੈ ਕਿ ਵਿਆਹ ਪੁਰਬ ਨੂੰ ਬੱਸ ਕੁੱਝ ਦਿਨ ਹੀ ਰਹਿ ਗਏ ਹਨ। ਸ਼ਹਿਰ ’ਚ ਜਿਨ੍ਹਾਂ ਰਸਤੇ ਰਾਹੀਂ ਸੰਗਤਾਂ ਨੇ ਆਉਣਾ-ਜਾਣਾ ਹੈ, ਉਨ੍ਹਾਂ ਰਸਤੇ ਦੀਆਂ ਸਟਰੀਟ ਲਾਈਟਾਂ ਕਈ ਚਿਰਾਂ ਤੋਂ ਬੰਦ ਪਈਆਂ ਹੈ, ਜਿਸ ਕਰ ਕੇ ਸੰਗਤਾਂ ਨੂੰ ਭਾਰੀ ਪ੍ਰੇਸ਼ਾਨੀਆਂ ਹੋਣਗੀਆਂ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪ੍ਰਸ਼ਾਸਨ ਵੱਲੋਂ ਬਟਾਲਾ-ਡੇਰਾ ਰੋਡ ’ਤੇ ਬਣੇ ਫਲਾਈਓਵਰ ਪੁਲ ਤੋਂ ਅਨਾਜ ਮੰਡੀ ਤੱਕ ਲਾਈਟਾਂ ਲਗਾਈਆ ਗਈਆ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਬੰਦ ਪਈਆ ਹਨ, ਜਿਸ ਕਰ ਕੇ ਲੋਕਾਂ ਨੂੰ ਮੁਸ਼ਕਲ ਹੁੰਦੀ ਹੈ। ਇਸ ਤੋਂ ਇਲਾਵਾ ਜਲੰਧਰ ਰੋਡ, ਬੱਸ ਸਟੈਂਡ ਦੇ ਨਜ਼ਦੀਕ, ਫੁਆਰਾ ਚੌਕ, ਅੰਮ੍ਰਿਤਸਰ ਰੋਡ, ਚੱਕਰੀ ਬਾਜ਼ਾਰ, ਸਿਟੀ ਰੋਡ, ਡੇਰਾ ਰੋਡ ਪੁਲ ਦੇ ਹੇਠਾਂ ਆਦਿ ਸਥਾਨਾਂ ’ਤੇ ਸਟਰੀਟ ਲਾਈਟਾ ਨਾਂ ਜੱਗਣ ਕਾਰਨ ਜਿਥੇ ਵਿਆਹ ਪੁਰਬ ’ਚ ਆਉਣ ਵਾਲੀਆਂ ਸੰਗਤਾਂ ਨੂੰ ਪ੍ਰੇਸ਼ਾਨੀ ਹੋਵੇਗੀ, ਉਥੇ ਹੀ ਰੋਜ਼ਾਨਾ ਆਉਣ-ਜਾਣ ਵਾਲੇ ਰਾਹਗੀਰਾਂ, ਰੇਹੜੀ ਵਾਲਿਆਂ, ਦੁਕਾਨਦਾਰਾਂ ਨੂੰ ਮੁਸ਼ਕਲ ਹੋ ਰਹੀ ਹੈ।
ਜ਼ਿਕਰਯੋਗ ਹੈ ਕਿ ਸਟਰੀਟ ਲਾਈਟਾਂ ਨਾਂ ਜਗਣ ਕਾਰਨ ਹਨੇਰੇ ਦਾ ਫ਼ਾਈਦਾ ਉਠਾਣ ਲਈ ਬਹੁਤ ਸਾਰੇ ਲੁੱਟਾਂ-ਖੋਹਾਂ ਕਰਨ ਵਾਲੇ ਅਨਸਰ ਸਰਗਰਮ ਰਹਿੰਦੇ ਹਨ, ਜੋ ਹਨੇਰੇ ਵਿੱਚ ਲੋਕਾਂ ਤੋਂ ਪੈਸੇ, ਮੋਬਾਇਲ ਆਦਿ ਖੋਹ ਲੈਂਦੇ ਹਨ। ਉਕਤ ਇਲਾਕੇ ਦੇ ਮੋਹਤਬਰਾਂ ਨੇ ਦੱਸਿਆ ਕਿ ਉਨ੍ਹਾਂ ਕਈ ਵਾਰ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਇਸ ਸਮੱਸਿਆ ਬਾਰੇ ਜਾਣੂ ਕਰਵਾਇਆ ਹੈ ਪਰ ਉਨ੍ਹਾਂ ਨੇ ਇਸ ਸੱਮਸਿਆ ਦਾ ਹੱਲ ਨਹੀਂ ਕੀਤਾ। ਇਸ ਲਈ ਇਲਾਕਾ ਵਾਸੀਆਂ ਦੀ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਹੈ ਕਿ ਬਾਬਾ ਜੀ ਦੇ ਵਿਆਹ ਪੁਰਬ ਦੀ ਆਮਦ ਨੂੰ ਮੁੱਖ ਰੱਖਦੇ ਹੋਏ ਉਕਤ ਸਾਰਿਆ ਰਸਤਿਆਂ ਦੀਆਂ ਸਟਰੀਟ ਲਾਈਟਾਂ ਨੂੰ ਤੁਰੰਤ ਠੀਕ ਕਰਵਾ ਕੇ ਜਗਾਇਆ ਜਾਵੇ, ਤਾਂ ਜੋ ਸੰਗਤ ਬਿਨਾਂ ਕਿਸੇ ਡਰ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਸਕੇ।