ਅਕਾਲੀ ਆਗੂ ਦਾ ਉਪਰਾਲਾ, ਸ਼ਰਧਾਲੂਆਂ ਨੂੰ ਗੁਰੂਧਾਮਾਂ ਦੇ ਕਰਵਾਏਗਾ ਦਰਸ਼ਨ

01/01/2019 1:29:11 PM

ਸੰਗਰੂਰ (ਪ੍ਰਿੰਸ ਪਰੋਚਾ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਵੱਖ-ਵੱਖ ਧਾਰਮਿਕ ਸਮਾਗਮਾਂ ਦਾ ਆਗਾਜ਼ ਹੋ ਚੁੱਕਾ ਹੈ। ਇਸ ਤਹਿਤ ਸੰਗਰੂਰ ਦੇ ਸੁਨਾਮ ਉਧਮ ਸਿੰਘ ਵਾਲਾ ਤੋਂ ਇਕ ਬੱਸ ਸ੍ਰੀ ਹਰਿਮੰਦਰ ਸਾਹਿਬ ਰਵਾਨਾ ਕੀਤੀ ਗਈ। ਦਰਅਸਲ ਅਕਾਲੀ ਨੇਤਾ ਤੇ ਪੀ.ਆਰ.ਟੀ.ਸੀ. ਦੇ ਸਾਬਕਾ ਵਾਈਸ ਚੇਅਰਮੈਨ ਵਿਨਰਜੀਤ ਸਿੰਘ ਖੜਿਆਲ ਵਲੋਂ ਮੁਫਤ ਬੱਸ ਸੇਵਾ ਸ਼ੁਰੂ ਕੀਤੀ ਗਈ, ਜਿਸ ਤਹਿਤ ਸ਼ਰਧਾਲੂਆਂ ਨੂੰ ਗੋਇੰਦਵਾਲ ਸਾਹਿਬ, ਸੁਲਤਾਨਪੁਰ ਲੋਧੀ ਤੇ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਵਾਏ ਜਾਣਗੇ। ਅੱਜ ਰਵਾਨਾ ਹੋਈ ਬੱਸ 'ਚ 60 ਤੋਂ ਵੱਧ ਸ਼ਰਧਾਲੂ ਗੁਰੂਧਾਮਾਂ ਦੇ ਦਰਸ਼ਨ ਕਰਨਗੇ। ਵਿਨਰਜੀਤ ਸਿੰਘ ਨੇ ਦੱਸਿਆ ਕਿ ਇਹ ਮੁਫਤ ਸੇਵਾ ਪੂਰਾ ਸਾਲ ਚੱਲੇਗੀ ਅਤੇ ਹਰ ਮਹੀਨੇ ਦੀ ਪਹਿਲੀ ਤਾਰੀਕ ਨੂੰ ਬੱਸ ਸ਼ਰਧਾਲੂਆਂ ਨੂੰ ਗੁਰੂਧਾਮਾਂ ਦੇ ਦਰਸ਼ਨ ਕਰਵਾਉਣ ਲਈ ਰਵਾਨਾ ਹੋਵੇਗੀ। 
ਦੂਜੇ ਪਾਸੇ ਇਸ ਯਾਤਰਾ ਦੇ ਸ਼ੁਰੂ ਹੋਣ ਨਾਲ ਸ਼ਰਧਾਲੂਆਂ 'ਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਅਕਾਲੀ ਆਗੂ ਦਾ ਇਹ ਉਪਰਾਲਾ ਉਨ੍ਹਾਂ ਸੰਗਤਾਂ ਲਈ ਵਰਦਾਨ ਹੈ, ਜੋ ਆਰਥਿਕ ਪੱਖੋਂ ਕਮਜ਼ੋਰ ਹੋਣ ਕਰਕੇ ਗੁਰੂਧਾਮਾਂ ਦੇ ਦਰਸ਼ਨਾਂ ਤੋਂ ਵਾਂਝੇ ਰਹਿ ਜਾਂਦੇ ਹਨ।


Gurminder Singh

Content Editor

Related News