ਨੈਕ ਨੇ ਗੁਰੂ ਨਾਨਕ ਕਾਲਜ ਬੁੱਢਲਾਡਾ ਨੂੰ ਏ-ਗਰੇਡ ਕਾਲਜ ਐਲਾਨਿਆਂ

Friday, Nov 03, 2017 - 02:55 PM (IST)

ਬੁੱਢਲਾਡਾ (ਬਾਂਸਲ) — ਯੂਨੀਵਰਸਿਟੀ ਗਰਾਂਟ ਕਮਿਸ਼ਨ (ਯੂ. ਜੀ. ਸੀ.) ਵਲੋਂ ਦੇਸ਼ ਦੇ ਉੱਚ ਵਿਦਿਆ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਦਾ ਮੁਲਾਂਕਣ ਕਰਨ ਲਈ ਸਥਾਪਤ ਨੈਸ਼ਨਲ ਅਸੈਸਮੈਂਟ ਐਂਡ ਐਕਰੀਡਿਊਟੇਨ ਕਾਊਂਸਿਲ ਬੰਗਲੌਰ (ਨੈਕ) ਵਲੋਂ ਸਥਾਨਕ ਗੁਰੂ ਨਾਨਕ ਕਾਲਜ ਨੂੰ ਏ ਗਰੇਡ ਕਾਲਜ ਘੋਸ਼ਿਤ ਕੀਤਾ ਹੈ। ਜ਼ਿਕਰਯੋਗ ਹੈ ਕਿ ਮਿਤੀ 18 ਤੇ 19 ਸਤੰਬਰ 2017 ਤਕ ਨੈਕ ਪੀਅਰ ਟੀਮ ਵਲੋਂ ਕਾਲਜ ਦਾ ਨਿਰੀਖਣ ਕੀਤਾ ਗਿਆ ਸੀ, ਜਿਸ 'ਚ ਕਾਲਜ ਦੇ ਸਿੱਖਿਆ ਢਾਂਚੇ ਨੂੰ ਜਾਂਚਿਆਂ ਗਿਆ। ਕਾਲਜ ਵਲੋਂ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਜਿਵੇਂ ਸਮਾਰਟ ਕਲਾਸਰੂਮ, ਅਤਿ ਆਧੁਨਿਕ ਲੈਬ, ਆਨ ਲਾਈਨ ਡਿਜੀਟਲ ਲਾਇਬਰੇਰੀ, ਸੈਮੀਨਾਰ ਹਾਲ, ਬਹੁਮੰਤਵੀ ਖੇਡ ਇੰਡੋਰ ਸਟੇਡਿਅਮ, ਪੌਲੀ ਹਾਊਸ, ਗਰੀਨ ਹਾਊਸ ਤੇ ਖੇਤੀਬਾੜੀ ਖੋਜ ਕੇਂਦਰ ਦਾ ਦੌਰਾ ਕੀਤਾ ਗਿਆ। ਕਾਲਜ ਦੀਆਂ ਅਕਾਦਮਿਕ, ਖੇਡਾਂ ਸੱਭਿਆਚਾਰ ਤੇ ਕਾਲਜ ਵਲੋਂ ਹੋਰ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੇ ਦਸਤਾਵੇਜਾਂ ਨੂੰ ਪ੍ਰਮਾਣਿਤ ਕੀਤਾ ਗਿਆ। ਨੈਕ ਪੀਅਰ ਟੀਮ ਵਲੋਂ ਕਾਲਜ ਦੀ ਮੈਨੇਜਮੈਂਟ ਕਮੇਟੀ, ਅਧਿਆਪਕਾਂ, ਵਿਦਿਆਰਥੀਆਂ ਤੇ ਕਾਲਜ ਦੀ ਓਲਡ ਸਟੂਡੇਂਟ ਐਸੋਸੀਏਸ਼ਨ ਨਾਲ ਮੀਟਿੰਗ ਕਰਕੇ ਕਾਲਜ ਦੀਆਂ ਸਮੁੱਚੀਆਂ ਗਤੀਵਿਧੀਆਂ ਦਾ ਮੁਲਾਂਕਣ ਕੀਤਾ। ਕਾਲਜ ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਕਾਲਜ ਦੇ ਸਮੂਹ ਸਟਾਫ, ਵਿਦਿਆਰਥੀਆਂ ਤੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦਿਆਂ ਜਾਣਕਾਰੀ ਦਿੱਤੀ ਕਿ ਨੈਕ ਦੀ 28ਵੀਂ ਸਟੈਡਿੰਗ ਕਮੇਟੀ ਵਲੋਂ ਪਹਿਲਾਂ ਸਾਇਕਲ 'ਚ ਦੇਸ਼ ਭਰ ਦੇ ਕੁੱਲ 215 ਕਾਲਜਾਂ ਦਾ ਮੁਲਾਂਕਣ ਕੀਤਾ ਗਿਆ, ਜਿਸ 'ਚ ਪੰਜਾਬ ਦੇ 7 ਕਾਲਜ ਸ਼ਾਮਲ ਸਨ, ਜਿਨ੍ਹਾਂ 'ਚੋਂ ਨੈਕ ਦੇ ਸਖਤ ਮਾਪਦੰਡਾਂ 'ਤੇ ਖਰਾ ਉਤਰਦਿਆਂ ਇਸ ਸੰਸਥਾ ਨੇ ਪੰਜਾਬ ਸੂਬੇ 'ਚੋਂ ਸਭ ਤੋਂ ਵੱਧ 3.10 ਸੀ. ਜੀ. ਪੀ. ਸਕੋਰ ਪ੍ਰਾਪਤ ਕਰਦੇ ਹੋਏ ਏ-ਗਰੇਡ ਹਾਸਲ ਕੀਤਾ ਹੈ। ਅੰਤ 'ਚ ਡਾ. ਬੱਲ ਨੇ ਕਾਲਜ ਪ੍ਰਬੰਧਕ ਕਮੇਟੀ, ਜ਼ਿਲਾ ਪ੍ਰਧਾਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਜਿਨ੍ਹਾਂ ਨੇ ਇਸ ਕਾਰਜ ਨੂੰ ਸੰਪੂਰਨ ਕਰਨ ਲਈ ਹਰ ਸੰਭਵ ਸਹਾਇਤਾ ਕਾਲਜ ਨੂੰ ਪ੍ਰਦਾਨ ਕਰਵਾਈ।


Related News