ਪੀ. ਐੈੱਨ. ਬੀ. ਨੇ ਗੁਰੂ ਗੋਬਿੰਦ ਸਿੰਘ ਸਟੇਡੀਅਮ ’ਤੇ ਕਬਜ਼ਾ ਲੈ ਕੇ ਲਾਈ ਸਿੰਬਾਲਿਕ ਸੀਲ

08/29/2018 6:07:52 AM

ਜਲੰਧਰ,    (ਪੁਨੀਤ)— ਗੁਰੂ ਗੋਬਿੰਦ ਸਿੰਘ ਸਟੇਡੀਅਮ ’ਤੇ ਪੀ. ਐੱਨ. ਬੀ. ਬੈਂਕ ਵਲੋਂ  ਕੀਤੀ ਜਾਣ ਵਾਲੀ ਕਾਰਵਾਈ ਹੋ ਹੀ ਗਈ, ਇੰਪਰੂਵਮੈਂਟ ਟਰੱਸਟ ਅਧਿਕਾਰੀਆਂ ਦੀਅਾਂ  ਸਾਰੀਆਂ ਕੋਸ਼ਿਸ਼ਾਂ ਅਸਫਲ ਸਾਬਤ ਹੋਈਅਾਂ ਅਤੇ ਗੁਰੂ ਗੋਬਿੰਦ ਸਿੰਘ ਸਟੇਡੀਅਮ   ’ਤੇ ਬੈਂਕ ਨੇ  ਕਬਜ਼ਾ ਕਰਦੇ ਹੋਏ ਨੋਟਿਸ ਚਿਪਕਾ ਕੇ ਸਿੰਬਾਲਿਕ ਸੀਲ ਲਗਾ ਦਿੱਤੀ। ਨੋਟਿਸ ਦੇ ਨਾਲ-ਨਾਲ  ਸਟੇਡੀਅਮ ਦੀਆਂ ਕੰਧਾਂ ’ਤੇ ਪੇਂਟ ਨਾਲ ਲਿਖਵਾ ਦਿੱਤਾ ਗਿਆ ਕਿ 77 ਕਨਾਲ 18 ਮਰਲੇ ਤੇ  120 ਫੁੱਟ ਜ਼ਮੀਨ ’ਤੇ ਬਣੇ ਉਕਤ ਸਟੇਡੀਅਮ ‘ਸਾਰਫੇਸੀ ਐਕਟ 2002’ ਮੁਤਾਬਿਕ  ਕਬਜ਼ਾ ਲੈ ਲਿਆ ਹੈ। ਉਕਤ ਕਾਰਵਾਈ ਟਰੱਸਟ ਵਲੋਂ ਲੋਨ ਦਾ 110 ਕਰੋੜ ਰੁਪਏ ਬਕਾਇਆ ਨਾ  ਚੁਕਾਉਣ ਦੇ ਕਾਰਨ ਕੀਤੀ ਗਈ ਹੈ। ਬੈਂਕ ਤੋਂ ਟਰੱਸਟ  ਨੇ 2011 ’ਚ 173 ਕਰੋੜ ਦਾ ਲੋਨ ਲਿਆ ਸੀ,  ਜਿਸ ਨੂੰ ਟਰੱਸਟ 7 ਸਾਲ ਵਿਚ  ਵੀ ਨਹੀਂ ਚੁਕਾ ਸਕਿਆ, ਜਿਸ ਕਾਰਨ ਟਰੱਸਟ ’ਤੇ ਉਕਤ ਕਾਰਵਾਈ  ਕੀਤੀ ਜਾ ਰਹੀ ਹੈ। 
ਸਵੇਰੇ 11 ਵਜੇ ਕਬਜ਼ਾ ਲੈਣ ਪਹੁੰਚੀ ਬੈਂਕ ਦੀ ਟੀਮ  ਨੇ ਇਕ ਘੰਟੇ ਤੋਂ  ਘੱਟ ਸਮੇਂ ਵਿਚ ਕਾਰਵਾਈ ਦੌਰਾਨ ਕਈ ਸਟੇਡੀਅਮ ਦੇ ਐਂਟਰੀ ਪੁਆਇੰਟ ’ਤੇ ਨੋਟਿਸ ਲਗਾਉਣ ਦੇ  ਨਾਲ ਹਿੰਦੀ ਤੇ ਅੰਗਰੇਜ਼ੀ ਵਿਚ ਪੇਂਟ ਨਾਲ ਕਬਜ਼ਾ ਲੈਣ ਸਬੰਧੀ ਲਿਖਵਾ ਦਿੱਤਾ। ਪੀ. ਐੱਨ.  ਬੀ. ਬੈਂਕ ਦੀ ਜੀ. ਟੀ. ਰੋਡ ਬ੍ਰਾਂਚ ’ਚ ਇਕੱਠੇ ਹੋਏ ਬੈਂਕ ਅਧਿਕਾਰੀ 11.15 ’ਤੇ ਕਬਜ਼ਾ  ਲੈਣ ਨਿਕਲੇ ਤੇ 11.25 ’ਤੇ ਸਟੇਡੀਅਮ ਪਹੁੰਚ ਕੇ ਨੋਟਿਸ ਲਗਵਾਉਣ ਦੀ ਕਾਰਵਾਈ ਸ਼ੁਰੂ ਕੀਤੀ,  ਜੋ ਕਿ 12.15 ਤਕ ਚੱਲੀ ਅਤੇ ਬੈਂਕ ਅਧਿਕਾਰੀ ਸਿੰਬਾਲਿਕ ਕਬਜ਼ਾ ਲੈ ਕੇ ਬੈਂਕ ਵਾਪਸ ਪਰਤ  ਆਏ। ਇਸੇ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਵੇਖਣ ਨੂੰ ਨਹੀਂ ਮਿਲਿਆ। ਜਦੋਂ ਬੈਂਕ  ਅਧਿਕਾਰੀ ਨੋਟਿਸ ਲਗਾ ਰਹੇ ਸਨ ਉਸ ਸਮੇਂ ਟਰੱਸਟ ਦਾ ਕੋਈ ਕਰਮਚਾਰੀ ਉਥੇ ਮੌਜੂਦ ਨਹੀਂ ਸੀ।  ਕਬਜ਼ਾ ਲੈਣ ਗਈ ਟੀਮ ’ਚ ਪੀ. ਐੱਨ. ਬੀ. ਦੇ ਏ. ਜੀ. ਐੱਮ. ਕੇ. ਸੀ. ਗਰਰਾਨੀ, ਸੀਨੀਅਰ  ਮੈਨੇਜਰ ਧਰਮ ਚੰਦ, ਚੀਫ ਮੈਨੇਜਰ ਤਿਲਕ ਰਾਜ ਕਾਲੜਾ, ਰਾਕੇਸ਼ ਮੱਲ੍ਹਣ, ਲਾਅ ਆਫੀਸਰ ਨਤਾਸ਼ਾ,  ਐਡਵੋਕੇਟ ਸੰਦੀਪ ਕਾਲੀਆ  ਤੇ ਅਜੇ ਕੁਮਾਰ ਮੌਜੂਦ ਸਨ। 
ਕਿਸੇ ਤਰ੍ਹਾਂ ਦਾ ਕੋਈ ਵਿਰੋਧ ਵੇਖਣ ਨੂੰ ਨਹੀਂ ਮਿਲਿਆ
ਕਬਜ਼ਾ ਲੈਣ ਗਈ ਟੀਮ ਨੂੰ ਕਿਸੇ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ। ਬੈਂਕ ਵਲੋਂ  ਉਕਤ ਕਾਰਵਾਈ ਕਰਨ ਤੋਂ ਪਹਿਲਾਂ ਬੀਤੇ ਰੋਜ਼ ਟਰੱਸਟ ਦੀ ਈ. ਓ. ਸੁਰਿੰਦਰ ਕੁਮਾਰੀ ਨਾਲ  ਮੁਲਾਕਾਤ ਵੀ ਕੀਤੀ ਗਈ ਸੀ। ਬੈਂਕ ਅਧਿਕਾਰੀਆਂ ਨੇ ਕਿਹਾ ਕਿ ਟਰੱਸਟ ਨੇ ਉਨ੍ਹਾਂ ਨੂੰ  ਜਲਦੀ ਹੀ ਹੋਰ ਰਾਸ਼ੀ ਅਦਾ ਕਰਨ ਦੀ ਗੱਲ ਕਹਿੰਦੇ ਹੋਏ ਕਬਜ਼ਾ ਨਾ ਲੈਣ ਨੂੰ ਕਿਹਾ ਸੀ।  ਟਰੱਸਟ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੈਂਕ ਨੂੰ ਕਿਹਾ ਗਿਆ ਸੀ ਕਿ ਟਰੱਸਟ ਦੀ ਕਿਸੇ ਹੋਰ  ਜ਼ਮੀਨ ’ਤੇ ਕਬਜ਼ਾ ਲੈ ਲਓ ਪਰ ਸਟੇਡੀਅਮ ’ਤੇ ਸਿੰਬਾਲਿਕ ਸੀਲ ਨਾ ਲਗਾਓ ਕਿਉਂਕਿ ਪਬਲਿਕ  ਇਥੇ ਸੈਰ ਕਰਦੀ ਹੈ। ਬੈਂਕ ਵਲੋਂ ਜੁਲਾਈ ’ਚ ਸੀਲ ਕਰਨ ਦਾ ਨੋਟਿਸ ਦੇਣ ਦੇ ਬਾਅਦ ਵੀ ਹੁਣ  ਤਕ ਟਰੱਸਟ ਨੇ 1.40 ਕਰੋੜ ਰੁਪਏ ਜਮ੍ਹਾ ਕਰਵਾਏ ਪਰ ਟਰੱਸਟ ਬੈਂਕ ਦੇ ਖਾਤਿਆਂ ਨੂੰ ਐੱਨ.  ਪੀ. ਏ. ਤੋਂ ਬਾਹਰ ਨਹੀਂ ਕਢਵਾ ਸਕਿਆ। 70 ਲੱਖ ਦੀ ਜੋ ਰਾਸ਼ੀ ਦੇਣ ਨੂੰ ਟਰੱਸਟ ਨੇ ਕਿਹਾ  ਸੀ ਉਹ ਵੀ ਨਹੀਂ ਦਿੱਤੀ ਗਈ, ਜਿਸ ਕਾਰਨ ਬੈਂਕ ਨੇ ਇਹ ਕਾਰਵਾਈ ਕੀਤੀ।
 


Related News