ਅੱਧੀ ਰਾਤ ਗੁਰੂ ਘਰ ’ਚ ਦਾਖਲ ਹੋਏ ਪਿੰਡ ਦੇ ਦੋ ਨੌਜਵਾਨ, ਹੁੰਦਿਆਂ-ਹੁੰਦਿਆਂ ਟਲੀ ਵਾਰਦਾਤ

Wednesday, Jul 31, 2024 - 11:37 AM (IST)

ਅੱਧੀ ਰਾਤ ਗੁਰੂ ਘਰ ’ਚ ਦਾਖਲ ਹੋਏ ਪਿੰਡ ਦੇ ਦੋ ਨੌਜਵਾਨ, ਹੁੰਦਿਆਂ-ਹੁੰਦਿਆਂ ਟਲੀ ਵਾਰਦਾਤ

ਸਮਾਣਾ (ਦਰਦ, ਅਸ਼ੋਕ) : ਬੀਤੀ ਰਾਤ ਸਮਾਣਾ ਨੇੜਲੇ ਦੋਦੜਾ ਦੇ ਗੁਰੂ ਘਰ ’ਚ ਪਿੰਡ ਵਾਸੀ 2 ਨੌਜਵਾਨਾਂ ਵੱਲੋਂ ਚੋਰੀ ਦੀ ਅਸਫਲ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਭਿਨਕ ਲੱਗਦਿਆਂ ਹੀ ਪਿੰਡ ਵਾਸੀਆਂ ਨੇ ਰੌਲਾ ਪਾ ਦਿੱਤਾ ਅਤੇ ਫਰਾਰ ਹੋਣ ਦੀ ਕੋਸ਼ਿਸ਼ ’ਚ ਇਕ ਨੌਜਵਾਨ ਲਖਬੀਰ ਸਿੰਘ ਨਿਵਾਸੀ ਪਿੰਡ ਦੋਦੜਾ ਨੂੰ ਕਾਬੂ ਕਰ ਲਿਆ, ਜਦੋਂ ਕਿ ਉਸ ਦਾ ਦੂਜਾ ਸਾਥੀ ਫਰਾਰ ਹੋਣ ’ਚ ਸਫਲ ਰਿਹਾ, ਜਿਸ ਦੀ ਪਛਾਣ ਗੁਰਪ੍ਰੀਤ ਸਿੰਘ ਨਿਵਾਸੀ ਪਿੰਡ ਦੋਦੜਾ ਵਜੋਂ ਹੋਈ। ਸੂਚਨਾ ਮਿਲਣ ’ਤੇ ਸਦਰ ਪੁਲਸ ਮੁਖੀ ਅਵਤਾਰ ਸਿੰਘ ਅਤੇ ਸਬੰਧਤ ਪੁਲਸ ਚੌਕੀ ਮਵੀਕਲਾਂ ਇੰਚਾਰਜ ਹਰਦੀਪ ਸਿੰਘ ਵਿਰਕ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਕਾਬੂ ਕੀਤੇ ਨੌਜਵਾਨ ਨੂੰ ਹਿਰਾਸਤ ’ਚ ਲੈ ਲਿਆ।
ਪਿੰਡ ਵਾਸੀਆਂ ਅਨੁਸਾਰ ਮੁਲਜ਼ਮ ਨੌਜਵਾਨਾਂ ਨੇ ਸ਼ਹਿਰ ਦੇ ਕੁਝ ਹੋਰ ਨੌਜਵਾਨਾਂ ਨਾਲ ਮਿਲ ਕੇ ਇਕ ਗਿਰੋਹ ਬਣਾ ਰੱਖਿਆ ਹੈ, ਜੋ ਨਸ਼ੇ ਦੀ ਪੂਰਤੀ ਲਈ ਚੋਰੀ ਅਤੇ ਹੋਰ ਗੈਰ-ਕਾਨੂੰਨੀ ਕੰਮਾਂ ’ਚ ਸ਼ਾਮਲ ਹੈ। ਸੋਮਵਾਰ ਅੱਧੀ ਰਾਤ ਪੌੜੀ ਲਗਾ ਕੇ ਮੁਲਜ਼ਮ ਗੁਰਦੁਆਰਾ ਸਾਹਿਬ ’ਚ ਦਾਖ਼ਲ ਹੋਏ ਅਤੇ ਲਾਈਟ ਬੰਦ ਕਰ ਕੇ ਕੈਮਰਿਆਂ ਨੂੰ ਘੁੰਮਾ ਦਿੱਤਾ।

ਇਸੇ ਦੌਰਾਨ ਗੁਰੂ ਘਰ ਦੇ ਨੇੜੇ ਰਹਿਣ ਵਾਲੇ ਇਕ ਵਿਅਕਤੀ ਨੇ ਉਨ੍ਹਾਂ ਨੂੰ ਵੇਖ ਲੈਣ ’ਤੇ ਰੌਲਾ ਪਾ ਦਿੱਤਾ ਅਤੇ ਪਿੰਡ ਵਾਸੀ ਇਕੱਠੇ ਹੋ ਗਏ। ਕਾਬੂ ਕੀਤੇ ਗਏ ਨੌਜਵਾਨ ਨੇ ਪਿੰਡ ਵਾਸੀਆਂ ਸਾਹਮਣੇ ਚੋਰੀ ਦੀਆਂ ਕਈ ਹੋਰ ਘਟਨਾਵਾਂ ’ਚ ਸ਼ਾਮਲ ਹੋਣ ਸਬੰਧੀ ਗੱਲ ਵੀ ਕਬੂਲੀ। ਮਵੀਕਲਾਂ ਪੁਲਸ ਇੰਚਾਰਜ ਹਰਦੀਪ ਸਿੰਘ ਅਨੁਸਾਰ ਮੁਲਜ਼ਮ ਲਖਬੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਨਿਵਾਸੀ ਪਿੰਡ ਦੌਦੜਾ ਖਿਲਾਫ ਮਾਮਲਾ ਦਰਜ ਕਰਕੇ ਪੁਲਸ ਨੇ ਫਰਾਰ ਮੁਲਜ਼ਮ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News