ਹੜ੍ਹ ਰੋਕੂ ਕੰਮਾਂ ਲਈ ਸਰਕਾਰ ਕੋਲ ਪੈਸੇ ਦੀ ਕੋਈ ਕਮੀ ਨਹੀਂ : ਕਾਂਗੜ

07/19/2019 2:32:27 PM

ਚੰਡੀਗੜ੍ਹ (ਭੁੱਲਰ) : ਪੰਜਾਬ ਸਰਕਾਰ ਕੋਲ ਹੜ੍ਹ ਰੋਕੂ ਕੰਮਾਂ ਲਈ ਪੈਸੇ ਦੀ ਕੋਈ ਕਮੀ ਨਹੀਂ ਹੈ ਅਤੇ ਮੀਂਹ ਦੇ ਮੌਜੂਦਾ ਮੌਸਮ 'ਚ ਹੜ੍ਹਾਂ 'ਤੇ ਕਾਬੂ ਕਰਨ ਲਈ ਸਾਰੇ ਪ੍ਰਬੰਧ ਕੀਤੇ ਜਾਣਗੇ। ਪੰਜਾਬ ਦੇ ਮਾਲ, ਮੁੜ-ਵਸੇਬਾ ਅਤੇ ਕੁਦਰਤੀ ਆਫ਼ਤਾਂ ਸਬੰਧੀ ਵਿਭਾਗ ਦੇ ਮੰਤਰੀ ਗੁਰਪ੍ਰੀਤ ਕਾਂਗੜ ਨੇ ਦਾਅਵਾ ਕਰਦਿਆਂ ਕਿਹਾ ਕਿ ਸੰਗਰੂਰ, ਪਟਿਆਲਾ, ਬਠਿੰਡਾ ਅਤੇ ਰਾਜ ਦੇ ਕੁਝ ਹੋਰ ਜ਼ਿਲਿਆਂ 'ਚ ਬਣੀ ਹੜ੍ਹਾਂ ਵਰਗੀ ਸਥਿਤੀ ਨਾਲ ਨਜਿੱਠਣ ਲਈ ਫੌਜ ਅਤੇ ਐੱਨ. ਡੀ. ਆਰ. ਐੱਫ. ਨਾਲ ਲਗਾਤਾਰ ਸੰਪਰਕ ਰੱਖਿਆ ਜਾ ਰਿਹਾ ਹੈ। ਸੰਗਰੂਰ ਜ਼ਿਲੇ 'ਚ ਸਥਿਤੀ ਨੂੰ ਦੇਖਦਿਆਂ ਫੌਜ ਬੁਲਾਈ ਗਈ ਹੈ ਅਤੇ ਐੱਨ. ਡੀ. ਆਰ. ਐੱਫ. ਦੀ ਸਹਾਇਤਾ ਵੀ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਅਤੇ ਜਿੱਥੇ ਵੀ ਲੋੜ ਪਵੇਗੀ ਸਥਿਤੀ 'ਤੇ ਕੰਟਰੋਲ ਕਰਨ ਲਈ ਫੌਜ ਨੂੰ ਬੁਲਾਉਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਵੇਂ ਹੜ੍ਹਾਂ ਦੀ ਰੋਕਥਾਮ ਲਈ ਪਹਿਲਾਂ ਵੀ ਫੰਡ ਜਾਰੀ ਕੀਤੇ ਜਾਂਦੇ ਹਨ ਪਰ ਜੇ ਪੈਸੇ ਦੀ ਹੋਰ ਲੋੜ ਵੀ ਪੈਂਦੀ ਹੈ ਤਾਂ ਸਰਕਾਰ ਤੁਰੰਤ ਦੇਵੇਗੀ।

ਬਠਿੰਡਾ 'ਚ ਮੀਂਹ ਨਾਲ ਪੈਦਾ ਹੋਈ ਹੜ੍ਹਾਂ ਦੀ ਸਥਿਤੀ ਬਾਰੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਦੇ ਬਿਆਨ 'ਤੇ ਕਾਂਗੜ ਨੇ ਕਿਹਾ ਕਿ ਸਾਡੀ ਸਰਕਾਰ ਤਾਂ ਹਾਲੇ ਢਾਈ ਸਾਲ ਪਹਿਲਾਂ ਹੀ ਬਣੀ ਹੈ ਪਰ ਪਿਛਲੇ 10 ਸਾਲ ਬਾਦਲ ਸਰਕਾਰ ਸੱਤਾ 'ਚ ਰਹੀ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਦੀ ਲਗਾਤਾਰ ਐੱਮ. ਪੀ. ਰਹਿਣ ਦੇ ਬਾਵਜੂਦ ਹਰਸਿਮਰਤ ਬਠਿੰਡਾ 'ਚ ਮੀਂਹ ਪਾਣੀ ਦੇ ਨਿਕਾਸ ਦੀ ਸਮੱਸਿਆ ਹੱਲ ਕਰਵਾਉਣ 'ਚ ਨਾਕਾਮ ਰਹੀ ਹੈ ਅਤੇ ਇਸ ਕਰਕੇ ਬਠਿੰਡਾ ਦੀ ਹਾਲਤ ਲਈ ਬਾਦਲ ਸਰਕਾਰ ਹੀ ਜ਼ਿੰਮੇਵਾਰ ਹੈ। ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਬਠਿੰਡਾ ਦੀ ਇਸ ਸਮੱਸਿਆ ਦੇ ਹੱਲ ਲਈ ਪੂਰੇ ਯਤਨ ਕਰੇਗੀ।

ਦੱਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਬਾਰਿਸ਼ ਕਾਰਨ ਬਠਿੰਡਾ ''ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ।  ਮਹਾਨਗਰ ਦੇ ਵੱਖ-ਵੱਖ ਇਲਾਕਿਆਂ 'ਚ ਬਾਰਿਸ਼ ਦੇ ਬਾਅਦ ਵੀ ਹਾਲਾਤ ਗੰਭੀਰ ਬਣੇ ਹੋਏ ਹਨ ਅਤੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਆਪਣੇ ਘਰਾਂ 'ਚ ਫ਼ਸੇ ਹੋਏ ਹਨ। ਹੇਠਲੇ ਇਲਾਕਿਆਂ ਪਾਵਰ ਹਾਊਸ ਰੋਡ, ਸਿਰਕੀ ਬਾਜ਼ਾਰ ਤੇ ਨਜ਼ਦੀਕੀ ਵੱਡਾ ਖੇਤਰ, ਅਮਰੀਕ ਸਿੰਘ ਰੋਡ, ਵੀਰ ਕਾਲੋਨੀ, ਭੱਟੀ ਰੋਡ, ਪਰਸਰਾਮ ਨਗਰ ਤੇ ਹੋਰਾਂ ਇਲਾਕਿਆਂ ਤੋਂ ਪਾਣੀ ਦੀ ਨਿਕਾਸੀ ਨਹੀਂ ਹੋ ਸਕੀ। 


Anuradha

Content Editor

Related News