ਗੁਰਪਿੰਦਰ ਦੀ ਜੇਲ 'ਚ ਹੋਈ ਮੌਤ ਦੀ ਜਾਂਚ ਸ਼ੁਰੂ, ਸੁਰੱਖਿਆ ਪ੍ਰਬੰਧਾਂ 'ਚ ਹੋਇਆ ਪੋਸਟਮਾਰਟਮ
Tuesday, Jul 23, 2019 - 12:01 AM (IST)

ਅੰਮ੍ਰਿਤਸਰ,(ਨੀਰਜ) : ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਪਾਕਿਸਤਾਨ ਤੋਂ ਦਰਾਮਦ ਲੂਣ ਦੀ ਖੇਪ ਤੋਂ 532 ਕਿੱਲੋ ਹੈਰੋਇਨ ਤੇ 52 ਕਿੱਲੋ ਮਿਕਸਡ ਨਾਰਕੋਟਿਕਸ ਫੜੇ ਜਾਣ ਦੇ ਮਾਮਲੇ 'ਚ ਲੂਣ ਦਰਾਮਦ ਕਰਨ ਵਾਲੇ ਵਪਾਰੀ ਤੇ ਮੁੱਖ ਮੁਲਜ਼ਮ ਗੁਰਪਿੰਦਰ ਸਿੰਘ ਦੀ ਜੇਲ 'ਚ ਮੌਤ ਹੋਣ ਤੋਂ ਬਾਅਦ ਸੋਮਵਾਰ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਉਸ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ। ਗੁਰਪਿੰਦਰ ਦੇ ਪਰਿਵਾਰ ਵਾਲਿਆਂ ਨੇ ਜਿੱਥੇ ਇਸ ਮੌਤ ਨੂੰ ਇਕ ਸਾਜ਼ਿਸ਼ ਕਰਾਰ ਦਿੱਤਾ ਹੈ, ਉਥੇ ਹੀ ਅੰਮ੍ਰਿਤਸਰ ਜ਼ਿਲਾ ਪ੍ਰਸ਼ਾਸਨ ਇਸ ਸਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਬਚਦਾ ਰਿਹਾ। ਇਥੋਂ ਤੱਕ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਏ. ਡੀ. ਸੀ. (ਜ) ਅੰਮ੍ਰਿਤਸਰ ਹਿਮਾਂਸ਼ੂ ਅਗਰਵਾਲ ਨੂੰ ਮੈਜਿਸਟਰੇਟ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਸਨ। ਹਿਮਾਂਸ਼ੂ ਅਗਰਵਾਲ ਨੇ ਵੀ ਮੀਡੀਆ ਤੋਂ ਦੂਰੀ ਬਣਾਈ ਰੱਖੀ। ਏ. ਡੀ. ਸੀ. ਨੇ ਇੰਨਾ ਜ਼ਰੂਰ ਕਿਹਾ ਹੈ ਕਿ ਉਨ੍ਹਾਂ ਨੇ ਇਸ ਕੇਸ ਦੀ ਮੈਜਿਸਟਰੇਟ ਜਾਂਚ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਰਿਪੋਰਟ ਤੇ ਹੋਰ ਪਹਿਲੂਆਂ ਨੂੰ ਦੇਖਣ ਤੋਂ ਬਾਅਦ ਹੀ ਉਹ ਸਰਕਾਰ ਨੂੰ ਆਪਣੀ ਰਿਪੋਰਟ ਸੌਂਪਣਗੇ। ਹਾਲਾਂਕਿ ਪੋਸਟਮਾਰਟਮ ਦੌਰਾਨ ਗੁਰਪਿੰਦਰ ਦੇ ਸਰੀਰ 'ਤੇ ਕੋਈ ਅਜਿਹਾ ਜ਼ਖਮ ਨਹੀਂ ਵਿਖਿਆ ਜਿਸ 'ਚ ਉਸ ਦੀ ਹੱਤਿਆ ਜਾਂ ਕਿਸੇ ਤਰ੍ਹਾਂ ਦੇ ਹਮਲੇ ਦੀ ਪੁਸ਼ਟੀ ਹੋ ਸਕੇ।