ਬੁਜ਼ਦਿਲ ਗੁਰਪਤਵੰਤ ਪੰਨੂੰ ਦੀਆਂ ਦੇਸ਼ ਵਿਰੋਧੀਆਂ ਗਤੀਵਿਧੀਆਂ ਤੋਂ ਪੰਜਾਬੀ ਭਲੀ ਭਾਂਤੀ ਜਾਣੂ : ਖੰਨਾ
Saturday, Dec 10, 2022 - 05:22 PM (IST)

ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਤਰਨਤਾਰਨ ਵਿਖੇ ਥਾਣੇ ’ਤੇ ਆਰ. ਪੀ. ਜੀ. ਅਟੈਕ ਦੀ ਸਖ਼ਤ ਲਫਜ਼ਾਂ ’ਚ ਨਿਖੇਧੀ ਕਰਦਿਆਂ ਭਾਜਪਾ ਪੰਜਾਬ ਦੇ ਉੱਪ ਪ੍ਰਧਾਨ ਅਰਵਿੰਦ ਖੰਨਾ ਨੇ ਕਿਹਾ ਕਿ ਮੀਲਾਂ ਦੂਰ ਬੈਠੇ ਸਿੱਖਸ ਫਾਰ ਜਸਟਿਸ ਦੇ ਬੁਜ਼ਦਿਲ ਗੁਰਪਤਵੰਤ ਪੰਨੂੰ ਨੇ ਤਰਨਤਾਰਨ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਮੈਂ ਉਸ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਪੰਜਾਬ ਆਉਣ ਦੀ ਹਿੰਮਤ ਕਰੇ ਪਰ ਉਹ ਅਜਿਹਾ ਨਹੀਂ ਕਰੇਗਾ ਕਿਉਂਕਿ ਉਹ ਜਾਣਦਾ ਹੈ ਕਿ ਪੰਜਾਬੀ ਉਸ ਨੂੰ ਉਸ ਦੀਆਂ ਬੇਤੁਕੀਆਂ ਤੇ ਗੈਰ-ਸੰਵਿਧਾਨਕ ਕਾਰਵਾਈਆਂ ਲਈ ਸਬਕ ਸਿਖਾਉਣਗੇ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਭਾਰਤ ਵਿਰੋਧੀ ਗਤੀਵਿਧੀਆਂ ਦੇ ਮੱਦੇਨਜ਼ਰ ਐੱਸ.ਐੱਫ.ਜੇ. ’ਤੇ ਪਹਿਲਾਂ ਹੀ ਪਾਬੰਦੀ ਲਗਾ ਦਿੱਤੀ ਹੈ।
ਪੰਨੂੰ ਨੇ ਭਵਿੱਖ ਵਿਚ ਅਜਿਹੇ ਹੋਰ ਹਮਲੇ ਹੋਣ ਦੀ ਧਮਕੀ ਦਿੱਤੀ ਹੈ। ਉਸ ਦੀਆਂ ਧਮਕੀਆਂ ਉਸ ਦੇ ਫਿਰਕੂ ਏਜੰਡੇ ਨੂੰ ਬੇਨਕਾਬ ਕਰਦੀਆਂ ਹਨ ਤੇ ਪੂਰੇ ਪੰਜਾਬ ਨੂੰ ਉਸ ਖ਼ਿਲਾਫ਼ ਇਕਜੁੱਟ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਭਾਰਤ ਸਰਕਾਰ ਸਾਡੇ ਸਰਹੱਦੀ ਰਾਜ ਵਿਚ ਸ਼ਾਂਤੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਏਗੀ। ਖੰਨਾ ਨੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਕਾਨੂੰਨ ਵਿਵਸਥਾ ਵੱਲ ਧਿਆਨ ਦੇਵੇ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।