ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਲਈ ਏਜੰਸੀਆਂ ਨੇ ਰਚਿਆ ਸਾਰਾ ਡਰਾਮਾ : ਵਡਾਲਾ
Thursday, Jan 28, 2021 - 11:29 AM (IST)
ਜਲੰਧਰ (ਜ. ਬ.)– ਕਿਸਾਨ ਅੰਦੋਲਨ ਦੌਰਾਨ ਗਣਤੰਤਰ ਦਿਵਸ ਦੇ ਮੌਕੇ ’ਤੇ ਦਿੱਲੀ ਵਿਚ ਕਿਸਾਨ ਟਰੈਕਟਰ ਪਰੇਡ ਕਰਨ ਪਹੁੰਚੇ ਸਨ ਪਰ ਉਥੇ ਜਿਸ ਤਰ੍ਹਾਂ ਹਿੰਸਾ ਭੜਕੀ, ਉਸ ’ਤੇ ਬੋਲਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਨੇਤਾ ਗੁਰਪ੍ਰਤਾਪ ਸਿੰਘ ਵਡਾਲਾ, ਵਿਧਾਇਕ ਨਕੋਦਰ ਨੇ ਕਿਹਾ ਕਿ ਦਿੱਲੀ ਵਿਚ ਜਿਸ ਤਰ੍ਹਾਂ ਕਿਸਾਨ ਅੰਦੋਲਨ ਦਾ ਰੂਟ ਬਦਲਿਆ ਗਿਆ ਅਤੇ ਕਿਸਾਨਾਂ ਦੇ ਟਰੈਕਟਰ ਲਾਲ ਕਿਲੇ ਵਿਚ ਦਾਖਲ ਹੋਏ, ਇਸ ਤੋਂ ਸਾਫ਼ ਹੈ ਕਿ ਇਹ ਸਭ ਕੇਂਦਰ ਸਰਕਾਰ ਅਤੇ ਉਸਦੀਆਂ ਏਜੰਸੀਆਂ ਦੀ ਚਾਲ ਹੈ। ਇਹ ਸਭ ਕਿਸਾਨਾਂ ਦੇ ਅੰਦੋਲਨ ਨੂੰ ਤਾਰਪੀਡੋ ਕਰਨ ਦੀ ਚਾਲ ਹੈ। ਕਿਸਾਨਾਂ ਦਾ ਰੂਟ ਵੀ ਜਾਣਬੁੱਝ ਕੇ ਬਦਲਿਆ ਤਾਂ ਕਿ ਕਿਸਾਨ ਅੰਦੋਲਨ ਵਿਚ ਸ਼ਾਮਲ ਏਜੰਸੀਆਂ ਦੇ ਲੋਕ ਅੰਦੋਲਨ ਨੂੰ ਭੜਕਾਉਣ ਅਤੇ ਹਿੰਸਾ ਫੈਲਾਉਣ।
ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਦਿੱਲੀ ਦੀਆਂ ਸਰਹੱਦਾਂ ਉਤੇ ਪਿਛਲੇ ਦੋ ਮਹੀਨਿਆਂ ਤੋਂ ਡਟੇ ਹੋਏ ਹਨ। 26 ਜਨਵਰੀ ਇਸੇ ਸਬੰਧ ਵਿਚ ਕਿਸਾਨਾਂ ਵੱਲੋਂ ਟਰੈਕਟਰ ਪਰੇਡ ਕੱਢੀ ਗਈ ਸੀ, ਜਿਸ ਦੌਰਾਨ ਲਾਲ ਕਿਲ੍ਹੇ ਵਿਚ ਹਿੰਸਾ ਵੇਖਣ ਨੂੰ ਮਿਲੀ ਸੀ।
ਇਥੇ ਇਹ ਵੀ ਦੱਸ ਦੇਈਏ ਕਿ ਦਿੱਲੀ ਪੁਲਸ ਨੇ ਕਾਰਵਾਈ ਕਰਦਿਆਂ ਉਨ੍ਹਾਂ ਕਿਸਾਨ ਆਗੂਆਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਹੈ, ਜਿਨ੍ਹਾਂ ਨੇ ਟਰੈਕਟਰ ਪਰੇਡ ਕੱਢਣ ਲਈ ਦਿੱਤੀਆਂ ਗਈਆਂ ਸ਼ਰਤਾਂ ਵਾਲੇ ਐੱਨ. ਓ. ਸੀ. ’ਤੇ ਦਸਤਖ਼ਤ ਕੀਤੇ ਸਨ। ਰਾਕੇਸ਼ ਟਿਕੈਤ ਵੀ ਉਨ੍ਹਾਂ ਕਿਸਾਨ ਆਗੂਆਂ ’ਚ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਦਿੱਲੀ ’ਚ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਕਿਸਾਨ ਜਥੇਬੰਦੀਆਂ ’ਚ ਦਰਾਰ ਵੇਖਣ ਨੂੰ ਮਿਲ ਰਹੀ ਹੈ। ਨੋਇਡਾ ਦੇ ਚਿੱਲਾ ਸਰਹੱਦ ’ਤੇ ਕਿਸਾਨ ਜਥੇਬੰਦੀ, ਭਾਰਤੀ ਕਿਸਾਨ ਯੂਨੀਅਨ ਨੇ ਧਰਨਾ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਚਿੱਲੀ ਸਰਹੱਦ ਤੋਂ ਬੈਰੀਕੇਡਜ਼ ਹਟਾ ਦਿੱਤੇ ਗਏ ਹਨ। ਕਰੀਬ 57 ਦਿਨਾਂ ਬਾਅਦ ਦਿੱਲੀ-ਨੋਇਡਾ ਮਾਰਗ ਆਵਾਜਾਈ ਲਈ ਮੁੜ ਤੋਂ ਖੋਲ੍ਹ ਦਿੱਤਾ ਗਿਆ ਹੈ।