ਪੀ. ਏ. ਗੁਰਪਾਲ ਸਿੰਘ ਨੇ ਬਲਵੰਤ ਸਿੰਘ ਰਾਮੂਵਾਲੀਆ ’ਤੇ ਲਾਏ ਵੱਡੇ ਇਲਜ਼ਾਮ
Monday, Sep 26, 2022 - 02:25 AM (IST)
ਲੰਡਨ (ਏਜੰਸੀਆਂ) : ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੇ ਨਿੱਜੀ ਪੀ. ਏ. ਗੁਰਪਾਲ ਸਿੰਘ ਨੂੰ ਪਰਿਵਾਰ ਸਮੇਤ ਜਾਨੋਂ ਮਾਰਨ ਦੀ ਮਿਲੀ ਧਮਕੀ ਤੋਂ ਬਾਅਦ ਪੀ. ਏ. ਨੇ ਰਾਮੂਵਾਲੀਆ ’ਤੇ ਵੱਡੇ ਇਲਜ਼ਾਮ ਲਾ ਕੇ ਤਹਿਲਕਾ ਮਚਾ ਦਿੱਤਾ ਹੈ। ਗੁਰਪਾਲ ਸਿੰਘ ਵੱਲੋਂ ਇਕ ਬਿਆਨ ਰਾਹੀਂ ਕਿਹਾ ਗਿਆ ਹੈ ਕਿ ਲੋਕਾਂ ਦੇ ਇਸ ਮਸੀਹੇ ਦੇ ਅੰਤਰਰਾਸ਼ਟਰੀ ਗੈਂਗਸਟਰਾਂ ਨਾਲ ਬਹੁਤ ਨੇੜਲੇ ਸਬੰਧ ਹਨ। ਉਸ ਮੁਤਾਬਕ ਪੁਲਸ ਕਈ ਸੰਗੀਨ ਜੁਰਮਾਂ ’ਚ ਗੈਂਗਸਟਰ ਜੁਗਨੂੰ ਵਾਲੀਆ ਨੂੰ ਲੱਭ ਰਹ ਸੀ ਤਾਂ ਰਾਮੂਵਾਲੀਆ ਨੇ ਉਸ ਨੂੰ ਆਪਣੀ ਦਿੱਲੀ ਕੋਠੀ ’ਚ ਪਨਾਹ ਦਿੱਤੀ ਹੋਈ ਸੀ। ਗੁਰਪਾਲ ਸਿੰਘ ਨੇ ਵਿਦੇਸ਼ੀ ਲਾੜਿਆ ਵੱਲੋਂ ਛੱਡੀਆਂ ਔਰਤਾਂ ਨੂੰ ਮੁੜ ਵਸਾਉਣ ਦੇ ਵਾਅਦਿਆਂ ’ਚ ਰਾਮੂਵਾਲੀਆ ’ਤੇ ਅਨੇਕਾਂ ਬੇਵੱਸ ਔਰਤਾਂ ਨਾਲ ਦਿੱਲੀ ਕੋਠੀ ਵਿਚ ਜ਼ਬਰਦਸਤੀ ਸਬੰਧ ਬਣਾਉਣ ਦੇ ਗੰਭੀਰ ਦੋਸ਼ ਲਾਏ ਹਨ।
ਉਸ ਮੁਤਾਬਕ ਰਾਮੂਵਾਲੀਆ ਨੇ ਅਰਬਾਂ ਦੀ ਜਾਇਦਾਦ ਪੰਜਾਬ, ਦਿੱਲੀ, ਯੂ. ਪੀ. ਆਦਿ ਸੂਬਿਆਂ ਵਿਚ ਬਣਾਈ ਹੋਈ ਹੈ ਤੇ ਵਿਦੇਸ਼ਾਂ ’ਚ ਵੀ ਉਸ ਦੀ ਵੱਡੀ ਜਾਇਦਾਦ ਹੈ। ਗੁਰਪਾਲ ਸਿੰਘ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਾਲ ਰਾਮੂਵਾਲੀਆ ਦੀ ਆਪਸੀ ਖਿੱਚੋਤਾਣ ਤੇ ਮੱਤਭੇਦ ਹੋਣ ਕਾਰਨ ਉਸ ਨੂੰ ਕੋਠੀ ’ਚ ਡਿਊਟੀ ਕਰਨ ਤੋ ਮਨ੍ਹਾ ਕਰਕੇ ਵਾਪਸ ਗੁਰਦੁਆਰਾ ਸਾਹਿਬ ਡਿਊਟੀ ’ਤੇ ਬੁਲਾ ਲਿਆ ਗਿਆ ਸੀ ਪਰ ਰਾਮੂਵਾਲੀਆ ਨਾਲ ਪਿਛਲੇ 12 ਸਾਲਾਂ ਤੋਂ ਕੰਮ ਕਰਨ ਕਾਰਨ ਉਹ ਜਬਰੀ ਧਮਕੀਆਂ ਦੇ ਕੇ ਵਾਪਸ ਕੰਮ ਕਰਨ ਲਈ ਬੁਲਾਉਂਦਾ ਰਹਿੰਦਾ ਸੀ।
ਗੁਰਪਾਲ ਸਿੰਘ ਦਾ ਕਹਿਣਾ ਹੈ ਕਿ ਸਾਬਕਾ ਮੰਤਰੀ ਦੀ ਨਿੱਜੀ ਕੋਠੀ ’ਚ ਵਾਪਰੀਆਂ ਅੱਖੀਂ ਘਟਨਾਵਾਂ ਵੇਖੀਆਂ ਹੋਣ ਕਾਰਨ ਤੇ ਗੈਰ-ਕਾਨੂੰਨੀ ਤੇ ਅਣਮਨੁੱਖਤਾ ਵਾਲੇ ਕੰਮਾਂ ਦਾ ਵਿਰੋਧ ਕਰਨ ਕਾਰਨ, ਉਸ ਨੂੰ ਪਰਿਵਾਰ ਸਮੇਤ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ । ਗੁਰਪਾਲ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਕਈ ਵਾਰ ਪੁਲਸ ਨੂੰ ਇਸ ਸਬੰਧੀ ਦੱਸਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ’ਤੇ ਪਕੜ ਮਜ਼ਬੂਤ ਹੋਣ ਕਾਰਨ ਅਫਸਰ ਰਾਮੂਵਾਲੀਆ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਤੋਂ ਅਸਮਰੱਥਾ ਜਤਾਉਂਦੇ ਰਹੇ। ਉਧਰ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨਾਲ ਇਸ ਸਬੰਧੀ ਫ਼ੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।