ਵਧਣਗੀਆਂ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਿਲਾਂ, ਬਰਗਾੜੀ ਬੇਅਦਬੀ ਕੇਸ ’ਚ SIT ਕਰ ਸਕਦੀ ਹੈ ਗ੍ਰਿਫ਼ਤਾਰ

Monday, Jul 04, 2022 - 05:46 PM (IST)

ਵਧਣਗੀਆਂ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਿਲਾਂ, ਬਰਗਾੜੀ ਬੇਅਦਬੀ ਕੇਸ ’ਚ SIT ਕਰ ਸਕਦੀ ਹੈ ਗ੍ਰਿਫ਼ਤਾਰ

ਚੰਡੀਗੜ੍ਹ—ਪੰਜਾਬ ਪੁਲਸ ਦੀ ਐੱਸ. ਆਈ. ਟੀ. ਬਰਗਾੜੀ ਕੇਸ ਦੇ ਮੁੱਖ ਸਾਜ਼ਿਸ਼ਕਰਤਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਹੋਰ ਦੋਸ਼ੀਆਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਸਕਦੀ ਹੈ। ਇਸ ਦੇ ਲਈ ਅਦਾਲਤ ’ਚ ਜਲਦ ਚਲਾਨ ਪੇਸ਼ ਕੀਤਾ ਜਾਵੇਗਾ। ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖ ਆਗੂਆਂ ਨੂੰ 467 ਪੰਨਿਆਂ ਦੀ ਅੰਤਿਮ ਰਿਪੋਰਟ ਸੌਂਪੀ ਸੀ। ਇਸ ’ਚ ਬੇਅਦਬੀ ਦੀ ਪੂਰੀ ਘਟਨਾ ਦੀ ਸ਼ੁਰੂਆਤ ਤੋਂ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਮੁਤਾਬਕ ਬੇਅਦਬੀ ਦੇ ਤਿੰਨ ਮਾਮਲਿਆਂ ’ਚ ਡੇਰਾ ਮੁਖੀ ਸਾਜ਼ਿਸ਼ਕਰਤਾ ਹਨ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪੈਰੋਕਾਰ ਹਰਸ਼ ਪੁਰੀ, ਪ੍ਰਦੀਪ ਕਲੇਰ, ਸੰਦੀਪ ਬਰੇਟਾ ਦੀ ਗ੍ਰਿਫ਼ਤਾਰੀ ਬਾਕੀ ਹੈ। ਸਾਲ 2007 ਤੋਂ ਪਹਿਲਾਂ ਡੇਰਾ ਸੱਚਾ ਸੌਦਾ ਅਤੇ ਸਿੱਖ ਭਾਈਚਾਰੇ ’ਚ ਕੋਈ ਵਿਵਾਦ ਨਹੀਂ ਸੀ ਪਰ ਮਈ 2007 ’ਚ ਜਦੋਂ ਡੇਰਾ ਮੁਖੀ ਨੇ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੋਸ਼ਾਕ ਪਹਿਨ ਕੇ ਡੇਰਾ ਪ੍ਰੇਮੀਆਂ ਨੂੰ ਜਾਮ-ਏ-ਇੰਸਾਂ ਪਿਲਾਉਣ ਅਤੇ ਅੰਮ੍ਰਿਤ ਛਕਾਉਣ ਦੀ ਨਕਲ ਕੀਤੀ ਤਾਂ ਪੂਰੇ ਪੰਜਾਬ ’ਚ ਹੀ ਨਹੀਂ ਸਗੋਂ ਭਾਰਤ ਅਤੇ ਵਿਸ਼ਵ ਭਰ ’ਚ ਵਸੇ ਸਿੱਖਾਂ ਨੇ ਸਖ਼ਤ ਵਿਰੋਧ ਕੀਤਾ। ਇਸ ਦੌਰਾਨ ਕਈ ਖ਼ੂਨੀ ਝੜਪਾਂ ਹੋਈਆਂ ਅਤੇ ਜਨਤਕ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ।

ਇਹ ਵੀ ਪੜ੍ਹੋ: ਮਾਤਾ ਚਿੰਤਪੂਰਨੀ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਕੀਤਾ ਇਹ ਐਲਾਨ

ਉਸ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਕਰਕੇ ਡੇਰਾ ਪ੍ਰੇਮੀਆਂ ਦੇ ਨਾਲ ਰੋਟੀ-ਬੇਟੀ ਦਾ ਸੰਬੰਧ ਨਾ ਰੱਖਣ ਦੇ ਆਦੇਸ਼ ਦਿੱਤੇ ਗਏ। ਉਥੇ ਹੀ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਡੇਰਾ ਮੁਖੀ ਖ਼ਿਲਾਫ਼ ਬਠਿੰਡਾ ਦੇ ਥਾਣੇ ’ਚ ਕੇਸ ਵੀ ਦਰਜ ਕੀਤਾ ਗਿਆ। ਹੁਕਮਨਾਮੇ ਤੋਂ ਬਾਅਦ ਡੇਰਾ ਮੁਖੀ ਨੇ ਮੁਆਫ਼ੀ ਵੀ ਮੰਗੀ ਸੀ ਪਰ ਸਿੰਘ ਸਾਹਿਬਾਨ ਨੇ ਮੁਆਫ਼ੀ ਮੰਗਣ ਦੇ ਤਰੀਕੇ ’ਤੇ ਇਤਰਾਜ਼ ਜਤਾਉਂਦੇ ਹੋਏ ਮੁਆਫ਼ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਡੇਰਾ ਸੱਚਾ ਸੌਦਾ ਅਤੇ ਸਿੱਖ ਧਾਰਮਿਕ ਨੇਤਾਵਾਂ ਵਿਚਾਲੇ ਕਾਫ਼ੀ ਤਣਾਅ ਵਧਣ ਲੱਗਾ। ਸਿੱਖ ਧਰਮ ਦੇ ਪ੍ਰਚਾਰਕ, ਜਿਨ੍ਹਾਂ ’ਚ ਰਣਜੀਤ ਸਿੰਘ ਢੱਡਰੀਆਂਵਾਲੇ, ਸੰਤ ਬਲਜੀਤ ਸਿੰਘ ਦਾਦੂਵਾਲ, ਭਾਈ ਪੰਥਪ੍ਰੀਤ ਸਿੰਘ ਖਾਲਸਾ, ਭਾਈ ਦੇਲਰ ਸਿੰਘ ਖੇੜੀਵਾਲੇ, ਭਾਈ ਹਰਜਿੰਦਰ ਸਿੰਘ ਮਾਝੀ ਨੇ ਆਪਣੇ ਦੀਵਾਨਾਂ ’ਚ ਡੇਰੇ ਖ਼ਿਲਾਫ਼ ਖੁੱਲ੍ਹ ਕੇ ਪ੍ਰਚਾਰ ਕੀਤਾ।

ਫ਼ਿਲਮ ਨਾਲ ਪ੍ਰੇਮੀਆਂ ਅਤੇ ਸਿੱਖਾਂ ਵਿਚਾਲੇ ਵਧੀ ਦਰਾਰ
2015 ’ਚ ਡੇਰਾ ਮੁਖੀ ਦੀ ਫ਼ਿਲਮ ਐੱਮ. ਐੱਸ. ਜੀ-1 ਰਿਲੀਜ਼ ਹੋਈ ਤਾਂ ਪੰਜਾਬ ’ਚ ਇਸ ਦਾ ਖ਼ੂਬ ਵਿਰੋਧ ਕੀਤਾ ਗਿਆ। ਲੋਕਾਂ ਦੇ ਵਿਰੋਧ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਫ਼ਿਲਮ ’ਤੇ ਰੋਕ ਲਗਾ ਦਿੱਤੀ। ਸਰਕਾਰ ਦੇ ਇਸ ਫ਼ੈਸਲੇ ਨੇ ਡੇਰਾ ਪ੍ਰੇਮੀਆਂ ਅਤੇ ਸਿੱਖਾਂ ਵਿਚਾਲੇ ਦਰਾਰ ਨੂੰ ਹੋਰ ਵਧਾ ਦਿੱਤਾ।

PunjabKesari

 

ਸੰਤ ਦਾਦੂਵਾਲ ਨੂੰ ਮਾਰਨ ’ਤੇ ਰਾਜ਼ੀ ਨਹੀਂ ਸਨ ਹੋਏ ਡੇਰਾ ਪ੍ਰੇਮੀ
ਰਿਪੋਰਟ ’ਚ ਕਿਹਾ ਗਿਆ ਹੈ ਕਿ ਸਿੱਖ ਧਰਮ ਪ੍ਰਚਾਰਕਾਂ ਵੱਲੋਂ ਡੇਰੇ ਖ਼ਿਲਾਫ਼ ਪ੍ਰਚਾਰ ਨਾਲ ਡੇਰਾ ਪ੍ਰੇਮੀ ਵੀ ਭੜਕ ਗਏ ਅਤੇ ਉਹ ਸਿੱਖ ਧਰਮ ਪ੍ਰਚਾਰਕਾਂ ਵੱਲੋਂ ਜਿੱਥੇ ਵੀ ਪ੍ਰੋਗਰਾਮ ਰੱਖਿਆ ਜਾਂਦਾ, ਉਸ ਇਲਾਕੇ ’ਚ ਪਹੁੰਚ ਕੇ ਨਾਮ ਚਰਚਾ ਸ਼ੁਰੂ ਕਰ ਲੈਂਦੇ। ਇਸ ਨਾਲ ਦੋਵਾਂ ਪੱਖਾਂ ਵਿਚਾਲੇ ਤਣਾਅ ਹੋਰ ਵਧਦਾ ਗਿਆ ਅਤੇ ਕਈ ਵਾਰ ਦੋਵਾਂ ਪੱਖਾਂ ਵਿਚਾਲੇ ਟਕਰਾਅ ਦੀਆਂ ਘਟਨਾਵਾਂ ਵੀ ਹੋਈਆਂ।
ਸੰਤ ਦਾਦੂਵਾਲ ’ਤੇ ਵੀ ਹਮਲਾ ਕੀਤਾ ਗਿਆ, ਜਿਸ ਨੂੰ ਲੈ ਕੇ 2009 ’ਚ ਥਾਣਾ ਜੈਤੋ ’ਚ ਮੁਕੱਦਮਾ ਦਰਜ ਕੀਤਾ ਗਿਆ। ਸਾਲ 2014 ’ਚ ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਪੰਜਾਬ ਸਟੇਟ ਕਮੇਟੀ ਦੇ ਮੈਂਬਰਾਂ ਹਰਸ਼ ਪੁਰੀ, ਸੰਦੀਪ ਬਰੇਟਾ ਅਤੇ ਪ੍ਰਦੀਪ ਕਲੇਰ ਨੂੰ ਸੰਤ ਦਾਦੂਵਾਲ ਦੇ ਕਥਿਤ ਪ੍ਰਚਾਰ ਨੂੰ ਰੋਕਣ ਦੀ ਹਦਾਇਤ ਦਿੱਤੀ ਗਈ। ਇਸ ਤੋਂ ਬਾਅਦ ਸੁਰਿੰਦਰ ਪਾਲ ਸਿੰਘ ਦੇ ਘਰ ’ਤੇ ਇਲਾਕੇ ਦੇ ਡੇਰਾ ਪ੍ਰੇਮੀਆਂ ਦੀ ਇਕ ਬੈਠਕ ਰੱਖੀ ਗਈ, ਜਿਸ ’ਚ ਗੋਪਾਲ ਕ੍ਰਿਸ਼ਨ, ਪ੍ਰਦੀਪ ਕੁਮਾਰ, ਸੁਖਜਿੰਦਰ ਸਿੰਘ ਉਰਫ਼ ਸੰਨੀ ਅਤੇ ਰਣਜੀਤ ਸਿੰਘ ਉਰਫ਼ ਨੀਲਾ ਅਤੇ ਸ਼ਕਤੀ ਸਿੰਘ ਮੌਜੂਦ ਰਹੇ। ਇਸ ਬੈਠਕ ’ਚ ਸੰਤ ਦਾਦੂਵਾਲ ਨੂੰ ਮਾਰਨ ਦੀ ਯੋਜਨਾ ਬਣੀ, ਜਿਸ ’ਚ ਡੇਰਾ ਪ੍ਰੇਮੀਆਂ ਨੇ ਸਿੱਖ ਸੰਗਤ ਬਣ ਕੇ ਉਨ੍ਹਾਂ ਦੇ ਦੀਵਾਨ ’ਚ ਜਾਣਾ ਸੀ। ਹਾਲਾਂਕਿ ਇਸ ਯੋਜਨਾ ’ਤੇ ਕੋਈ ਵੀ ਡੇਰਾ ਪ੍ਰੇਮੀ ਸਹਿਮਤ ਨਹੀਂ ਹੋਇਆ ਅਤੇ ਮੋਹਿੰਦਰਪਾਲ ਦੀ ਯੋਜਨਾ ਅਸਫ਼ਲ ਹੋ ਗਈ।

ਇਹ ਵੀ ਪੜ੍ਹੋ: ਜਲੰਧਰ: ਦਿੱਲੀ ਏਅਰਪੋਰਟ ਜਾਣ ਵਾਲੀ ਵੋਲਵੋ ਸਰਕਾਰ ਨੂੰ ਪੈ ਰਹੀ ਮਹਿੰਗੀ, ਪਾਰਕਿੰਗ ਦੌਰਾਨ ਹੋ ਰਿਹੈ ਇਹ ਕੰਮ

ਸਿੱਖ ਧਰਮ ਪ੍ਰਚਾਰਕਾਂ ਨੇ ਵਧਾਈ ਟਕਰਾਅ ਦੀ ਸਥਿਤੀ
ਫਰੀਦਕੋਟ ਦੇ ਪਿੰਡ ਪੱਕਾ ’ਚ ਹਰਜਿੰਦਰ ਸਿੰਘ ਮਾਝੀ ਦੇ ਦੀਵਾਨ ਸਮੇਂ ਦੋਵਾਂ ਪੱਖਾਂ ਵਿਚਾਲੇ ਟਕਰਾਅ ਦੀ ਸਥਿਤੀ ਬਣੀ, ਜਿਸ ਨੂੰ ਪੁਲਸ ਨੇ ਸੁਲਝਾ ਲਿਆ। ਇਸ ਤੋਂ ਬਾਅਦ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਸਭਾ ’ਚ ਮਾਰਚ ’ਚ ਮਾਝੀ ਦੇ ਦੀਵਾਨ ਦਾ ਡੇਰਾ ਪ੍ਰੇਮੀਆਂ ਨੇ ਵਿਰੋਧ ਕਰ ਦਿੱਤਾ। ਉਦੋਂ ਮਾਮਲਾ ਥਾਣਾ ਬਾਜਾਖਾਨਾ ਤੱਕ ਪੁੱਜਾ ਅਤੇ ਪੁਲਸ ਨੇ ਦੋਵਾਂ ਪੱਖਾਂ ਨੂੰ ਬੁਲਾ ਕੇ ਸੁਲਾਹ ਕਰਵਾ ਦਿੱਤੀ। ਉਦੋਂ ਇਹ ਵੀ ਫ਼ੈਸਲਾ ਹੋਇਆ ਕਿ ਹਰਜਿੰਦਰ ਸਿੰਘ ਮਾਝੀ ਆਪਣੇ ਦੀਵਾਨ ’ਚ ਡੇਰੇ ਬਾਰੇ ਗ਼ਲਤ ਪ੍ਰਚਾਰ ਨਹੀਂ ਕਰਨਗੇ। ਇਸ ਦੀ ਜ਼ਿੰਮੇਵਾਰੀ ਗੁਰਦੁਆਰਾ ਸਾਹਿਬ ਕਮੇਟੀ ਨੇ ਲਈ ਸੀ। 20 ਤੋਂ 22 ਮਾਰਚ 2015 ਤੱਕ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਰੋਜ਼ਾਨਾ ਦੀਵਾਨ ਲਗਾਏ ਗਏ ਅਤੇ ਨਜ਼ਦੀਕੀ ਪਿੰਡਾਂ ਦੀ ਸੰਗਤ ਵੀ ਦੀਵਾਨਾਂ ’ਚ ਪਹੁੰਚੀ। ਪਹਿਲੇ ਦੋ ਦਿਨ ਤਾਂ ਸ਼ਾਂਤੀ ਨਾਲ ਨਿਕਲੇ ਪਰ 22 ਮਾਰਚ ਨੂੰ ਮਾਝੀ ਨੇ ਦੀਵਾਨ ਦੇ ਆਖਰੀ ਦਿਨ ਫਿਰ ਡੇਰੇ ਖ਼ਿਲਾਫ਼ ਬੋਲਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਸੰਗਤ ਨੂੰ ਕਿਹਾ ਕਿ ਜੋ ਵੀ ਗੁਰੂ ਸਾਹਿਬ ਦਾ ਸੱਚਾ ਸਿੱਖ ਹੈ, ਉਹੀ ਉਨ੍ਹਾਂ ਦੇ ਦੀਵਾਨ ’ਚ ਬੈਠੇ ਅਤੇ ਜਿਨ੍ਹਾਂ ਨੇ ਆਪਣੇ ਗਲੇ ’ਚ ਧਾਗੇ ਤਾਵੀਜ਼ ਜਾਂ ਡੇਰੇ ਦੇ ਲਾਕੇਟ ਪਹਿਨੇ ਹੋਏ ਹਨ, ਉਹ ਜਾ ਸਕਦੇ ਹਨ। ਉਦੋਂ ਕਈ ਲੋਕਾਂ ਨੇ ਆਪਣੇ ਗਲੇ ’ਚੋਂ ਲਾਕੇਟ ਉਤਾਰ ਦਿੱਤੇ ਸਨ ਅਤੇ ਕੁਝ ਨੇ ਗੋਲਕ ਦੇ ਨੇੜੇ ਰੱਖ ਦਿੱਤੇ। ਕੁਝ ਲੋਕਾਂ ਨੇ ਲਾਕੇਟ ਦਰੀਆਂ ਹੇਠਾਂ ਲੁਕਾ ਦਿੱਤੇ, ਜੋ ਅਗਲੇ ਦਿਨ ਦਰੀਆਂ ਹਟਾਉਣ ਤੋਂ ਬਾਅਦ ਮਿਲੇ ਸਨ। ਇਸ ਪੂਰੇ ਮਾਮਲੇ ਦਾ ਡੇਰਾ ਪ੍ਰੇਮੀਆਂ ਨੇ ਵਿਰੋਧ ਕੀਤਾ।

ਇਹ ਵੀ ਪੜ੍ਹੋ: ਵਿਦੇਸ਼ੋਂ ਆਏ ਫੋਨ ਨੇ ਭੰਬਲਭੂਸੇ 'ਚ ਪਾਇਆ ਪਰਿਵਾਰ, ਖ਼ਾਤੇ 'ਚੋਂ ਇਸ ਤਰ੍ਹਾਂ ਉਡਾਏ ਲੱਖਾਂ ਰੁਪਏ

ਇਸ ਤਰ੍ਹਾਂ ਬਣੀ ਪਵਿੱਤਰ ਗ੍ਰੰਥ ਦੀ ਬੇਅਦਬੀ ਦੀ ਭੂਮਿਕਾ
ਅੰਤਿਮ ਰਿਪੋਰਟ ਦੇ ਮੁਤਾਬਕ ਡੇਰੇ ਦੀ 25 ਮੈਂਬਰੀ ਕਮੇਟੀ ਦੇ ਮੈਂਬਰਾਂ ਨੇ ਪ੍ਰਧਾਨ ਗੋਪਾਲ ਕ੍ਰਿਸ਼ਨ ਨੂੰ ਸ਼ਿਕਾਇਤ ਕੀਤੀ, ਜਿਨ੍ਹਾਂ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਉਨ੍ਹਾਂ ਨੂੰ 45 ਮੈਂਬਰੀ ਕਮੇਟੀ ਦੇ ਮੈਂਬਰ ਮੋਹਿੰਦਰਪਾਲ ਬਿੱਟੂ ਨੂੰ ਮਿਲਣ ਦੀ ਸਲਾਹ ਦਿੱਤੀ। ਮੋਹਿੰਦਰਪਾਲ ਨੇ ਇਹ ਮਾਮਲਾ ਨੈਸ਼ਨਲ ਕਮੇਟੀ ਦੇ ਮੈਂਬਰਾਂ-ਹਰਸ਼ ਪੁਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਦੇ ਧਿਆਨ ’ਚ ਲਿਆਂਦਾ ਤਾਂ ਉਨ੍ਹਾਂ ਨੇ ਫੋਨ ’ਤੇ ਯੋਜਨਾ ਬਣਾਈ? ਤਿੰਨਾਂ ਵੱਲੋਂ ਸਾਰੀ ਘਟਨਾ ਦੀ ਜਾਣਕਾਰੀ ਸਿਰਸਾ ਡੇਰੇ ਦੇ ਅਹੁਦੇਦਾਰਾਂ ਨੂੰ ਵੀ ਦਿੱਤੀ ਗਈ। ਡੇਰੇ ਨੇ ਵੀ ਉਕਤ ਘਟਨਾ ਦਾ ਬਦਲਾ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਗੁਰਦੁਆਰਾ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਸ ਬਾਰੇ ’ਚ ਥਾਣਾ ਬਾਜਾਖਾਨਾ 2 ਜੂਨ 2015 ਨੂੰ ਮੁਕੱਦਮਾ ਦਰਜ ਕੀਤਾ ਗਿਆ।

ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ’ਚ ਇਸ ਸਬੰਧ ’ਚ ਭੜਕਾਊ ਪੋਸਟਰ ਵੀ ਲਗਾਏ ਗਏ, ਜਿਨ੍ਹਾਂ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ ਬਾਰੇ ਅਤੇ ਪਵਿੱਤਰ ਸਰੂਪਾਂ ਨੂੰ ਲੱਭਣ ਵਾਲਿਆਂ ਨੂੰ 10 ਲੱਖ ਰੁਪਏ ਸਲਾਬਤਪੁਰਾ ਡੇਰੇ ’ਚ ਦਿੱਤੇ ਜਾਣ ਦੀ ਚੁਣੌਤੀ ਦਿੱਤੀ ਗਈ ਸੀ। ਇਸ ਬਾਰੇ ਵੀ 25 ਸਤੰਬਰ 2015 ਨੂੰ ਮੁਕੱਦਮਾ ਦਰਜ ਕੀਤਾ ਗਿਆ। ਬਾਅਦ ’ਚ ਉਸੇ ਪਵਿੱਤਰ ਸਰੂਪਾਂ ਦੇ ਅੰਗਾਂ ਨੂੰ ਖੰਡਿਤ ਕਰਕੇ ਬਰਗਾੜੀ ਦੀਆਂ ਗਲੀਆਂ ’ਚ ਬਿਖੇਰ ਦਿੱਤਾ ਗਿਆ। ਇਸ ਬਾਰੇ ਗੋਰਾ ਸਿੰਘ ਗ੍ਰੰਥੀ ਦੇ ਬਿਆਨ ਕਲਮਬੱਧ ਕਰਕੇ ਮੁਕੱਦਮਾ ਦਰਜ ਕੀਤਾ ਗਿਆ, ਜਿਸ ਦੇ ਆਧਾਰ ’ਤੇ ਫਰੀਦਕੋਟ ਦੇ ਐੱਸ. ਐੱਸ. ਪੀ. ਨੇ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਪੰਜਾਬ ਚੰਡੀਗੜ੍ਹ ਨੂੰ ਲਿਖਿਆ ਗਿਆ। ਇਸ ਮੁਕੱਦਮੇ ’ਚ ਹਰਸ਼ ਪੁਰੀ, ਪ੍ਰਦੀਪ ਕਲੇਰ, ਸੰਦੀਪ ਬਰੇਟਾ ਅਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁੱਖ ਦੋਸ਼ੀ ਠਹਿਰਾਇਆ ਗਿਆ ਪਰ ਮਾਮਲੇ ’ਚ ਇਨ੍ਹਾਂ ਦੀ ਅਜੇ ਤੱਕ ਗ੍ਰਿਫ਼ਤਾਰੀ ਨਹੀਂ ਹੋਈ। ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਅਦਾਲਤ ’ਚ ਚਲਾਨ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਪਰਿਵਾਰ 'ਚ ਮਚਿਆ ਚੀਕ-ਚਿਹਾੜਾ, ਬਿਸਤ ਦੋਆਬ ਨਹਿਰ ’ਚ ਡੁੱਬੀਆਂ ਦੋਵੇਂ ਭੈਣਾਂ ਦੀਆਂ ਲਾਸ਼ਾਂ ਮਿਲੀਆਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

shivani attri

Content Editor

Related News