ਦਿਸ਼ਾ-ਨਿਰਦੇਸ਼ ਨਾ ਮਿਲਣ ਕਾਰਨ ਡੇਰਾ ਸਮਰਥਕਾਂ ਦੀ ਭੀੜ ਯੋਜਨਾ ਅਨੁਸਾਰ ਨਹੀਂ ਕਰ ਸਕੀ ਨੁਕਸਾਨ

08/31/2017 2:41:23 AM

ਬਠਿੰਡਾ(ਸੁਖਵਿੰਦਰ)-ਪੰਚਕੂਲਾ 'ਚ ਹੋਈ ਹਿੰਸਾ ਕਈ ਗੁਣਾ ਤੱਕ ਵਧ ਸਕਦੀ ਸੀ ਜੇਕਰ ਭੀੜ ਨੂੰ ਦਿਸ਼ਾ-ਨਿਰਦੇਸ਼ ਦੇਣ ਵਾਲਿਆਂ ਦਾ ਕਾਫਿਲਾ ਪੰਚਕੂਲਾ ਪਹੁੰਚ ਜਾਂਦਾ। ਬਚਾਅ ਰਿਹਾ ਕਿ ਡੇਰਾ ਮੁਖੀ ਦੇ ਕਾਫਿਲੇ  ਨਾਲ 200 ਤੋਂ ਜ਼ਿਆਦਾ ਗੱਡੀਆਂ 'ਚ ਆ ਰਹੇ ਭੀੜ ਨੂੰ ਕੰਟਰੋਲ ਕਰਨ ਵਾਲੇ ਜ਼ਿਆਦਾਤਰ ਡੇਰਾ ਲੀਡਰਾਂ ਨੂੰ ਪੁਲਸ ਨੇ ਰਸਤੇ 'ਚ ਹੀ ਰੋਕ ਲਿਆ। ਇਸ ਕਾਰਨ ਭੀੜ ਦੇ ਕੋਲ ਜ਼ਿਆਦਾ ਹਥਿਆਰ ਵੀ ਨਹੀਂ ਪਹੁੰਚ ਸਕੇ ਜੋ ਉਕਤ ਕਾਫਿਲੇ 'ਚ ਹੀ ਲਿਆਂਦੇ ਜਾ ਰਹੇ ਸਨ। ਉਕਤ ਖੁਲਾਸਾ ਇਲਾਕੇ ਦੇ ਕੁਝ ਡੇਰਾ ਪ੍ਰੇਮੀਆਂ ਨੇ ਹੀ ਕੀਤਾ ਹੈ। ਕੁਝ ਡੇਰਾ ਸਮਰਥਕਾਂ ਨੇ ਨਾਮ ਨਾ ਪ੍ਰਕਾਸ਼ਿਤ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਉਨ੍ਹਾਂ ਨੂੰ ਦਿਸ਼ਾ-ਨਿਰਦੇਸ਼ ਦੇਣ ਲਈ ਡੇਰੇ ਦੇ ਜ਼ਿਆਦਾਤਰ ਵੱਡੇ ਨੇਤਾ ਗੁਰਮੀਤ ਰਾਮ ਰਹੀਮ ਦੇ ਕਾਫਿਲੇ ਦੇ ਨਾਲ ਹੀ ਆ ਰਹੇ ਸਨ। 
ਕਾਫਿਲਾ ਪਹੁੰਚ ਜਾਂਦਾ ਤਾਂ ਦਹਿਲ ਜਾਂਦਾ ਪੰਚਕੂਲਾ
ਡੇਰਾ ਪ੍ਰੇਮੀਆਂ ਦੇ ਦੱਸਣ ਅਨੁਸਾਰ ਉਕਤ ਕਾਫਿਲੇ 'ਚ ਹੀ ਡੇਰੇ ਦੀਆਂ ਵੱਖ-ਵੱਖ ਕਮੇਟੀਆਂ ਦੇ ਨਾਲ ਸੰਬੰਧਿਤ ਲੋਕ ਸਨ, ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਡੇਰਾ ਸਮਰਥਕਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦੇਣੇ ਸਨ। ਜੇਕਰ ਉਕਤ ਪੂਰਾ ਕਾਫਿਲਾ ਪੰਚਕੂਲਾ 'ਚ ਵੜਨ 'ਚ ਕਾਮਯਾਬ ਹੋ ਜਾਂਦਾ ਤਾਂ ਹਾਲਾਤ ਹੋਰ ਵੀ ਬਦਤਰ ਹੋ ਸਕਦੇ ਸਨ। ਅਜਿਹੇ ਵਿਚ ਭੀੜ ਨੂੰ ਉਚਿਤ ਦਿਸ਼ਾ-ਨਿਰਦੇਸ਼ਾਂ ਦੇ ਨਾਲ-ਨਾਲ ਹਥਿਆਰ ਆਦਿ ਵੀ ਮੁਹੱਈਆ ਕਰਵਾ ਦਿੱਤੇ ਜਾਣੇ ਸਨ, ਜਿਸ ਨਾਲ ਨਾ ਸਿਰਫ ਹਿੰਸਾ ਦਾ ਤਾਂਡਵ ਦੇਰ ਤੱਕ ਚਲਦਾ ਬਲਕਿ ਇਸ ਦੇ ਨਤੀਜੇ ਹੋਰ ਵੀ ਭਿਆਨਕ ਹੋ ਸਕਦੇ ਸਨ। ਜ਼ਿਕਰਯੋਗ ਹੈ ਕਿ ਬਠਿੰਡਾ ਪੁਲਸ ਵੱਲੋਂ ਕੁਝ ਅਜਿਹੇ ਹੀ ਨੇਤਾਵਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਜੋ ਲਗਾਤਾਰ ਪੰਚਕੂਲਾ ਅਤੇ ਪੰਜਾਬ ਵਿਚ ਕੀਤੀ ਜਾਣ ਵਾਲੀ ਹਿੰਸਕ ਕਾਰਵਾਈਆਂ ਦੇ ਰਾਜ਼ ਖੋਲ੍ਹ ਰਹੇ ਹਨ। 
ਡੇਰਾ ਮੁਖੀ ਦੇ ਨਜ਼ਦੀਕੀ ਅਤੇ ਭਰੋਸੇਮੰਦ ਲੋਕ ਸਨ ਕਾਫਿਲੇ ਵਿਚ ਸ਼ਾਮਲ
ਸੂਤਰਾਂ ਦੀ ਮੰਨੀਏ ਤਾਂ ਡੇਰੇ ਤੋਂ ਉਕਤ ਕਾਫਿਲੇ ਦੇ ਨਾਲ 800 ਗੱਡੀਆਂ ਰਵਾਨਾ ਹੋਈਆਂ ਸਨ। ਇਨ੍ਹਾਂ 'ਚੋਂ ਜ਼ਿਆਦਾਤਰ ਗੱਡੀਆਂ ਨੂੰ ਪੁਲਸ ਅਤੇ ਸੁਰੱਖਿਆ ਬਲਾਂ ਨੇ ਰਸਤੇ 'ਚ ਹੀ ਰੋਕ ਲਿਆ ਅਤੇ ਪੰਚਕੂਲਾ ਦੇ ਨਜ਼ਦੀਕੀ ਪਹੁੰਚਦੇ-ਪਹੁੰਚਦੇ ਕਾਫਿਲੇ ਵਿਚ ਲਗਭਗ 200 ਗੱਡੀਆਂ ਹੀ ਰਹਿ ਗਈਆਂ। ਇੰਨਾ ਹੀ ਨਹੀਂ ਇਨ੍ਹਾਂ 'ਚੋਂ ਜ਼ਿਆਦਾਤਰ ਗੱਡੀਆਂ ਨੂੰ ਵੀ ਪੰਚਕੂਲਾ ਦੇ ਬਾਹਰ ਹੀ ਰੋਕ ਲਿਆ ਗਿਆ ਤੇ ਸ਼ਹਿਰ 'ਚ ਨਹੀਂ ਵੜਨ ਦਿੱਤਾ। ਪਤਾ ਲੱਗਾ ਹੈ ਕਿ ਇਨ੍ਹਾਂ ਗੱਡੀਆਂ 'ਚ ਡੇਰਾ ਮੁਖੀ ਦੇ ਬੇਹੱਦ ਨਜ਼ਦੀਕੀ ਅਤੇ ਭਰੋਸੇਮੰਦ ਲੋਕ ਸਵਾਰ ਸਨ। ਇਨ੍ਹਾਂ ਲੋਕਾਂ ਨੇ ਪੰਚਕੂਲਾ ਪਹੁੰਚ ਕੇ ਭੀੜ ਨੂੰ ਕੰਟਰੋਲ ਕਰ ਕੇ ਉਨ੍ਹਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦੇਣੇ ਸਨ। ਸੂਤਰ ਇਹ ਵੀ ਦੱਸਦੇ ਹਨ ਕਿ ਇਨ੍ਹਾਂ ਗੱਡੀਆਂ ਵਿਚ ਵੱਡੀ ਗਿਣਤੀ 'ਚ ਹਥਿਆਰ ਵੀ ਸਨ ਜੋ ਪੁਲਸ ਨੇ ਬਾਅਦ 'ਚ ਬਰਾਮਦ ਕੀਤੇ।


Related News