ਬੱਚਿਆਂ ਨੂੰ ਪੰਜਾਬੀ ਸਿਖਾਉਣ ਲਈ ਗੁਰਮੀਤ ਕੌਰ ਦਾ ਨਿਵੇਕਲਾ ਉਪਰਾਲਾ

02/21/2019 5:08:55 PM

ਜਲੰਧਰ—ਅਮਰੀਕਾ ਵੱਸਦੀ ਗੁਰਮੀਤ ਕੌਰ ਆਪਣੀਆਂ ਜੜ੍ਹਾਂ ਦੀ ਗੱਲ ਕਰਦੀ ਹੋਈ ਦੱਸਦੀ ਹੈ ਕਿ 1947 ਦੀ ਵੰਡ 'ਚ ਉਹ ਕਾਨਪੁਰ ਆ ਵਸੇ। ਕਾਨਪੁਰ ਤੋਂ 1984 ਦੇ ਕਾਲੇ ਦੌਰ ਦੀ ਹਵਾ ਦਾ ਸ਼ਿਕਾਰ ਉਨ੍ਹਾਂ ਦਾ ਪਰਿਵਾਰ ਹੋਇਆ ਅਤੇ ਉਨ੍ਹਾਂ ਫਿਰ ਇੰਦੌਰ ਆ ਠਿਕਾਣੇ ਲਾਏ। ਇੱਥੋਂ 1991 'ਚ ਅਮਰੀਕਾ ਆ ਵਸੇ ਅਤੇ ਇੰਝ ਉਜਾੜਿਆਂ 'ਚੋਂ ਨਿਕਲੀ ਜ਼ਿੰਦਗੀ ਦਾ ਪੰਜਾਬ ਨਾਲ, ਪੰਜਾਬੀ ਨਾਲ ਕੋਈ ਸਿੱਧਾ ਨਾਤਾ ਨਾ ਰਿਹਾ। ਉਨ੍ਹਾਂ ਨੂੰ ਗੁੜ੍ਹਤੀ ਜ਼ਰੂਰ ਪੰਜਾਬੀ ਦੀ ਮਿਲੀ ਪਰ ਨਾ ਉਨ੍ਹਾਂ ਅਕਾਦਮਿਕ ਤੌਰ 'ਤੇ ਪੰਜਾਬੀ ਪੜ੍ਹੀ-ਲਿਖੀ ਅਤੇ ਨਾ ਹੀ ਇਸ ਤੋਂ ਪਹਿਲਾਂ ਉਨ੍ਹਾਂ ਦੀ ਮਾਂ ਨੇ ਗੈਰ-ਪੰਜਾਬੀ ਸੂਬੇ ਦੇ ਬਾਸ਼ਿੰਦੇ ਹੋਣ ਕਾਰਨ ਪੰਜਾਬੀ ਸਿੱਖੀ।

ਆਪਣੀਆਂ ਜੜ੍ਹਾਂ ਦੀ ਇਸੇ ਤੜਪ 'ਚੋਂ ਗੁਰਮੀਤ ਕੌਰ ਨੇ ਕੋਸ਼ਿਸ਼ ਕੀਤੀ ਕਿ ਡਾਇਸਪੋਰਾ 'ਚ ਰਹਿੰਦੇ ਉਨ੍ਹਾਂ ਪੰਜਾਬੀ ਬੱਚਿਆਂ ਨੂੰ ਪੰਜਾਬੀ ਜ਼ਰੂਰ ਸਿਖਾਈ ਜਾਵੇ, ਜੋ ਆਪਣੀ ਮਾਂ ਬੋਲੀ ਤੋਂ ਦੂਰ ਹਨ। ਲਾਹੌਰ 'ਚ ਆਪਣੀ ਕਿਤਾਬ ਨੂੰ ਪੜ੍ਹਣਹਾਰਿਆਂ ਦੇ ਸਾਹਮਣੇ ਪੇਸ਼ ਕਰਦੇ ਗੁਰਮੀਤ ਕੌਰ ਦੱਸਦੇ ਹਨ ਕਿ 'ਸਾਂਝਾ ਪੰਜਾਬ ਛਾਪ ਪਹਿਲੀ' ਉਨ੍ਹਾਂ ਆਪਣੀ ਲੜੀ 'ਸੋਹਣੇ ਪੰਜਾਬ ਦੀਆਂ ਮੋਹਨੀਆਂ ਬਾਤਾਂ' ਤਹਿਤ ਛਾਪੀ ਹੈ। ਗੁਰਮੀਤ ਕੌਰ ਹੁਣ ਤੱਕ 9 ਕਿਤਾਬਾਂ 29 ਹਜ਼ਾਰ ਦੀ ਗਿਣਤੀ 'ਚ ਛਾਪ ਚੁੱਕੇ ਹਨ। ਤਾਜ਼ੀ ਕਿਤਾਬ ਉਨ੍ਹਾਂ ਅੰਗਰੇਜ਼ੀ, ਪੰਜਾਬੀ ਅਤੇ ਸ਼ਾਹਮੁਖੀ 'ਚ ਛਾਪੀ ਹੈ ਤਾਂ ਕਿ ਸਾਂਝੇ ਪੰਜਾਬ ਅਤੇ ਡਾਇਸਪੋਰਾ ਪੰਜਾਬੀ ਪੜ੍ਹ ਸਕੇ।

ਗੁਰਮੀਤ ਕੌਰ ਆਪਣੀਆਂ ਕਿਤਾਬਾਂ 'ਚ ਪੰਜਾਬ ਦੀਆਂ ਲੋਕ ਬਾਤਾਂ, ਗਾਥਾਵਾਂ, ਕਹਾਣੀਆਂ ਨੂੰ ਮੁੜ ਸੁਰਜੀਤ ਕਰ ਰਹੇ ਹਨ ਅਤੇ ਉਨ੍ਹਾਂ ਦੀਆਂ ਕਿਤਾਬਾਂ ਬੱਚਿਆਂ ਲਈ ਹੀ ਹੁੰਦੀਆਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਮਾਂ ਬੋਲੀ ਨਾਲ ਬੱਚੇ ਦਾ ਮੁੱਢਲਾ ਰਿਸ਼ਤਾ ਪੰਜਾਬੀਅਤ ਦੀ ਲੋਕਧਾਰਾ ਦੀਆਂ ਕਹਾਣੀਆਂ ਤੋਂ ਹੀ ਪੈਂਦਾ ਹੈ ਅਤੇ ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜਨ ਲਈ ਸਾਨੂੰ ਕੋਸ਼ਿਸ਼ ਨਵੀਆਂ ਨਸਲਾਂ ਲਈ ਹੀ ਕਰਨੀ ਪਵੇਗੀ। ਗੁਰਮੀਤ ਕੌਰ ਬਤੌਰ ਲੇਖਕ ਇਹ ਸਾਰੀ ਛਪਾਈ ਬਿਨਾਂ ਕਿਸੇ ਵਿੱਤੀ ਲਾਭ ਤੋਂ ਕਰ ਰਹੇ ਹਨ ਅਤੇ ਇਨ੍ਹਾਂ ਕਿਤਾਬਾਂ ਰਾਹੀਂ ਕਮਾਇਆ ਪੈਸਾ ਉਹ ਅਗਲੀਆਂ ਪ੍ਰਕਾਸ਼ਿਤ ਕਿਤਾਬਾਂ 'ਤੇ ਹੀ ਖਰਚ ਕਰਦੇ ਹਨ।  


Shyna

Content Editor

Related News