ਅੰਤਰਰਾਸ਼ਟਰੀ ਕਬੱਡੀ ਖਿਡਾਰੀ ''ਗੁਰਲਾਲ ਘਨੌਰ'' ਨੂੰ ‘ਆਪ’ ਨੇ ਲਾਇਆ ਹਲਕਾ ਘਨੌਰ ਦਾ ਇੰਚਾਰਜ
Wednesday, Jul 14, 2021 - 09:42 AM (IST)
ਘਨੌਰ (ਅਲੀ) : ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਘਨੌਰ ਨੂੰ ਆਮ ਆਦਮੀ ਪਾਰਟੀ ਦੀ ਸੂਬਾ ਕਮੇਟੀ ਵੱਲੋਂ ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਦੀ ਅਗਵਾਈ ਹੇਠ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਲਕਾ ਘਨੌਰ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਗੱਲਬਾਤ ਕਰਦਿਆਂ ਗੁਰਲਾਲ ਘਨੌਰ ਨੇ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਪ੍ਰਧਾਨ ਭਗਵੰਤ ਮਾਨ, ਪੰਜਾਬ ਇੰਚਾਰਜ ਜਰਨੈਲ ਸਿੰਘ, ਸਹਿ-ਪ੍ਰਭਾਰੀ ਰਾਘਵ ਚੱਢਾ ਅਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੈਨੂੰ ਹਲਕਾ ਘਨੌਰ ਦੇ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਹੈ।
ਮੈਂ ਇਸ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਇੱਥੇ ਇਹ ਵੀ ਦਸੱਣਯੋਗ ਹੈ ਕਿ ਗੁਰਲਾਲ ਘਨੌਰ ਜਿਥੇ ਇਕ ਅੰਤਰਰਾਸ਼ਟਰੀ ਖਿਡਾਰੀ ਹੈ, ਉਥੇ ਪੰਜਾਬ ਪੁਲਸ ਦਾ ਸਾਬਕਾ ਅਧਿਕਾਰੀ ਵੀ ਰਹਿ ਚੱਕਾ ਹੈ। ਗੁਰਲਾਲ ਘਨੌਰ ਭਾਰਤ ਦੀ ਕਬੱਡੀ ਟੀਮ ਵੱਲੋਂ 2 ਵਾਰ ਏਸ਼ੀਅਨ ਕਬੱਡੀ ਚੈਂਪੀਅਨਸ਼ਿਪ ’ਚ ਤਗ਼ਮੇ ਜਿੱਤ ਚੁਕਾ ਹੈ ਅਤੇ ਭਾਰਤੀ ਕਬੱਡੀ ਟੀਮ ਦਾ ਕਪਤਾਨ ਵੀ ਰਹਿ ਚੁਕਾ ਹੈ। ਗੁਰਲਾਲ ਘਨੌਰ ਵਿਸ਼ਵ ਕਬੱਡੀ ਚੈਂਪੀਅਨ ਅਤੇ ਸੁਪਰ ਸਟਾਰ ਰੇਡਰ ਰਹਿ ਚੁੱਕਾ ਹੈ ਅਤੇ ਵਿਸ਼ਵ ਕਬੱਡੀ ਕੱਪ ਸਾਲ 2012, 2014, 2016 ’ਚ ਭਾਰਤ ਦੀ ਟੀਮ ਦੀ ਅਗਵਾਈ ਵੀ ਕਰ ਚੁੱਕਾ ਹੈ। ਗੁਰਲਾਲ ਘਨੌਰ ਨੇ ਕਿਹਾ ਕਿ ਪੰਜਾਬ ’ਚ ਆਮ ਅਦਾਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਖਿਡਾਰੀਆਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ।