ਪੰਜਾਬ ਦੇ ਗੱਭਰੂ ਨੇ ਗੱਡੇ ਝੰਡੇ! ਗੁਰਿੰਦਰਵੀਰ ਸਿੰਘ ਬਣਿਆ ਭਾਰਤ ਦਾ ਸਭ ਤੋਂ ਤੇਜ਼ ਦੌੜਾਕ
Saturday, May 23, 2026 - 09:53 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ) - ਬੀਤੇ ਦਿਨ ਜਿੱਥੇ ਭਾਰਤੀ ਐਥਲੈਟਿਕਸ ’ਚ ਇਕ ਨਵਾਂ ਇਤਿਹਾਸ ਸਿਰਜਿਆ ਗਿਆ ਅਤੇ ਕੁਝ ਹੀ ਮਿੰਟਾਂ ’ਚ 2 ਵਾਰ 100 ਮੀਟਰ ਦਾ ਰਾਸ਼ਟਰੀ ਰਿਕਾਰਡ ਟੁੱਟਿਆ, ਉੱਥੇ ਹੀ ਅੱਜ ਸ਼ਾਮ ਪੰਜਾਬ ਦੇ ਹੋਣਹਾਰ ਐਥਲੀਟ ਗੁਰਿੰਦਰਵੀਰ ਸਿੰਘ ਨੇ 100 ਮੀਟਰ ਦੌੜ ਨੂੰ ਮਹਿਜ਼ 10.09 ਸਕਿੰਟ ’ਚ ਜਿੱਤ ਕੇ ਜਿੱਥੇ ਨਵਾਂ ਕੌਮੀ ਰਿਕਾਰਡ ਬਣਾਇਆ ਹੈ, ਉੱਥੇ ਹੀ ਏਸ਼ੀਆਈ ਅਤੇ ਕਾਮਨਵੈਲਥ ਖੇਡਾਂ ਲਈ ਵੀ ਕੁਆਲੀਫਾਈ ਕਰ ਲਿਆ ਹੈ।
ਇਸ ਤੋਂ ਪਹਿਲਾਂ ਬੀਤੇ ਦਿਨ ਰਾਂਚੀ ’ਚ ਹੋ ਰਹੇ ਫੈੱਡਰੇਸ਼ਨ ਕੱਪ 2026 ਦੌਰਾਨ ਭਾਰਤੀ ਐਥਲੈਟਿਕਸ ਨੇ ਇਕ ਐਸਾ ਰੋਮਾਂਚਕ ਪਲ ਦੇਖਿਆ, ਜਿਸ ਨੇ ਖੇਡ ਪ੍ਰੇਮੀਆਂ ਨੂੰ ਹੈਰਾਨ ਕਰ ਦਿੱਤਾ। ਪੁਰਸ਼ਾਂ ਦੀ 100 ਮੀਟਰ ਦੌੜ ਦੇ ਸੈਮੀਫਾਈਨਲ ’ਚ ਕੁਝ ਹੀ ਮਿੰਟਾਂ ਦੇ ਅੰਤਰਾਲ ’ਚ ਦੋ ਵਾਰ ਨਵਾਂ ਰਾਸ਼ਟਰੀ ਰਿਕਾਰਡ ਬਣਿਆ ਸੀ। ਸਭ ਤੋਂ ਪਹਿਲਾਂ ਪੰਜਾਬ ਦੇ ਟਾਂਡਾ ਉੜਮੁੜ ਦੇ ਨਜ਼ਦੀਕੀ ਪਿੰਡ ਪਤਿਆਲ ਦੇ ਦੌੜਾਕ ਗੁਰਿੰਦਰਵੀਰ ਸਿੰਘ ਨੇ ਸੈਮੀਫਾਈਨਲ ਦੌੜ ’ਚ 10.17 ਸਕਿੰਟ ਦਾ ਸ਼ਾਨਦਾਰ ਸਮਾਂ ਕੱਢ ਕੇ ਭਾਰਤ ਦਾ ਨਵਾਂ ਰਾਸ਼ਟਰੀ ਰਿਕਾਰਡ ਆਪਣੇ ਨਾਮ ਕੀਤਾ ਸੀ। ਇਸ ਤੋਂ ਪਹਿਲਾਂ ਰਾਸ਼ਟਰੀ ਰਿਕਾਰਡ 10.18 ਸਕਿੰਟ ਦਾ ਸੀ। ਗੁਰਿੰਦਰਵੀਰ ਦੀ ਇਸ ਉਪਲਬਧੀ ਨਾਲ ਉਹ ਕੁਝ ਸਮੇਂ ਲਈ ਭਾਰਤ ਦੇ ਸਭ ਤੋਂ ਤੇਜ਼ ਦੌੜਾਕ ਬਣ ਗਏ ਸਨ। ਹਾਲਾਂਕਿ ਇਹ ਰਿਕਾਰਡ ਜ਼ਿਆਦਾ ਦੇਰ ਤੱਕ ਕਾਇਮ ਨਾ ਰਹਿ ਸਕਿਆ ਅਤੇ ਅਗਲੀ ਹੀ ਦੌੜ ’ਚ ਓਡੀਸ਼ਾ ਦੇ ਤੇਜ਼ ਧਾਵਕ ਅਨਿਮੇਸ਼ ਕੁਜੂਰ ਨੇ 10.15 ਸਕਿੰਟ ਦਾ ਸਮਾਂ ਕੱਢ ਕੇ ਇਹ ਰਿਕਾਰਡ ਆਪਣੇ ਨਾਮ ਕਰ ਲਿਆ ਸੀ।
ਪਰ ਅੱਜ ਸ਼ਾਮ ਹੋਏ ਫਾਈਨਲ ਮੁਕਾਬਲੇ ’ਚ ਗੁਰਿੰਦਰਵੀਰ ਸਿੰਘ ਨੇ 10.09 ਸਕਿੰਟ ਦਾ ਧਮਾਕੇਦਾਰ ਸਮਾਂ ਕੱਢ ਕੇ ਅਨਿਮੇਸ਼ ਦਾ ਰਿਕਾਰਡ ਤੋੜ ਦਿੱਤਾ ਅਤੇ ਮੁੜ ਭਾਰਤ ਦੇ ਨਵੇਂ ਸਭ ਤੋਂ ਤੇਜ਼ ਮਨੁੱਖ (ਸਪ੍ਰਿੰਟਰ) ਬਣ ਗਏ। ਗੁਰਿੰਦਰਵੀਰ ਨੇ ਇਸ ਬੇਮਿਸਾਲ ਪ੍ਰਦਰਸ਼ਨ ਨਾਲ ਏਸ਼ੀਆਈ ਅਤੇ ਕਾਮਨਵੈਲਥ ਖੇਡਾਂ ਲਈ ਕੁਆਲੀਫਾਈਂਗ ਮਿਆਰ ਵੀ ਹਾਸਲ ਕਰ ਲਿਆ। ਇੱਕ ਹੀ ਖੇਡ ਮੁਕਾਬਲੇ ’ਚ ਭਾਰਤੀ ਦੌੜਾਕਾਂ ਵੱਲੋਂ ਵਾਰ-ਵਾਰ ਰਾਸ਼ਟਰੀ ਰਿਕਾਰਡ ਤੋੜੇ ਜਾਣ ਨੂੰ ਭਾਰਤੀ ਐਥਲੈਟਿਕਸ ਲਈ ਇਤਿਹਾਸਕ ਪਲ ਮੰਨਿਆ ਜਾ ਰਿਹਾ ਹੈ। ਖੇਡ ਵਿਸ਼ੇਸ਼ਗਿਆਨੀਆਂ ਦੇ ਅਨੁਸਾਰ ਇਹ ਨਤੀਜੇ ਦਰਸਾਉਂਦੇ ਹਨ ਕਿ ਭਾਰਤੀ ਸਪ੍ਰਿੰਟਿੰਗ ਹੁਣ ਵਿਸ਼ਵ ਪੱਧਰ ’ਤੇ ਤੇਜ਼ੀ ਨਾਲ ਅੱਗੇ ਵਧ ਰਹੀ ਹੈ।
ਖੇਡ ਪ੍ਰੇਮੀਆਂ ਵੱਲੋਂ ਸੋਸ਼ਲ ਮੀਡੀਆ ’ਤੇ ਗੁਰਿੰਦਰਵੀਰ ਸਿੰਘ ਦੀ ਇਸ ਇਤਿਹਾਸਕ ਪ੍ਰਾਪਤੀ ਦੀ ਜ਼ੋਰਦਾਰ ਸ਼ਲਾਘਾ ਕੀਤੀ ਜਾ ਰਹੀ ਹੈ। ਟਾਂਡਾ ਯੂਨਾਈਟਡ ਸਪੋਰਟਸ ਕਲੱਬ ਦੇ ਪ੍ਰਧਾਨ Gੁਰਸੇਵਕ ਮਾਰਸ਼ਲ, ਰਾਜੇਸ਼ Lਾਡੀ, ਰਕੇਸ਼ ਬਿੱਟੂ, ਕੋਚ ਕੁਲਵੰਤ ਸਿੰਘ, ਇੰਸਪੈਕਟਰ ਸੁਖਵਿੰਦਰ ਸਿੰਘ, ਓਂਕਾਰ ਸਿੰਘ ਧੁੱਗਾ, ਦੀਪਕ ਸੋਂਧੀ, ਨਵਜੋਤ ਸਿੰਘ, ਪ੍ਰਦੀਪ ਵਿਰਦੀ, ਸਤਵੀਰ ਸਿੰਘ ਤੇ ਹੋਰਨਾਂ ਖੇਡ ਪ੍ਰੇਮੀਆਂ ਨੇ ਗੁਰਿੰਦਰਵੀਰ ਸਿੰਘ ਅਤੇ ਉਸ ਦੇ ਪਿਤਾ ਸੇਵਾਮੁਕਤ ਥਾਣੇਦਾਰ ਕਮਲਜੀਤ ਸਿੰਘ ਨੂੰ ਮੁਬਾਰਕਬਾਦ ਦਿੱਤੀ ਹੈ।
