ਪਹਿਲਵਾਨਾਂ ਦੇ ਵਿਰੋਧ ਪ੍ਰਦਰਸ਼ਨ ਕਾਰਨ ਮੇਰਾ ਕਰੀਅਰ ਪ੍ਰਭਾਵਿਤ ਹੋਇਆ : ਦੀਪਕ ਪੂਨੀਆ

Wednesday, May 13, 2026 - 11:13 AM (IST)

ਪਹਿਲਵਾਨਾਂ ਦੇ ਵਿਰੋਧ ਪ੍ਰਦਰਸ਼ਨ ਕਾਰਨ ਮੇਰਾ ਕਰੀਅਰ ਪ੍ਰਭਾਵਿਤ ਹੋਇਆ : ਦੀਪਕ ਪੂਨੀਆ

ਗੋਂਡਾ– ਏਸ਼ੀਆਈ ਖੇਡਾਂ ਦੇ ਚਾਂਦੀ ਤਮਗਾ ਜੇਤੂ ਦੀਪਕ ਪੂਨੀਆ ਦਾ ਮੰਨਣਾ ਹੈ ਕਿ ਜੰਤਰ-ਮੰਤਰ ’ਤੇ ਪਹਿਲਵਾਨਾਂ ਦੇ ਵਿਰੋਧ ਪ੍ਰਦਰਸ਼ਨ ਤੋਂ ਜਿਹੜਾ ਅੜਿੱਕਾ ਪੈਦਾ ਹੋਇਆ, ਉਸ ਨਾਲ ਭਾਰਤ ਦੇ ਕਈ ਖਿਡਾਰੀਆਂ ਦਾ ਕਰੀਅਰ ਪ੍ਰਭਾਵਿਤ ਹੋਇਆ ਜਿਸ ’ਚ ਉਹ ਖੁਦ ਵੀ ਸ਼ਾਮਲ ਹੈ। ਦੀਪਕ ਇਕ ਸਮੇਂ 86 ਕਿਲੋਗ੍ਰਾਮ ਵਰਗ ’ਚ ਭਾਰਤ ਵੱਲੋਂ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਵਾਲਾ ਪਹਿਲਵਾਨ ਸੀ। ਉਹ ਟੋਕਿਓ ਓਲੰਪਿਕ ’ਚ ਕਾਂਸੀ ਤਮਗੇ ਤੋਂ ਖੁੰਝਣ ਤੋਂ ਬਾਅਦ ਆਪਣੀ ਪੁਰਾਣੀ ਲੈਅ ਹਾਸਲ ਕਰਨ ਲਈ ਸੰਘਰਸ਼ ਕਰ ਰਿਹਾ ਹੈ। ਤਦ ਤੋਂ ਉਸ ਦਾ ਇਕਲੌਤਾ ਚੰਗਾ ਪ੍ਰਦਰਸ਼ਨ ਏਸ਼ੀਆਈ ਖੇਡਾਂ 2023 ’ਚ ਰਿਹਾ, ਜਿੱਥੇ ਉਸ ਨੇ ਚਾਂਦੀ ਤਮਗਾ ਜਿੱਤਿਆ ਸੀ।

ਇਸ 26 ਸਾਲਾ ਖਿਡਾਰੀ ਨੇ ਸੋਮਵਾਰ ਨੂੰ ਇੱਥੇ ਰਾਸ਼ਟਰੀ ਓਪਨ ਰੈਂਕਿੰਗ ਟੂਰਨਾਮੈਂਟ ਜਿੱਤਿਆ ਸੀ ਪਰ ਉਹ ਭਾਰਤੀ ਕੁਸ਼ਤੀ ਮਹਾਸੰਘ (ਡਬਲਯੂ. ਐੱਫ. ਆਈ.) ਦੀ ਮੌਜੂਦਾ ਨੀਤੀ ਦੇ ਅਨੁਸਾਰ ਏਸ਼ੀਆਈ ਖੇਡਾਂ ਲਈ 31 ਮਈ ਨੂੰ ਹੋਣ ਵਾਲੇ ਚੋਣ ਟਰਾਇਲ ’ਚ ਹਿੱਸਾ ਲੈਣ ਦੀ ਯੋਗਤਾ ਨਹੀਂ ਰੱਖਦਾ ਹੈ। ਇਸ ਨੀਤੀ ’ਚ ਇੱਥੇ ਚੱਲ ਰਹੇ ਟੂਰਨਾਮੈਂਟ ਦੇ ਨਤੀਜਿਆਂ ’ਤੇ ਗੌਰ ਨਹੀਂ ਕੀਤਾ ਜਾਵੇਗਾ। ਦੀਪਕ ਨੇ ਕਿਹਾ ਕਿ ਪਹਿਲਵਾਨਾਂ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਕੁਸ਼ਤੀ ’ਚ ਅਨਿਸ਼ਚਿਤਤਾ ਦੇ ਲੰਬੇ ਦੌਰ ਨੇ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਦੀਆਂ ਪ੍ਰਤੀਯੋਗਿਤਾਵਾਂ ’ਚ ਖੇਡਣ ਦਾ ਮੌਕਾ ਨਹੀਂ ਮਿਲਿਆ ਜਿਸ ਨਾਲ ਉਸ ਨੂੰ ਕਾਫੀ ਨੁਕਸਾਨ ਹੋਇਆ।

ਦੀਪਕ ਨੇ ਕਿਹਾ, ‘‘ਵਿਰੋਧ ਪ੍ਰਦਰਸ਼ਨ ਤੇ ਹੋਰ ਘਟਨਾਵਾਂ ਦੇ ਕਾਰਨ 2023 ਤੋਂ ਬਾਅਦ ਕਈ ਟੂਰਨਾਮੈਂਟ ਰੱਦ ਕਰ ਦਿੱਤੇ ਗਏ ਸਨ ਤੇ ਸਾਨੂੰ ਪਹਿਲਾਂ ਦੀ ਤਰ੍ਹਾਂ ਵਿਦੇਸ਼ ’ਚ ਹੋਣ ਵਾਲੀਆਂ ਪ੍ਰਤੀਯੋਗਿਤਾਵਾਂ ’ਚ ਹਿੱਸਾ ਲੈਣ ਦੇ ਮੌਕੇ ਵੀ ਨਹੀਂ ਮਿਲੇ।’’

ਉਸ ਨੇ ਕਿਹਾ, ‘‘ਜਦੋਂ ਤੁਸੀਂ ਹਰ ਦੂਜੇ ਜਾਂ ਤੀਜੇ ਮਹੀਨੇ ਕੌਮਾਂਤਰੀ ਪੱਧਰ ’ਤੇ ਕਿਸੇ ਪ੍ਰਤੀਯੋਗਿਤਾ ’ਚ ਹਿੱਸਾ ਲੈਂਦੇ ਹੋ ਤਾਂ ਤੁਹਾਨੂੰ ਆਪਣੀ ਕਮਜ਼ੋਰੀ ਦਾ ਪਤਾ ਚੱਲਦਾ ਹੈ ਤੇ ਤੁਸੀਂ ਉਸ ’ਚ ਸੁਧਾਰ ਕਰਦੇ ਹੋ ਪਰ ਜੇਕਰ ਤੁਹਾਨੂੰ ਸਾਲ ’ਚ ਸਿਰਫ ਇਕ ਵਿਸ਼ਵ ਚੈਂਪੀਅਨਸ਼ਿਪ ਜਾਂ ਸਿਰਫ ਇਕ ਏਸ਼ੀਆਈ ਚੈਂਪੀਅਨਸ਼ਿਪ ’ਚ ਹਿੱਸਾ ਲੈਣ ਦਾ ਮੌਕਾ ਮਿਲਦਾ ਹੈ ਤਾਂ ਪ੍ਰਦਰਸ਼ਨ ’ਚ ਬਹੁਤ ਵੱਡਾ ਫਰਕ ਆ ਜਾਂਦਾ ਹੈ।’’

ਭਾਰਤ ਦੇ ਪ੍ਰਮੁੱਖ ਪਹਿਲਵਾਨ ਵਿਨੇਸ਼ ਫੋਗਾਟ, ਬਜਰੰਗ ਪੂਨੀਆ ਤੇ ਸਾਕਸ਼ੀ ਮਲਿਕ ਨੇ 2023 ’ਚ ਡਬਲਯੂ. ਐੱਫ. ਆਈ. ਦੇ ਤੱਤਕਾਲੀ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਲੰਬੇ ਸਮੇਂ ਤੱਕ ਚੱਲੇ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕੀਤੀ ਸੀ। ਉਨ੍ਹਾਂ ਨੇ ਸਿੰਘ ’ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਸੀ। ਖੇਡ ਮੰਤਰਾਲੇ ਨੇ ਤਦ ਡਬਲਯੂ. ਐੱਫ. ਆਈ. ਨੂੰ ਮੁਅੱਤਲ ਕਰ ਦਿੱਤਾ ਸੀ ਤੇ ਇਕ ਐਡਹਾਕ ਕਮੇਟੀ ਨੇ ਲੰਬੇ ਸਮੇਂ ਤੱਕ ਇਸ ਦਾ ਸੰਚਾਲਨ ਕੀਤਾ। ਇਸ ਦੇ ਚਲਦੇ ਭਾਰਤ ’ਚ ਟੂਰਨਾਮੈਂਟ ਤੇ ਕੁਸ਼ਤੀ ਗਤੀਵਿਧੀਆਂ ’ਚ ਅੜਿੱਕਾ ਪੈਦਾ ਹੋਇਆ। ਇਹ ਮਾਮਲਾ ਅਜੇ ਅਦਾਲਤ ’ਚ ਹੈ।

ਦੀਪਕ ਤੋਂ ਜਦੋਂ ਪੁੱਛਿਆ ਗਿਆ ਕਿ ਉਹ ਵੀ ਵਿਰੋਧ ਪ੍ਰਦਰਸ਼ਨ ਵਾਲੀ ਜਗ੍ਹਾ ’ਤੇ ਗਿਆ ਸੀ ਤਾਂ ਉਸ ਨੇ ਕਿਹਾ, ‘‘ਮੈਂ ਅਜੇ ਉਨ੍ਹਾਂ ਗੱਲਾਂ ’ਤੇ ਚਰਚਾ ਨਹੀਂ ਕਰਨਾ ਚਾਹੁੰਦਾ। ਰਹਿਣ ਦਿਓ।’’

ਹਰਿਆਣਾ ਦੇ ਇਸ ਪਹਿਲਵਾਨ ਨੇ 2025 ’ਚ ਵਿਸ਼ਵ ਚੈਂਪੀਅਨਸ਼ਿਪ ’ਚ ਆਪਣੇ ਨਿਰਾਸ਼ਾਜਨਕ ਪ੍ਰਦਰਸ਼ਨ ਦਾ ਕਾਰਨ ਲੋੜੀਂਦਾ ਅਭਿਆਸ ਨਾ ਕਰਨਾ ਤੇ ਅਭਿਆਸ ਲਈ ਸਾਥੀਆਂ ਦੀ ਕਮੀ ਨੂੰ ਦੱਸਿਆ। ਐਵਾਰਡ ਰਾਊਂਡ ਤੋਂ ਕਾਫੀ ਪਹਿਲਾਂ ਹੀ ਉਸ ਦਾ ਪ੍ਰਦਰਸ਼ਨ ਫਿੱਕਾ ਪੈ ਗਿਆ ਤੇ ਉਹ 11ਵੇਂ ਸਥਾਨ ’ਤੇ ਰਿਹਾ।


author

Tarsem Singh

Content Editor

Related News