ਗੁਰਦੁਆਰੇ ’ਚ ਗੈਰ-ਕਾਨੂੰਨੀ ਲਾਟਰੀ ਦਾ ਧੰਦਾ ਚਲਾਉਣ ਵਾਲਾ ਪੁਲਸ ਅੜਿੱਕੇ
Friday, Aug 16, 2024 - 04:31 PM (IST)
ਪੱਖੋ ਕਲਾਂ/ਰੂੜੇਕੇ ਕਲਾਂ (ਮੁਖਤਿਆਰ) : ਧਾਰਮਿਕ ਸਥਾਨਾਂ ਦੀ ਆੜ ’ਚ ਸੋਸ਼ਲ ਮੀਡੀਆ ਰਾਹੀਂ ਚੱਲ ਰਹੇ ਗੈਰ-ਕਾਨੂੰਨੀ ਲਾਟਰੀ ਦੇ ਧੰਦੇ ਦਾ ਸੀ. ਆਈ. ਸਟਾਫ ਬਰਨਾਲਾ ਨੇ ਪਰਦਾਫਾਸ਼ ਕਰਦਿਆਂ ਪੱਖੋ ਕਲਾਂ ਬਰਨਾਲਾ-ਮਾਨਸਾ ਮੁੱਖ ਸੜਕ ਨੇੜੇ ਇਕ ਗੁਰਦੁਆਰਾ ਸਾਹਿਬ ’ਚੋਂ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਇਕ ਮੁਖਬਰ ਰਾਹੀਂ ਇਤਲਾਹ ਮਿਲੀ ਕਿ ਪੱਖੋ ਕਲਾਂ ਦੇ ਇਕ ਗੁਰਦੁਆਰਾ ਸਾਹਿਬ ’ਚ ਇਕ ਵਿਅਕਤੀ ਸਟਾਲ ਲਾ ਕੇ ਲੋਕਾਂ ਨੂੰ ਵੱਡੇ ਇਨਾਮ ਟਰੈਕਟਰ ਅਤੇ ਥਾਰ ਗੱਡੀ ਦਾ ਲਾਲਚ ਦੇ ਕੇ ਟਿਕਟਾਂ 300 ਰੁਪਏ ਪ੍ਰਤੀ ਟਿਕਟ ਵੇਚ ਰਿਹਾ ਹੈ।
ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਦ ਪੁੱਛਗਿੱਛ ਕੀਤੀ ਤਾਂ ਉਸ ਦੀ ਪਛਾਣ ਅਮਰੀਕ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਕੋਠੇ ਮੱਲੂਕਾ ਪਿੰਡ ਭੈਣੀ ਜੱਸਾ ਵਜੋਂ ਹੋਈ, ਜਿਸ ਕੋਲ ਇਸ ਕੰਮ ਬਾਬਤ ਕੋਈ ਕਨੂੰਨੀ ਦਸਤਾਵੇਜ਼ ਨਹੀਂ ਸਨ। ਉਸ ਨੂੰ ਮੌਕੇ ’ਤੇ ਗ੍ਰਿਫਤਾਰ ਕਰ ਕੇ ਥਾਣਾ ਰੂੜੇਕੇ ਕਲਾਂ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਥਾਣਾ ਰੂੜੇਕੇ ਕਲਾਂ ਦੇ ਮੁਖੀ ਜਗਜੀਤ ਸਿੰਘ ਘੁਮਾਣ ਨੇ ਦੱਸਿਆ ਕਿ ਮੁਲਜ਼ਮ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਹੋਰ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ।