ਗੁਰਦੁਆਰਾ ਸਾਹਿਬ ਤੋਂ ਪਰਤ ਰਹੇ ਜੋੜੇ ਨਾਲ ਵਾਪਰਿਆ ਹਾਦਸਾ, ਪਤਨੀ ਦੀ ਮੌਤ
Tuesday, Jun 04, 2019 - 02:40 PM (IST)

ਤਲਵੰਡੀ ਭਾਈ (ਗੁਲਾਟੀ) : ਬੀਤੀ ਰਾਤ ਫ਼ਿਰੋਜ਼ਪੁਰ-ਲੁਧਿਆਣਾ ਰੋਡ 'ਤੇ ਪਿੰਡ ਕਾਲੀਏ ਵਾਲਾ ਨੇੜੇ ਇਕ ਭਿਆਨਕ ਹਾਦਸੇ 'ਚ ਪਤਨੀ ਦੀ ਮੌਤ ਹੋ ਗਈ, ਜਦਕਿ ਪਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਿਸਨੂੰ ਇਲਾਜ ਲਈ ਲੁਧਿਆਣਾ ਵਿਖੇ ਲਿਜਾਇਆ ਗਿਆ। ਇਸ ਸਬੰਧੀ ਮ੍ਰਿਤਕਾ ਦੇ ਸਹੁਰਾ ਸਾਹਿਬ ਲਾਲ ਸਿੰਘ ਪੁੱਤਰ ਸੱਜਣ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸਦਾ ਲੜਕਾ ਅੰਮ੍ਰਿਤਪਾਲ ਸਿੰਘ ਅਤੇ ਨੂੰਹ ਕੁਲਜੀਤ ਕੌਰ ਬੀਤੀ ਰਾਤ ਆਪਣੀ ਕਰੇਟਾ ਕਾਰ 'ਚ ਗੁਰਦੁਆਰਾ ਸਾਹਿਬ ਵਜ਼ੀਦਪੁਰ ਤੋਂ ਵਾਪਸ ਪਰਤ ਰਹੇ ਸਨ ਕਿ ਪਿੰਡ ਕਾਲੀਏ ਵਾਲਾ ਨੇੜੇ ਇਕ ਟਰੈਕਟਰ-ਟਰਾਲੀ ਚਾਲਕ ਨੇ ਲਾਹਪ੍ਰਵਾਹੀ ਨਾਲ ਚਲਾਉਦੇ ਹੋਏ ਕਾਰ ਨੂੰ ਟੱਕਰ ਮਾਰ ਦਿੱਤੀ।
ਇਸ ਹਾਦਸੇ ਵਿਚ ਕੁਲਜੀਤ ਕੌਰ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਅੰਮ੍ਰਿਤਪਾਲ ਸਿੰਘ ਨੂੰ ਇਲਾਜ ਲਈ ਫ਼ਿਰੋਜ਼ਪੁਰ ਦੇ ਬਾਗੀ ਹਸਪਤਾਲ ਲਿਜਾਇਆ ਗਿਆ, ਜਿੱਥੇ ਸੱਟਾਂ ਜ਼ਿਆਦਾ ਗੰਭੀਰ ਹੋਣ ਕਰਕੇ ਅੰਮ੍ਰਿਤਪਾਲ ਸਿੰਘ ਨੂੰ ਲੁਧਿਆਣਾ ਲਈ ਰੈਫ਼ਰ ਕਰ ਦਿੱਤਾ ਗਿਆ। ਇਸ ਹਾਦਸੇ ਵਿਚ ਕਰੇਟਾ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਜਾਂਚ ਅਧਿਕਾਰੀ ਲਖਵੀਰ ਸਿੰਘ ਨੇ ਦੱਸਿਆ ਕਿ ਲਾਲ ਸਿੰਘ ਦੇ ਬਿਆਨਾਂ 'ਤੇ ਟਰੈਕਟਰ ਚਾਲਕ ਲਖਵੀਰ ਸਿੰਘ ਵਾਸੀ ਖਵਾਜਾ ਖੜਕ ਸਿੰਘ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।