ਇੰਡੋਨੇਸ਼ੀਆ ਦੀ ਜੇਲ੍ਹ ’ਚ 22 ਸਾਲਾਂ ਤੋਂ ਬੰਦ ਹੈ ਨਕੋਦਰ ਦਾ ਗੁਰਦੀਪ, ਵੇਖਣ ਨੂੰ ਤਰਸਿਆ ਪਰਿਵਾਰ
Sunday, Jan 26, 2025 - 02:44 PM (IST)
ਨਕੋਦਰ (ਪਾਲੀ)- ਪਰਿਵਾਰ ਦੇ ਚੰਗੇ ਭਵਿੱਖ ਤੇ ਰੋਜ਼ੀ-ਰੋਟੀ ਲਈ 2002 ’ਚ ਇੰਡੋਨੇਸ਼ੀਆ ਗਏ ਭਾਰਤੀ ਮੂਲ ਦੇ ਜਲੰਧਰ ਤਹਿਸੀਲ ਨਕੋਦਰ ਦੇ ਰਹਿਣ ਵਾਲੇ ਗੁਰਦੀਪ ਸਿੰਘ ਕਰੀਬ 22 ਸਾਲ ਤੋਂ ਇੰਡੋਨੇਸ਼ੀਆ ਜੇਲ੍ਹ ’ਚ ਸਜ਼ਾ ਕੱਟ ਰਿਹਾ ਹੈ। ਪਰਿਵਾਰ ਨੇ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਕਿ ਗੁਰਦੀਪ ਸਿੰਘ ਦੀ ਸਜ਼ਾ ਮੁਆਫ਼ ਕਰਵਾ ਕੇ ਉਸ ਨੂੰ ਭਾਰਤ ਵਾਪਸ ਲਿਆਂਦਾ ਜਾਵੇ।
ਵਰਣਨਯੋਗ ਹੈ ਕਿ ਗੁਰਦੀਪ ਸਿੰਘ (56) ਜੋ ਸਾਲ 2002 ਵਿਚ ਰੋਜ਼ੀ-ਰੋਟੀ ਦੇ ਸਿਲਸਿਲੇ ਵਿਚ ਇੰਡੋਨੇਸ਼ੀਆ ਗਿਆ ਸੀ, ਨੇ ਅੱਗੇ ਨਿਊਜ਼ੀਲੈਂਡ ਪਹੁੰਚਣਾ ਸੀ ਪਰ 2004 ਵਿਚ ਪੁਲਸ ਨੇ ਨਸ਼ਾ ਸਮੱਗਲਿੰਗ ਦੇ ਮਾਮਲੇ ਵਿਚ 300 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਉਸ ਨੂੰ ਜੇਲ ਵਿਚ ਡੱਕ ਦਿੱਤਾ, ਜਿਸ ਨੂੰ ਇੰਡੋਨੇਸ਼ੀਆ ਦੇ ਤਾਂਗੇਰਾਂਗ ਬਾਤੇਲ ਪ੍ਰਾਂਤ ਦੀ ਅਦਾਲਤ ਨੇ ਸਾਲ 2016 ’ਚ ਦੇਸ਼ ਵਿਚ ਨਸ਼ਿਆਂ ਦੀ ਸਮੱਗਲਿੰਗ ਕਰਨ ਦੇ ਮਾਮਲੇ ਵਿਚ ਸਜ਼ਾ ਸੁਣਾਈ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਕਿਸਾਨਾਂ ਨੇ ਕੱਢਿਆ ਟਰੈਕਟਰ ਮਾਰਚ, ਕੇਂਦਰ ਸਰਕਾਰ ਨੂੰ ਦਿੱਤੀ ਚਿਤਾਵਨੀ
ਇਸ ਸਬੰਧੀ ‘ਜਗ ਬਾਣੀ’ ਦੀ ਟੀਮ ਨਕੋਦਰ ਸਥਿਤ ਮੁਹੱਲਾ ਖੈਰਿਆਂ ’ਚ ਗੁਰਦੀਪ ਸਿੰਘ ਦੇ ਘਰ ਪਹੁੰਚੀ, ਜਿੱਥੇ ਉਸ ਦੀ ਪਤਨੀ ਕੁਲਵਿੰਦਰ ਕੌਰ ਦੋ ਬੱਚਿਆਂ ਸਮੇਤ ਰਹਿ ਰਹੀ ਹੈ। ਜਿਸ ਨੇ ਇੰਡੋਨੇਸ਼ੀਆ ਦੀ ਜੇਲ੍ਹ ਵਿਚ ਉਸ ਦੇ ਪਤੀ ਗੁਰਦੀਪ ਸਿੰਘ ਦੇ ਬੰਦ ਹੋਣ ਬਾਰੇ ਦੱਸਿਆ ਕਿ ਸਾਲ 2002 ਵਿਚ ਇਕ ਏਜੰਟ ਰਾਹੀਂ ਇੰਡੋਨੇਸ਼ੀਆ ਗਿਆ ਸੀ, ਜਿੱਥੋਂ ਉਸ ਨੇ ਨਿਊਜ਼ੀਲੈਂਡ ਜਾਣਾ ਸੀ ਪਰ ਉਥੇ ਉਸ ਨੂੰ ਇਕ ਪਾਕਿਸਤਾਨੀ ਨੇ ਨਸ਼ੇ ਦੇ ਝੂਠੇ ਕੇਸ ਵਿਚ ਫਸਾ ਦਿੱਤਾ, ਜਿਸ ਦਾ ਸਾਨੂੰ ਕਈ ਸਾਲ ਤਾਂ ਪਤਾ ਹੀ ਨਹੀਂ ਲੱਗਾ। ਫੋਨ ’ਤੇ ਉਹ ਗੱਲਬਾਤ ਰਾਹੀਂ ਕਹਿੰਦਾ ਸੀ ਕਿ ਉਹ ਜਲਦੀ ਰਿਹਾਅ ਹੋ ਕੇ ਇੰਡੀਆ ਆ ਰਿਹਾ ਹੈ।
ਇਹ ਵੀ ਪੜ੍ਹੋ : ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪੰਜਾਬ 'ਚ ਮੁੜ ਵਧੇਗੀ ਠੰਡ, ਇਨ੍ਹਾਂ 6 ਜ਼ਿਲ੍ਹਿਆਂ ਲਈ Alert
ਨਕੋਦਰ ਆਪਣੇ ਬੱਚਿਆਂ ਸਮੇਤ ਰਹਿ ਰਹੀ ਉਸ ਦੀ ਪਤਨੀ ਕੁਲਵਿੰਦਰ ਕੌਰ ਨੇ ਅਥਰੂ ਕੇਰਦਿਆਂ ਦੁੱਖ ਭਰੇ ਮਨ ਨਾਲ ਕਿਹਾ ਕਿ ਬੱਚੇ ਆਪਣੇ ਪਿਤਾ ਦੀ ਅਜੇ ਤੱਕ ਉਡੀਕ ਕਰ ਰਹੇ ਹਨ ਪਰ ਜੇਲ੍ਹ ਅੰਦਰ ਬੰਦ ਉਸ ਦੇ ਪਤੀ ਨੇ ਵਿਦੇਸ਼ ਤੋਂ ਬੱਚਿਆਂ ਲਈ ਕਦੇ ਕੁਝ ਭੇਜਣਾ ਤਾਂ ਕੀ ਸੀ ਉਹ ਤਾਂ ਖ਼ੁਦ ਜੇਲ੍ਹ ਵਿਚ ਬੰਦ ਬੇਵੱਸ ਸੀ, ਜੋ ਲੰਮੇ ਸਮੇਂ ਬਾਅਦ ਹੀ ਕਦੇ-ਕਦਾਈਂ ਫੋਨ ’ਤੇ ਗੱਲ ਕਰਦਾ ਸੀ। ਆਪਣੀ ਪਹਾੜ ਜਿੱਡੀ ਉਮਰ ਦਾ ਹਵਾਲਾ ਦਿੰਦੇ ਉਸ ਨੇ ਕਿਹਾ ਕਿ ਉਹ ਮਜਬੂਰੀ ਵੱਸ ਬੱਚਿਆਂ ਦਾ ਪਾਲਣ-ਪੋਸ਼ਣ ਕਰਦੀ ਆ ਰਹੀ ਹੈ। ਉਸ ਨੂੰ ਕੀ ਪਤਾ ਸੀ ਕਿ ਪਰਿਵਾਰ ਦੇ ਸਾਰੇ ਸੁਫ਼ਨੇ ਚਕਨਾਚੂਰ ਹੋ ਜਾਣੇ ਹਨ।
ਕੁਲਵਿੰਦਰ ਕੌਰ ਅਤੇ ਪਰਿਵਾਰ ਨੇ ਭਾਰਤੀ ਦੂਤਘਰ, ਕੇਂਦਰੀ ਮੰਤਰੀ ਅਤੇ ਰਾਜ ਸਭਾ ਮੈਂਬਰਾਂ ਤੋਂ ਪੁਰਜ਼ੋਰ ਮੰਗ ਕੀਤੀ ਕਿਹਾ ਕਿ ਲੰਬੇ ਸਮੇਂ ਤੋਂ ਇੰਡੋਨੇਸ਼ੀਆ ਜੇਲ ’ਚ ਬੰਦ ਗੁਰਦੀਪ ਸਿੰਘ ਦੀ ਸਜ਼ਾ ਮੁਆਫ ਕਰਵਾ ਕੇ ਉਸ ਨੂੰ ਭਾਰਤ ਵਾਪਸ ਲਿਆਂਦਾ ਜਾਵੇ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਯਤਨਾਂ ਨਾਲ ਗੁਰਦੀਪ ਸਿੰਘ ਦੇ ਮਾਮਲੇ ’ਚ ਮਦਦ ਕਰਨ ਲਈ ਅੱਗੇ ਆਉਣ।
ਇੰਡੋਨੇਸ਼ੀਆ ਦੀ ਅਦਾਲਤ ਨੇ ਸਾਲ 2016 ’ਚ ਗੁਰਦੀਪ ਸਿੰਘ ਸਣੇ 14 ਹੋਰ ਮੁਲਜ਼ਮਾਂ ਨੂੰ ਗੋਲ਼ੀਆਂ ਮਾਰ ਕੇ ਮੌਤ ਦੀ ਸਜ਼ਾ ਦੇਣ ਦਾ ਕੀਤਾ ਸੀ ਐਲਾਨ
ਪਰਿਵਾਰਿਕ ਮੈਂਬਰਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਜਦੋਂ ਸਾਲ 2016 ’ਚ ਇੰਡੀਅਨ ਅੰਬੈਸੀ ਰਾਹੀਂ ਪਤਾ ਲੱਗਾ ਸੀ ਕਿ ਇੰਡੋਨੇਸ਼ੀਆ ’ਚ ਉਸ ਦੇ ਪਤੀ ਨੂੰ ਗੋਲ਼ੀ ਮਾਰ ਕੇ ਮੌਤ ਦੇ ਘਾਟ ਉਤਾਰ ਦੇਣਾ ਹੈ। ਇਸ ਖ਼ਬਰ ਨਾਲ ਪਰਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਸੀ ਪਰ ਉਸ ਸਮੇਂ ਪਰਿਵਾਰਕ ਮੈਂਬਰਾਂ ਦੀ ਅਪੀਲ ’ਤੇ ਭਾਰਤ ਦੇ ਵਿਦੇਸ਼ ਮੰਤਰਾਲੇ ਅਤੇ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਦੀਆਂ ਕੋਸ਼ਿਸ਼ਾਂ ਸਦਕਾ ਇੰਡੋਨੇਸ਼ੀਆ ਦੀ ਅਦਾਲਤ ਨੇ ਫਿਲਹਾਲ ਗੁਰਦੀਪ ਸਿੰਘ ਦੀ ਸਜ਼ਾ ਟਾਲ ਦਿੱਤੀ ਸੀ ਪਰੰਤੂ ਅੱਜ ਤੱਕ ਇੰਡੋਨੇਸ਼ੀਆ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਹੈ, ਜਿਸ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ।
ਇਹ ਵੀ ਪੜ੍ਹੋ : ਪੰਜਾਬ 'ਚ ਤੜਕਸਾਰ ਵੱਡਾ ਹਾਦਸਾ, ਪਾਰਟੀ ਤੋਂ ਪਰਤ ਰਹੇ ਦੋ ਦੋਸਤਾਂ ਦੀ ਦਰਦਨਾਕ ਮੌਤ, ਕਾਰ ਦੇ ਉੱਡੇ ਪਰਖੱਚੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e