ਲਤੀਫ਼ਪੁਰਾ ਸੰਘਰਸ਼ ਦਾ 1130ਵੇਂ ਦਿਨ ਨਿਕਲਿਆ ਹੱਲ, ਮੰਡੀ ਬੋਰਡ ਦੀ ਟੈਂਕੀ ਤੋਂ ਉਤਰੇ ਪੀੜਤ ਪਰਿਵਾਰ

Thursday, Feb 12, 2026 - 02:11 PM (IST)

ਲਤੀਫ਼ਪੁਰਾ ਸੰਘਰਸ਼ ਦਾ 1130ਵੇਂ ਦਿਨ ਨਿਕਲਿਆ ਹੱਲ, ਮੰਡੀ ਬੋਰਡ ਦੀ ਟੈਂਕੀ ਤੋਂ ਉਤਰੇ ਪੀੜਤ ਪਰਿਵਾਰ

ਜਲੰਧਰ (ਚੋਪੜਾ)-ਲਤੀਫ਼ਪੁਰਾ ਵਿਚ ਉਜਾੜੇ ਗਏ ਪਰਿਵਾਰਾਂ ਵੱਲੋਂ ਦਸੰਬਰ 2022 ਦੀ ਕਾਰਵਾਈ ਤੋਂ ਬਾਅਦ ਸ਼ੁਰੂ ਕੀਤਾ ਗਿਆ ਲੰਬਾ ਸੰਘਰਸ਼ 1130ਵੇਂ ਦਿਨ ਮਹੱਤਵਪੂਰਨ ਮੋੜ ’ਤੇ ਪਹੁੰਚ ਗਿਆ। ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਦੀ ਪਾਲਣਾ ਵਿਚ ਪ੍ਰਸ਼ਾਸਨ ਵੱਲੋਂ ਬਾਕੀ ਰਹਿੰਦੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਕਾਰਵਾਈ ਦੌਰਾਨ ਸਥਿਤੀ ਉਸ ਸਮੇਂ ਸੰਵੇਦਨਸ਼ੀਲ ਹੋ ਗਈ ਜਦੋਂ ਗੁੱਸੇ ਵਿਚ ਆਏ ਪੀੜਤ ਪਰਿਵਾਰ ਮੰਡੀ ਬੋਰਡ ਦੀ ਪਾਣੀ ਦੀ ਟੈਂਕੀ ’ਤੇ ਚੜ੍ਹ ਗਏ ਅਤੇ ਧਰਨਾ ਦੇ ਕੇ ਬੈਠ ਗਏ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਲਗਾਤਾਰ ਸੰਵਾਦ ਅਤੇ ਭਰੋਸੇ ਤੋਂ ਬਾਅਦ ਪਰਿਵਾਰ ਸੁਰੱਖਿਅਤ ਰੂਪ ਵਿਚ ਟੈਂਕੀ ਤੋਂ ਹੇਠਾਂ ਉਤਰਨ ਨੂੰ ਰਾਜ਼ੀ ਹੋ ਗਏ, ਜਿਸ ਨਾਲ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ। ਦੁਪਹਿਰ ਤੋਂ ਬਾਅਦ ਐਡੀਸ਼ਨਲ ਡਿਪਟੀ ਕਮਿਸ਼ਨਰ (ਅਰਬਨ ਡਿਵੈਲਪਮੈਂਟ) ਜਸਬੀਰ ਸਿੰਘ ਨੇ ਪ੍ਰਦਰਸ਼ਨਕਾਰੀ ਪਰਿਵਾਰਾਂ ਨਾਲ ਸਿੱਧੀ ਗੱਲਬਾਤ ਕੀਤੀ। ਉਨ੍ਹਾਂ ਦੇ ਨਾਲ ਐੱਸ. ਡੀ. ਐੱਮ.-1 ਰਣਦੀਪ ਸਿੰਘ ਹੀਰ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਰਹੇ। ਪ੍ਰਸ਼ਾਸਨ ਵੱਲੋਂ ਪਿਛਲੇ ਦਿਨ ਤੋਂ ਹੀ ਗੱਲਬਾਤ ਜਾਰੀ ਸੀ, ਪਰ ਏ. ਡੀ. ਸੀ. ਜਸਬੀਰ ਸਿੰਘ ਦੀ ਵਿਚੋਲਗੀ ਅਤੇ ਸਪੱਸ਼ਟ ਪ੍ਰਸਤਾਵ ਤੋਂ ਬਾਅਦ ਸਹਿਮਤੀ ਦਾ ਰਾਹ ਨਿਕਲਿਆ।

ਇਹ ਵੀ ਪੜ੍ਹੋ: ਮੂਸੇਵਾਲਾ ਦੇ ਮਾਪਿਆਂ ਨੂੰ ਇਨਸਾਫ਼ ਦੇਣ 'ਚ ਜਾਣਬੁੱਝ ਕੇ ਅੜਿੱਕਾ ਪਾ ਰਹੇ CM ਮਾਨ: ਸੁਖਪਾਲ ਖਹਿਰਾ

PunjabKesari

ਕਰੀਬ ਤਿੰਨ ਸਾਲਾਂ ਤੋਂ ਪ੍ਰਭਾਵਿਤ ਪਰਿਵਾਰ ਲਤੀਫ਼ਪੁਰਾ ਦੀ ਜ਼ਮੀਨ ’ਤੇ ਹੀ ਪੁਨਰਵਾਸ ਦੀ ਮੰਗ ’ਤੇ ਅੜੇ ਹੋਏ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਸਾਲਾਂ ਤੋਂ ਉੱਥੇ ਰਹਿ ਰਹੇ ਸਨ ਅਤੇ ਉਨ੍ਹਾਂ ਨੂੰ ਉਸੇ ਸਥਾਨ ’ਤੇ ਵਸਾਇਆ ਜਾਵੇ। ਪ੍ਰਸ਼ਾਸਨ ਨੇ ਉਨ੍ਹਾਂ ਨੂੰ ਇਕ ਵਾਰ ਫਿਰ ਤੋਂ ਬਦਲਵੇਂ ਪੁਨਰਵਾਸ ਦਾ ਪ੍ਰਸਤਾਵ ਦਿੱਤਾ ਹੈ। ਭਰੋਸੇ ਅਨੁਸਾਰ ਪ੍ਰਭਾਵਿਤ ਪਰਿਵਾਰਾਂ ਨੂੰ ਬੀਬੀ ਭਾਨੀ ਕੰਪਲੈਕਸ ਯੋਜਨਾ ਅਧੀਨ ਟੂ-ਰੂਮ ਫਲੈਟ ਜਾਂ ਸੂਰਿਆ ਐਨਕਲੇਵ ਐਕਸਟੈਂਸ਼ਨ ਨਾਲ ਲੱਗਦੀ ਜ਼ਮੀਨ ’ਤੇ ਪਲਾਟ ਅਲਾਟ ਕੀਤੇ ਜਾਣਗੇ।
ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਫਲੈਟਾਂ ਵਿਚ ਸਾਰੀਆਂ ਮੁੱਢਲੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ ਅਤੇ ਜ਼ਰੂਰੀ ਮੁਰੰਮਤ ਦਾ ਕੰਮ ਵੀ ਪ੍ਰਸ਼ਾਸਨ ਵੱਲੋਂ ਕਰਵਾਇਆ ਜਾਵੇਗਾ। ਹਾਲਾਂਕਿ ਇਸ ਦੌਰਾਨ ਕਈ ਪਰਿਵਾਰ ਭਾਵੁਕ ਦਿਖਾਈ ਦਿੱਤੇ। ਬੇਘਰ ਹੋਣ ਦਾ ਦਰਦ ਅਤੇ ਭਵਿੱਖ ਦੀ ਅਨਿਸ਼ਚਿਤਤਾ ਨੇ ਕਈ ਔਰਤਾਂ ਅਤੇ ਬਜ਼ੁਰਗਾਂ ਨੂੰ ਰੁਆ ਦਿੱਤਾ।

ਇਹ ਵੀ ਪੜ੍ਹੋ: ਗੁਰੂਘਰਾਂ 'ਚ ਅਚਾਨਕ ਹੋ ਗਈ ਅਨਾਊਂਸਮੈਂਟ! ਧਿਆਨ ਦੇਣ ਪੰਜਾਬੀ, ਅਗਲੇ 10 ਦਿਨਾਂ ਤੱਕ...

ਇਸ ਤੋਂ ਬਾਅਦ ਜ਼ਿਲਾ ਪ੍ਰਸ਼ਾਸਨਿਕ ਕੰਪਲੈਕਸ ਵਿਚ ਇਕ ਉੱਚ-ਪੱਧਰੀ ਬੈਠਕ ਆਯੋਜਿਤ ਕੀਤੀ ਗਈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ, ਪ੍ਰਭਾਵਿਤ ਪਰਿਵਾਰਾਂ ਅਤੇ ਲਤੀਫ਼ਪੁਰਾ ਪੁਨਰਵਾਸ ਮੋਰਚਾ ਦੇ ਆਗੂਆਂ ਨਾਲ ਵਿਸਤ੍ਰਿਤ ਚਰਚਾ ਕੀਤੀ। ਬੈਠਕ ਵਿਚ ਡੀ. ਸੀ. ਪੀ. ਮਨਪ੍ਰੀਤ ਸਿੰਘ ਢਿੱਲੋਂ ਅਤੇ ਏ. ਡੀ. ਸੀ. (ਸ਼ਹਿਰੀ ਵਿਕਾਸ) ਜਸਬੀਰ ਸਿੰਘ ਵੀ ਮੌਜੂਦ ਰਹੇ। ਡਿਪਟੀ ਕਮਿਸ਼ਨਰ ਨੇ ਬੈਠਕ ਵਿਚ ਐਲਾਨ ਕੀਤਾ ਕਿ ਬੀਬੀ ਭਾਨੀ ਕੰਪਲੈਕਸ ਅਤੇ ਸੂਰਿਆ ਐਨਕਲੇਵ ਖੇਤਰ ਵਿਚ ਕੁੱਲ 49 ਫਲੈਟ ਅਤੇ 15 ਪਲਾਟ ਪ੍ਰਭਾਵਿਤ ਪਰਿਵਾਰਾਂ ਨੂੰ ਅਲਾਟ ਕੀਤੇ ਜਾਣਗੇ। ਉਨ੍ਹਾਂ ਪਰਿਵਾਰਾਂ ਨੂੰ ਆਪਣੇ ਤਸਦੀਕਸ਼ੁਦਾ ਦਸਤਾਵੇਜ਼ ਜਮ੍ਹਾ ਕਰਵਾਉਣ ਲਈ ਕਿਹਾ ਅਤੇ ਭਰੋਸਾ ਦਿਵਾਇਆ ਕਿ 24 ਘੰਟੇ ਦੇ ਅੰਦਰ ਅਲਾਟਮੈਂਟ ਪ੍ਰਕਿਰਿਆ ਪੂਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਆਮ ਤੌਰ ’ਤੇ ਫਲੈਟ ਜਾਂ ਪਲਾਟ ਅਲਾਟਮੈਂਟ ਵਾਸਤੇ ਲਈ ਜਾਣ ਵਾਲੀ 5 ਫੀਸਦੀ ਰਾਸ਼ੀ ਇਨ੍ਹਾਂ ਪਰਿਵਾਰਾਂ ਤੋਂ ਨਹੀਂ ਲਈ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨ ਪ੍ਰਭਾਵਿਤ ਪਰਿਵਾਰਾਂ ਦੇ ਪੁਨਰਵਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਪ੍ਰਕਿਰਿਆ ਵਿਚ ਕਿਸੇ ਵੀ ਤਰ੍ਹਾਂ ਦੀ ਦੇਰੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਪਰਿਵਾਰਾਂ ਨਾਲ ਸਬੰਧਤ ਹੋਰ ਸਮੱਸਿਆਵਾਂ ਦੇ ਹੱਲ ਲਈ ਇਕ ਸਮਰਪਿਤ ਟੀਮ ਗਠਿਤ ਕੀਤੀ ਜਾ ਰਹੀ ਹੈ, ਜੋ ਉਨ੍ਹਾਂ ਦੇ ਮਾਮਲਿਆਂ ਦੀ ਨਿਗਰਾਨੀ ਕਰਕੇ ਉਚਿਤ ਹੱਲ ਯਕੀਨੀ ਬਣਾਏਗੀ।

ਇਹ ਵੀ ਪੜ੍ਹੋ: ਜਲੰਧਰ 'ਚ ਗੋਲ਼ੀਆਂ ਮਾਰ ਕਤਲ ਕੀਤੇ ਲੱਕੀ ਓਬਰਾਏ ਦੇ ਮਾਮਲੇ 'ਚ ਵੱਡੀ ਅਪਡੇਟ! ਹੁਣ ਪਰਿਵਾਰ ਨੂੰ...

PunjabKesari

ਉਨ੍ਹਾਂ ਦੱਸਿਆ ਕਿ ਹਾਲ ਹੀ ਵਿਚ ਲਤੀਫ਼ਪੁਰਾ ਤੋਂ ਉਜਾੜੇ ਗਏ ਸੱਤ ਪਰਿਵਾਰਾਂ ਦੀਆਂ ਤਤਕਾਲੀ ਲੋੜਾਂ ਨੂੰ ਪੂਰਾ ਕਰਨ ਲਈ ਪ੍ਰਸ਼ਾਸਨ ਵੱਲੋਂ ਹਰ ਸੰਭਵ ਸਹਾਇਤਾ ਉਪਲਬਧ ਕਰਵਾਈ ਜਾਵੇਗੀ। ਭੋਜਨ, ਆਰਜ਼ੀ ਰਿਹਾਇਸ਼ ਅਤੇ ਹੋਰ ਜ਼ਰੂਰੀ ਸਹੂਲਤਾਂ ਦੀ ਵਿਵਸਥਾ ਕੀਤੀ ਜਾ ਰਹੀ ਹੈ। ਬੈਠਕ ਦੌਰਾਨ ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਮਜ਼ਦੂਰ ਯੂਨੀਅਨਾਂ ਦੇ ਪ੍ਰਤੀਨਿਧਾਂ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਉਠਾਈ। ਇਸ ’ਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁਆਵਜ਼ੇ ਦਾ ਮਾਮਲਾ ਸਮਰੱਥ ਅਧਿਕਾਰੀ ਦੇ ਸਾਹਮਣੇ ਰੱਖਿਆ ਜਾਵੇਗਾ ਤਾਂ ਜੋ ਨਿਯਮਾਂ ਤਹਿਤ ਉਚਿਤ ਫੈਸਲਾ ਲਿਆ ਜਾ ਸਕੇ।

ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਵੀ ਭਰੋਸਾ ਦਿੱਤਾ ਕਿ ਇਸ ਮਾਮਲੇ ਵਿਚ ਦਰਜ ਐੱਫ਼. ਆਈ. ਆਰ. ਦੀ ਸਮੀਖਿਆ ਕੀਤੀ ਜਾਵੇਗੀ ਅਤੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਜ਼ਰੂਰੀ ਕਦਮ ਚੁੱਕੇ ਜਾਣਗੇ। ਬੈਠਕ ਵਿਚ ਐੱਸ. ਡੀ. ਐੱਮ. ਰਣਦੀਪ ਸਿੰਘ ਹੀਰ, ਜਲੰਧਰ ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀ, ਕਿਰਤੀ ਕਿਸਾਨ ਯੂਨੀਅਨ ਦੇ ਸੰਤੋਖ ਸਿੰਘ ਸੰਧੂ, ਬੀ.ਕੇ.ਯੂ. ਰਾਜੇਵਾਲ ਦੇ ਮਨਦੀਪ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਹੰਸ ਰਾਜ ਪੱਬਵਾਂ, ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪੰਜਾਬ ਕਿਸਾਨ ਯੂਨੀਅਨ ਬਾਗੀ ਦੇ ਗੁਰਦੀਪ ਸਿੰਘ ਭੰਡਾਲ, ਬੀ.ਕੇ.ਯੂ. ਡਕੌਂਦਾ ਦੇ ਧਰਮਿੰਦਰ ਸਿੰਘ, ਬੀਬੀ ਪਿੰਦੇ ਬਾਸੀ, ਲਖਵੀਰ ਸਿੰਘ ਸੌਂਤੀ ਸਮੇਤ ਅਨੇਕਾਂ ਕਿਸਾਨ ਅਤੇ ਸਮਾਜਿਕ ਜਥੇਬੰਦੀਆਂ ਦੇ ਪ੍ਰਤੀਨਿਧ ਹਾਜ਼ਰ ਰਹੇ।

ਇਹ ਵੀ ਪੜ੍ਹੋ: ਵੱਡੀ ਵਾਰਦਾਤ ਨਾਲ ਫਿਰ ਕੰਬਿਆ ਪੰਜਾਬ! ਸੂਫ਼ੀ ਗਾਇਕਾ ਜੋਤੀ ਨੂਰਾਂ ਦੇ ਘਰ ਦੇ ਬਾਹਰ ਚੱਲੀਆਂ ਗੋਲ਼ੀਆਂ

ਲੰਬੇ ਸਮੇਂ ਤੋਂ ਚੱਲੇ ਆ ਰਹੇ ਇਸ ਸੰਘਰਸ਼ ਦੇ ਸ਼ਾਂਤੀਪੂਰਨ ਹੱਲ ਦੀ ਦਿਸ਼ਾ ਵਿਚ ਚੁੱਕੇ ਗਏ ਕਦਮ ਨੂੰ ਪ੍ਰਸ਼ਾਸਨ ਅਤੇ ਜਥੇਬੰਦੀਆਂ ਨੇ ਸਾਕਾਰਾਤਮਕ ਦੱਸਿਆ ਹੈ। ਹਾਲਾਂਕਿ ਪ੍ਰਭਾਵਿਤ ਪਰਿਵਾਰਾਂ ਦੇ ਪੁਨਰਵਾਸ ਦੀ ਅਸਲ ਪ੍ਰਕਿਰਿਆ ਅਤੇ ਵਾਅਦਿਆਂ ਦੇ ਅਮਲ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਰਹਿਣਗੀਆਂ। ਫਿਲਹਾਲ 1130 ਦਿਨਾਂ ਤੋਂ ਜਾਰੀ ਸੰਘਰਸ਼ ਦੇ ਇਸ ਪੜਾਅ ਦਾ ਹੱਲ ਗੱਲਬਾਤ ਅਤੇ ਪ੍ਰਸ਼ਾਸਨਿਕ ਪਹਿਲ ਦੇ ਜ਼ਰੀਏ ਸੰਭਵ ਹੋ ਸਕਿਆ ਹੈ।

ਅਜੇ ਜਨਤਾ ਨੂੰ ਨਹੀਂ ਮਿਲੇਗੀ ਰਾਹਤ, ਹੁਣ ਸ਼ੁਰੂ ਹੋਵੇਗਾ ਸਰਫੇਸ ਵਾਟਰ ਪ੍ਰਾਜੈਕਟ ਦਾ ਲਟਕਿਆ ਕੰਮ
ਲਤੀਫ਼ਪੁਰਾ ਦੀ ਮਾਡਲ ਟਾਊਨ ਨੂੰ ਜਾਣ ਵਾਲੀ 120 ਫੁੱਟੀ ਸੜਕ ਭਾਵੇਂ ਹੁਣ ਕਬਜ਼ਾ ਮੁਕਤ ਹੋ ਚੁੱਕੀ ਹੈ, ਪਰ ਆਮ ਲੋਕਾਂ ਨੂੰ ਇਸ ਸੜਕ ਦੀ ਪੂਰੀ ਸਹੂਲਤ ਲਈ ਅਜੇ ਕੁਝ ਹੋਰ ਇੰਤਜ਼ਾਰ ਕਰਨਾ ਪਵੇਗਾ। ਜ਼ਿਲਾ ਪ੍ਰਸ਼ਾਸਨ ਅਤੇ ਲਤੀਫ਼ਪੁਰਾ ਨਿਵਾਸੀਆਂ ਵਿਚ ਸਹਿਮਤੀ ਬਣਨ ਤੋਂ ਬਾਅਦ ਵਿਵਾਦ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਹੈ ਪਰੰਤੂ ਹੁਣ ਸਰਫੇਸ ਵਾਟਰ ਪ੍ਰਾਜੈਕਟ ਤਹਿਤ ਪਾਈਪਲਾਈਨ ਵਿਛਾਉਣ ਦਾ ਕੰਮ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ ਹੈ। ਮੌਕੇ ’ਤੇ ਪਾਈਪਾਂ ਨਾਲ ਲੱਦੇ ਟਰੱਕ ਅਤੇ ਜ਼ਰੂਰੀ ਮਸ਼ੀਨਰੀ ਪਹੁੰਚ ਚੁੱਕੀ ਹੈ। ਪ੍ਰਸ਼ਾਸਨਿਕ ਸੂਤਰਾਂ ਅਨੁਸਾਰ ਅਗਲੇ ਇਕ-ਦੋ ਦਿਨਾਂ ਵਿਚ ਸੜਕ ਦੀ ਖੁਦਾਈ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ, ਤਾਂ ਜੋ ਲੰਬੇ ਸਮੇਂ ਤੋਂ ਅੱਧ ਵਿਚਾਲੇ ਲਟਕਿਆ ਇਹ ਪ੍ਰਾਜੈਕਟ ਪੂਰਾ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਮਾਡਲ ਟਾਊਨ ਸ਼ਮਸ਼ਾਨਘਾਟ ਦੇ ਪਿੱਛੇ ਬਣਾਏ ਗਏ ਵਾਟਰ ਟੈਂਕ ਤੱਕ ਪਾਈਪ ਲਾਈਨ ਵਿਛਾਈ ਜਾਣੀ ਹੈ। ਹਾਲਾਂਕਿ ਲਤੀਫ਼ਪੁਰਾ ਦੀ ਸੜਕ ’ਤੇ ਕਬਜ਼ਾ ਹੋਣ ਕਾਰਨ ਇਹ ਕੰਮ ਰੁਕਿਆ ਹੋਇਆ ਸੀ। ਹੁਣ ਰਸਤਾ ਸਾਫ਼ ਹੋਣ ਤੋਂ ਬਾਅਦ ਪ੍ਰਾਜੈਕਟ ਨੂੰ ਗਤੀ ਮਿਲਣ ਦੀ ਉਮੀਦ ਹੈ, ਜਿਸ ਨਾਲ ਇਲਾਕਾ ਨਿਵਾਸੀਆਂ ਨੂੰ ਭਵਿੱਖ ਵਿਚ ਬਿਹਤਰ ਜਲ ਸਪਲਾਈ ਸਹੂਲਤ ਮਿਲ ਸਕੇਗੀ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਮੈਰਿਜ ਪੈਲੇਸ 'ਚ ਮੁੰਡੇ ਦਾ ਕਤਲ, ਵਿਆਹ ਸਮਾਗਮ ਦੌਰਾਨ ਪਈਆਂ ਭਾਜੜਾਂ

ਐੱਲ. ਡੀ. ਪੀ. ਕੋਟੇ ਦੇ ਪਲਾਟਾਂ ’ਤੇ ਵੱਡੀ ਖੇਡ! ਇਕ ਹੀ ਪਰਿਵਾਰ ਦੇ ਨਾਂ 6 ਅਲਾਟਮੈਂਟਾਂ
ਐੱਲ. ਡੀ. ਪੀ. ਕੋਟੇ ਤਹਿਤ ਅਲਾਟ ਕੀਤੇ ਗਏ ਪਲਾਟਾਂ ਨੂੰ ਲੈ ਕੇ ਸ਼ਹਿਰ ਵਿਚ ਗੰਭੀਰ ਚਰਚਾਵਾਂ ਤੇਜ਼ ਹੋ ਗਈਆਂ ਹਨ। ਦੋਸ਼ ਹੈ ਕਿ ਇਕ ਹੀ ਵਿਅਕਤੀ ਅਤੇ ਉਸ ਦੇ ਕਰੀਬੀ ਰਿਸ਼ਤੇਦਾਰਾਂ ਦੇ ਨਾਂ 6 ਰਿਹਾਇਸ਼ੀ ਪਲਾਟ ਅਲਾਟ ਕੀਤੇ ਗਏ ਸਨ। ਇਹ ਰਿਹਾਇਸ਼ੀ ਪਲਾਟ 1-1 ਕਨਾਲ ਤੋਂ ਵੱਡੇ ਸਾਈਜ਼ ਦੇ ਹਨ। ਇਨ੍ਹਾਂ ਪਲਾਟਾਂ ਨੂੰ ਬਿਨਾਂ ਸੀ. ਐੱਲ. ਯੂ. (ਚੇਂਜ ਆਫ਼ ਲੈਂਡ ਯੂਜ਼) ਕਰਵਾਏ ਸ਼ੋਅਰੂਮ ਬਣਾ ਕੇ ਸ਼ਰੇਆਮ ਕਮਰਸ਼ੀਅਲ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ। ਸੂਤਰਾਂ ਮੁਤਾਬਕ ਸੀ. ਐੱਲ. ਯੂ. ਫੀਸ ਜਮ੍ਹਾ ਨਾ ਕਰਵਾਉਣ ਨਾਲ ਸਰਕਾਰ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਮਾਮਲੇ ਨੂੰ ਲੈ ਕੇ ਪ੍ਰਸ਼ਾਸਨਿਕ ਹਲਕਿਆਂ ਵਿਚ ਵੀ ਹਲਚਲ ਦੱਸੀ ਜਾ ਰਹੀ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਐੱਲ. ਡੀ. ਪੀ. ਕੋਟੇ ਦੀਆਂ ਇਨ੍ਹਾਂ ਅਲਾਟਮੈਂਟਾਂ ਨੂੰ ਲੈ ਕੇ ਵੱਡੇ ਖੁਲਾਸੇ ਹੋ ਸਕਦੇ ਹਨ।

ਇਹ ਵੀ ਪੜ੍ਹੋ: Punjab: ਕੁੜੀ ਦਾ ਬੇਰਹਿਮੀ ਨਾਲ ਕਤਲ! ਹੋਟਲ 'ਚੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼, ਜਬਰ-ਜ਼ਿਨਾਹ ਦਾ ਖ਼ਦਸ਼ਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News