ਸੰਨੀ ਦਿਓਲ ਦੇ ਢਾਈ ਕਿਲੋ ਦੇ ਹੱਥ ਨੇ ਫਤਿਹ ਕੀਤਾ ਗੁਰਦਾਸਪੁਰ, ਜਾਖੜ ਹਾਰੇ
Thursday, May 23, 2019 - 05:31 PM (IST)

ਗੁਰਦਾਸਪੁਰ (ਵਿਨੋਦ) : ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵੋਟਰਾਂ ਨੇ ਇਸ ਹਲਕੇ ਅੰਦਰ ਚੋਣ ਲੜਨ ਵਾਲੇ 15 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰ ਦਿੱਤਾ ਹੈ, ਜਿਸ ਤਹਿਤ ਅੱਜ ਇਸ ਸਰਹੱਦੀ ਇਲਾਕੇ ਦੇ ਲੋਕਾਂ ਵੱਲੋਂ ਮਿਲੇ ਫਤਵੇ ਦੀ ਬਦੌਲਤ ਕਾਂਗਰਸ ਦੇ 'ਪੰਜੇ' 'ਤੇ ਸੰਨੀ ਦਿਓਲ ਦਾ ਢਾਈ ਕਿੱਲੋ ਦਾ ਹੱਥ ਹਾਵੀ ਰਿਹਾ ਹੈ। ਕਰੀਬ 77 ਹਜ਼ਾਰ ਵੋਟਾਂ ਨਾਲ ਚੋਣ ਜਿੱਤਣ ਵਾਲੇ ਸੰਨੀ ਦਿਓਲ ਤੇ ਸੁਨੀਲ ਜਾਖੜ ਨੂੰ ਛੱਡ ਕੇ ਇਸ ਵਾਰ ਕੋਈ ਵੀ ਹੋਰ ਉਮੀਦਵਾਰ ਆਪਣੀ ਜ਼ਮਾਨਤ ਨਹੀਂ ਬਚਾ ਸਕਿਆ, ਕਿਉਂਕਿ ਤਕਰੀਬਨ ਸਾਰੇ ਵਿਧਾਨ ਸਭਾ ਹਲਕਿਆਂ ਦੇ ਵੋਟਰਾਂ ਨੇ ਸਿੱਧੇ ਰੂਪ ਵਿਚ ਸੰਨੀ ਦਿਓਲ ਤੇ ਸੁਨੀਲ ਜਾਖੜ ਦੇ ਹੱਕ ਵਿਚ ਮੁਕਾਬਲਾ ਮੰਨਦਿਆਂ ਜ਼ਿਆਦਾਤਰ ਰੁਝਾਨ ਇਨ੍ਹਾਂ ਦੋਵਾਂ ਪ੍ਰਤੀ ਹੀ ਦਿਖਾਇਆ ਹੈ। ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਅੱਜ ਨਾ ਸਿਰਫ ਉਮੀਦਵਾਰਾਂ ਦੇ ਦਿਲਾਂ ਦੀ ਧੜਕਣ ਤੇਜ਼ ਹੋਈ ਪਈ ਸੀ, ਸਗੋਂ ਵੱਖ-ਵੱਖ ਹਲਕਿਆਂ ਦੇ ਵਿਧਾਇਕ ਤੇ ਹਲਕਾ ਇੰਚਾਰਜਾਂ ਸਮੇਤ ਸਿਆਸੀ ਆਗੂ ਤੇ ਵਰਕਰ ਵੀ ਕਾਫੀ ਉਤਸੁਕ ਨਜ਼ਰ ਆ ਰਹੇ ਸਨ। ਇਥੇ ਹੀ ਬੱਸ ਨਹੀਂ ਅੱਜ ਆਮ ਲੋਕਾਂ ਦੇ ਰੋਜ਼ਮਰ੍ਹਾ ਦੇ ਕੰਮ-ਕਾਜ ਵੀ ਤਕਰੀਬਨ ਠੱਪ ਰਹੇ ਅਤੇ ਸਾਰੇ ਸਰਕਾਰੀ, ਗੈਰ-ਸਰਕਾਰੀ ਅਦਾਰਿਆਂ 'ਚ ਲੋਕਾਂ ਦੀ ਨਜ਼ਰ ਚੋਣ ਨਤੀਜਿਆਂ ਅਤੇ ਰੁਝਾਨਾਂ 'ਤੇ ਟਿਕੀ ਦਿਖਾਈ ਦਿੱਤੀ।
ਸਾਰੇ ਰਾਊਂਡਾਂ 'ਚ ਲਗਾਤਾਰ ਜਿੱਤ ਵੱਲ ਵਧਦੇ ਰਹੇ ਸੰਨੀ ਦਿਓਲ
ਸੰਨੀ ਦਿਓਲ ਦੀ ਇਸ ਜਿੱਤ ਦਾ ਦਿਲਚਸਪ ਪਹਿਲੂ ਇਹ ਰਿਹਾ ਹੈ ਕਿ ਸਵੇਰੇ 8.30 ਵਜੇ ਤੋਂ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋਣ ਦੇ ਬਾਅਦ ਤਕਰੀਬਨ ਸਾਰਾ ਦਿਨ ਹੀ ਵੋਟਾਂ ਦੀ ਗਿਣਤੀ ਦੇ ਅਖੀਰ ਤੱਕ ਉਨ੍ਹਾਂ ਦੀ ਲੀਡ 'ਚ ਵਾਧਾ ਹੁੰਦਾ ਗਿਆ। ਗਿਣਤੀ ਦੌਰਾਨ ਸੰਨੀ ਪਹਿਲੇ ਰਾਊਂਡ ਤੋਂ ਹੀ ਜਿੱਤ ਵੱਲ ਵਧਦੇ ਰਹੇ। ਪਹਿਲੇ ਰਾਊਂਡ ਵਿਚ ਉਨ੍ਹਾਂ ਨੂੰ 5247 ਵੋਟਾਂ ਦੀ ਲੀਡ ਮਿਲੀ, ਜਦੋਂ ਕਿ ਸੈਕੰਡ ਰਾਊਂਡ 'ਚ ਉਨ੍ਹਾਂ ਦੀ ਲੀਡ ਵਧ ਕੇ 9771 ਹੋ ਗਈ। ਤੀਸਰੇ ਰਾਊਂਡ 'ਚ ਇਹ ਫਰਕ 14918 ਹੋ ਗਿਆ, ਜਦੋਂ ਕਿ ਚੌਥੇ ਰਾਊਂਡ 'ਚ ਸੰਨੀ ਦਿਓਲ ਦੀ ਲੀਡ ਵਧ ਕੇ 17125 ਹੋ ਗਈ। ਇਸੇ ਤਰ੍ਹਾਂ ਪੰਜਵੇਂ ਰਾਊਂਡ 'ਚ ਵੀ ਲੀਡ ਵਧਣ ਦਾ ਸਿਲਸਿਲਾ ਜਾਰੀ ਰਿਹਾ। ਜਿਸ ਤਹਿਤ ਸੰਨੀ ਦਿਓਲ 22,773 ਵੋਟਾਂ ਨਾਲ ਅੱਗੇ ਨਿਕਲ ਗਏ, ਜਦੋਂ ਕਿ ਛੇਵੇਂ ਰਾਊਂਡ 'ਚ 26,159 ਵੋਟਾਂ ਦੀ ਲੀਡ ਰਹੀ। ਅੱਠਵੇਂ 'ਚ ਸੰਨੀ ਦਿਓਲ 40,730 ਵੋਟਾਂ ਦੀ ਲੀਡ ਲੈਣ 'ਚ ਸਫਲ ਰਹੇ। ਇਸੇ ਤਰ੍ਹਾਂ ਇਹ ਫਰਕ ਲਗਾਤਾਰ ਵੱਧਦਾ ਰਿਹਾ ਅਤੇ ਸ਼ਾਮ 3 ਵਜੇ ਤੱਕ ਕਰੀਬ 10 ਰਾਊਂਡਾਂ ਦੇ ਬਾਅਦ ਸੰਨੀ ਦਿਓਲ ਦੀ ਲੀਡ 80 ਹਜ਼ਾਰ ਤੋਂ ਵਧ ਗਈ ਪਰ ਬਾਅਦ ਵਿਚ ਅੰਤਿਮ ਰਾਊਂਡ 'ਚ 77 ਹਜ਼ਾਰ ਤੋਂ ਜ਼ਿਆਦਾ ਵੋਟਾਂ ਦੀ ਲੀਡ ਨਾਲ ਸੰਨੀ ਦਿਉਲ ਜੇਤੂ ਕਰਾਰ ਦੇ ਦਿੱਤੇ ਗਏ।
ਦੁਪਹਿਰ ਵੇਲੇ ਹੀ ਸ਼ੁਰੂ ਹੋ ਗਿਆ ਜਸ਼ਨਾਂ ਦਾ ਮਾਹੌਲ
ਦੁਪਹਿਰ ਵੇਲੇ ਜਦੋਂ ਸੰਨੀ ਦਿਓਲ ਦੀ ਲੀਡ ਦਾ ਅੰਕੜਾ 50 ਹਜ਼ਾਰ ਤੋਂ ਪਾਰ ਹੋ ਗਿਆ ਤਾਂ ਭਾਜਪਾ ਆਗੂਆਂ ਤੇ ਵਰਕਰਾਂ ਨੇ ਸ਼ਹਿਰ ਅੰਦਰ ਭੰਗੜੇ ਪਾਉਣੇ ਸ਼ੁਰੂ ਕਰ ਦਿੱਤੇ ਅਤੇ ਨਾਲ ਹੀ ਆਤਿਸ਼ਬਾਜ਼ੀ ਨਾਲ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਦੌਰਾਨ ਭਾਜਪਾ ਆਗੂਆਂ ਨੇ ਬਾਜ਼ਾਰ 'ਚ ਲੱਡੂ ਵੀ ਵੰਡੇ, ਜਦੋਂ ਕਿ ਨੌਜਵਾਨਾਂ ਨੇ ਮੋਟਰਸਾਈਕਲਾਂ 'ਤੇ ਰੋਡ ਸ਼ੋਅ ਕੀਤਾ। ਇਸੇ ਤਰ੍ਹਾਂ ਗਿਣਤੀ ਕੇਂਦਰਾਂ 'ਤੇ ਤਾਂ ਭਾਜਪਾ ਦੇ ਆਮ ਵਰਕਰਾਂ ਤੇ ਆਗੂਆਂ ਨੂੰ ਨਹੀਂ ਜਾਣ ਦਿੱਤਾ ਗਿਆ ਪਰ ਜਿਥੇ ਤੱਕ ਇਨ੍ਹਾਂ ਆਗੂਆਂ ਨੂੰ ਜਾਣ ਦੀ ਇਜਾਜ਼ਤ ਸੀ, ਭਾਜਪਾ ਨੇ ਉਥੇ ਪਹੁੰਚ ਕੇ ਹੀ ਭਾਜਪਾ ਦੇ ਝੰਡੇ ਲਹਿਰਾਏ ਅਤੇ ਨਰਿੰਦਰ ਮੋਦੀ ਦੇ ਹੱਕ ਵਿਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਕਿਸ ਉਮੀਦਵਾਰ ਨੂੰ ਮਿਲੀਆਂ ਕਿੰਨੀਆਂ ਵੋਟਾਂ
ਸੰਨੀ ਦਿਓਲ | ਭਾਜਪਾ | 551177 |
ਸੁਨੀਲ ਜਾਖੜ | ਕਾਂਗਰਸ | 474168 |
ਪੀਟਰ ਚੀਦਾ | ਆਮ ਆਦਮੀ ਪਾਰਟੀ | 27401 |
ਅਸ਼ਵਨੀ ਕੁਮਾਰ | ਸੀ. ਪੀ. ਆਈ (ਐੱਮ. ਐੱਲ.) ਲਿਬਰੇਸ਼ਨ | 2422 |
ਜਸਬੀਰ ਸਿੰਘ | ਬਸਪਾ | 714 |
ਪ੍ਰੀਤਮ ਸਿੰਘ ਭੱਟੀ | ਜਨਰਲ ਸਮਾਜ ਪਾਰਟੀ | 1173 |
ਮੰਗਲ ਸਿੰਘ | ਡੈਮੋਕਰੇਟਿਕ ਪਾਰਟੀ ਆਫ ਇੰਡੀਆ | 463 |
ਯਸ਼ ਪਾਲ | ਬਹੁਜਨ ਮੁਕਤੀ ਪਾਰਟੀ | 643 |
ਲਾਲ ਚੰਦ ਕਟਾਰੂ ਚੱਕ | ਰੈਵੋ. ਮਾਰਕਸਿਸਟ ਪਾਰਟੀ ਆਫ ਇੰਡੀਆ | 15210 |
ਅਮਨਦੀਪ ਸਿੰਘ ਘੋਤਰਾ | ਆਜ਼ਾਦ | 880 |
ਸੁਕਿਰਤ ਸ਼ਾਰਦਾ | ਆਜ਼ਾਦ | 1795 |
ਹਰਪ੍ਰੀਤ ਸਿੰਘ | ਅਜਾਦ | 772 |
ਕਰਮ ਸਿੰਘ | ਆਜ਼ਾਦ | 1053 |
ਕਾਸਿਮ ਦੀਨ | ਆਜ਼ਾਦ | 3130 |
ਪਰਮਪ੍ਰੀਤ ਸਿੰਘ | ਆਜ਼ਾਦ | 2953 |
ਦੱਸ ਦੇਈਏ ਕਿ 2014 ਦੀਆਂ ਲੋਕ ਸਭਾ ਚੋਣਾਂ 'ਚ ਅਦਾਕਾਰ ਵਿਨੋਦ ਖੰਨਾ ਦਾ ਜਾਦੂ ਛਾਇਆ। ਵਿਨੋਦ ਖੰਨਾ ਨੇ ਕਾਂਗਰਸੀ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਨੂੰ ਮਾਤ ਦਿੱਤੀ। ਬਾਜਵਾ ਨੇ 2009 'ਚ 3 ਵਾਰ ਹੈਟ੍ਰਿਕ ਜਮਾ ਚੁੱਕੇ ਵਿਨੋਦ ਖੰਨਾ ਨੂੰ ਹੀ ਹਰਾਇਆ ਸੀ। ਵਿਨੋਦ ਖੰਨਾ ਦੀ 27 ਅਪ੍ਰੈਲ 2017 'ਚ ਮੌਤ ਹੋ ਗਈ ਸੀ, ਜਿਸ ਕਾਰਨ ਇਸ ਸੀਟ 'ਤੇ ਜ਼ਿਮਨੀ ਚੋਣ ਹੋਈ। ਕਾਂਗਰਸ ਨੇ ਸੁਨੀਲ ਜਾਖੜ ਦੇ ਦਾਅ ਖੇਡਿਆ ਤੇ ਉਨਾਂ ਨੇ ਬੀਜੇਪੀ ਉਮੀਦਵਾਰ ਸਵਰਨ ਸਲਾਰੀਆ ਨੂੰ ਬਹੁਤ ਵੱਡੇ ਫਰਕ ਨਾਲ ਪਛਾੜਿਆ। ਜਾਖੜ ਨੂੰ ਪੂਰੇ ਗੁਰਦਾਸਪੁਰ ਚੋਂ ਕਰੀਬ 60 ਫੀਸਦੀ ਯਾਨੀ 4,99,752 ਵੋਟਾਂ ਹਸਲ ਹੋਈਆਂ। ਸਵਰਨ ਸਲਾਰੀਆ ਨੂੰ ਕਰੀਬ 1 ਲੱਖ ਘੱਟ 3,06,533 ਵੋਟਾਂ ਪਈਆਂ। 'ਆਪ' ਉਮੀਦਵਾਰ ਸੁਰੇਸ਼ ਖਜੂਰੀਆ ਦੀ 23, 579 ਵੋਟਾਂ ਨਾਲ ਹਾਰ ਹੋਈ।
ਗੁਰਦਾਸਪੁਰ ਦੀ ਜ਼ਿਮਨੀ ਚੋਣ (2017)
ਕਾਂਗਰਸ | ਸੁਨੀਲ ਜਾਖੜ | 4,99,752 |
ਬੀਜੇਪੀ | ਸਵਰਨ ਸਲਾਰੀਆ | 3,06,533 |
'ਆਪ' | ਸੁਰੇਸ਼ ਕੁਮਾਰ ਖਜੂਰੀਆ | 23,579 |