ਸੁਜਾਨ ਸਿੰਘ ਦੀ ਵਤਨ ਵਾਪਸੀ ਦੀ ਉਮੀਦ 'ਚ 54 ਸਾਲਾਂ ਤੋਂ ਦੀਵਾ ਜਗਾ ਰਿਹੈ ਪਰਿਵਾਰ

11/28/2018 1:30:23 PM

ਗੁਰਦਾਸਪੁਰ (ਵਿਨੋਦ, ਹਰਮਨਪ੍ਰੀਤ) : ਇਹ ਇਕ ਤੱਥ ਹੈ ਕਿ ਯੁੱਧ 'ਚ ਜਿੱਤ ਕਿਸੇ ਦੀ ਵੀ ਹੋਵੇ, ਤਬਾਹੀ ਦੇ ਨਿਸ਼ਾਨ ਹਰ ਜਗ੍ਹਾ ਰਹਿ ਜਾਂਦੇ ਹਨ, ਉਥੇ ਯੁੱਧ ਕਾਰਨ ਦਿੱਤੇ ਹੋਏ ਡੂੰਘੇ ਜ਼ਖ਼ਮ ਕਈ ਪੀੜ੍ਹੀਆਂ ਤੱਕ ਰਿਸਦੇ ਰਹਿੰਦੇ ਹਨ। ਅਜਿਹਾ ਹੀ ਇਕ ਪਰਿਵਾਰ ਹੈ ਨੇੜਲੇ ਪਿੰਡ ਬਰਨਾਲਾ ਦੇ ਯੁੱਧਬੰਦੀ ਸਿਪਾਹੀ ਸੁਜਾਨ ਸਿੰਘ ਦਾ, ਜੋ ਪਿਛਲੇ 54 ਸਾਲਾਂ ਤੋਂ ਆਪਣੇ ਘਰ ਦੇ ਚਿਰਾਗ ਸੁਜਾਨ ਸਿੰਘ ਦੀ ਵਤਨ ਵਾਪਸੀ ਦੀ ਉਮੀਦ ਦਾ ਦੀਵਾ ਜਗਾ ਕੇ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਹਨ। ਜਦੋਂ ਵੀ ਭਾਰਤ-ਪਾਕਿ  ਰਿਸ਼ਤਿਆਂ 'ਚ ਕੁਝ ਸੁਧਾਰ ਹੁੰਦਾ ਹੈ ਤਾਂ ਇਸ ਪਰਿਵਾਰ ਦੀ ਉਮੀਦ ਵੱਧ ਜਾਂਦੀ ਹੈ ਕਿ ਸ਼ਾਇਦ ਇਸ ਵਾਰ ਪਾਕਿਸਤਾਨ ਜੇਲ ਵਿਚ ਬੰਦ ਸੁਜਾਨ ਸਿੰਘ ਦੀ ਰਿਹਾਈ ਸੰਭਵ ਹੋ ਸਕੇ। ਬੀਤੇ ਦਿਨ ਡੇਰਾ ਬਾਬਾ ਨਾਨਕ ਸਥਿਤ ਕਰਤਾਰਪੁਰ ਕਾਰੀਡੋਰ ਦਾ ਨੀਂਹ-ਪੱਥਰ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਨ ਨਾਲ ਸਮੂਹ ਪੰਜਾਬ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਖੁਸ਼ੀ ਵਿਚ ਸੁਜਾਨ ਸਿੰਘ ਦੇ ਪਰਿਵਾਰ ਨੂੰ ਵੀ ਇਕ ਆਸ ਜਾਗੀ ਹੈ। ਉਨ੍ਹਾਂ ਦੇ ਭਰਾ ਮਹਿੰਦਰ ਸਿੰਘ ਤੇ ਭਾਬੀ ਬਿਮਲਾ ਦੇਵੀ ਨੇ ਨਮ ਅੱਖਾਂ ਨਾਲ ਦੱਸਿਆ ਕਿ ਡੇਰਾ ਬਾਬਾ ਨਾਨਕ ਵਿਚ ਕਾਰੀਡੋਰ ਦੇ ਨੀਂਹ-ਪੱਥਰ ਤੋਂ ਬਾਅਦ 28 ਨਵੰਬਰ ਨੂੰ ਪਾਕਿਸਤਾਨ ਵੱਲੋਂ ਉਥੋਂ ਦੀ ਸਰਕਾਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਕਾਰੀਡੋਰ ਦਾ ਨੀਂਹ-ਪੱਥਰ ਰੱਖਣ ਜਾ ਰਹੀ ਹੈ, ਜਿਸ ਵਿਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ  ਸ਼ਾਮਲ ਹੋਣ ਲਈ ਦੂਜੀ ਵਾਰ ਪਾਕਿਸਤਾਨ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਸਿੱਧੂ ਸਾਹਿਬ ਤੁਸੀਂ ਪਹਿਲੀ ਵਾਰ ਪਾਕਿਸਤਾਨ ਗਏ ਸੀ ਤਾਂ ਉਥੋਂ ਦੇ ਫੌਜ ਮੁਖੀ ਜਨਰਲ ਬਾਜਵਾ ਨੂੰ ਗਲੇ ਲਾ ਕੇ ਉਨ੍ਹਾਂ ਦੇ ਕੰਨ 'ਚ ਇਹ ਕਿਹਾ ਸੀ ਕਿ ਕਰਤਾਰਪੁਰ ਦਾ ਰਸਤਾ ਖੋਲ੍ਹ ਦਿੱਤਾ ਜਾਵੇ ਅਤੇ ਹੁਣ ਤੁਸੀਂ ਦੂਜੀ ਵਾਰ ਪਾਕਿਸਤਾਨ ਜਾ ਰਹੇ ਹੋ ਤਾਂ ਇਸ ਵਾਰ ਜਨਰਲ ਬਾਜਵਾ ਨੂੰ ਤੁਸੀਂ ਜਦੋਂ ਜੱਫੀ ਪਾਓਗੇ ਤਾਂ ਉਨ੍ਹਾਂ ਦੇ ਕੰਨ 'ਚ ਇਹ ਕਹਿ ਦੇਣਾ ਕਿ 1965 ਤੇ 1971 ਦੇ 54 ਯੁੱਧਬੰਦੀ ਜਿਨ੍ਹਾਂ 'ਚ ਉਨ੍ਹਾਂ ਦਾ ਭਰਾ ਸਿਪਾਹੀ ਸੁਜਾਨ ਸਿੰਘ ਵੀ ਸ਼ਾਮਲ ਹੈ, ਜੋ ਪਿਛਲੇ 54 ਸਾਲਾਂ ਤੋਂ ਪਾਕਿਸਤਾਨ ਦੀਆਂ ਵੱਖ-ਵੱਖ ਜੇਲਾਂ 'ਚ ਜ਼ੁਲਮ ਸਹਿ ਰਹੇ ਹਨ, ਉਨ੍ਹਾਂ ਦੀ ਰਿਹਾਈ ਦਾ ਰਸਤਾ ਵੀ ਖੋਲ੍ਹ ਦਿੱਤਾ ਜਾਵੇ। 

ਲੜਕੇ ਦੇ ਗਮ 'ਚ ਮਾਂ ਤੇ ਚਾਰ ਭਰਾ ਵੀ ਚੱਲ ਵਸੇ
ਸਿਪਾਹੀ ਸੁਜਾਨ ਸਿੰਘ ਦੇ ਭਾਈ ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਸੁਜਾਨ ਸਿੰਘ ਨੇ 1965 ਦੇ ਭਾਰਤ-ਪਾਕਿ ਯੁੱਧ ਵਿਚ ਪਾਕਿ ਸੈਨਿਕਾਂ ਨੂੰ ਆਪਣੀ ਬਹਾਦਰੀ ਨਾਲ ਧੂੜ ਚਟਾਈ ਸੀ। ਇਸ ਤੋਂ ਬਾਅਦ ਪਾਕਿ ਫੌਜ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਲੜਕੇ ਦੇ ਗਮ ਵਿਚ ਮਾਂ ਸੰਤੋ ਦੇਵੀ ਨੇ ਖਾਣਾ- ਪੀਣਾ ਛੱਡ ਦਿੱਤਾ ਅਤੇ ਕੁਝ ਸਮੇਂ ਬਾਅਦ ਪੁੱਤਰ ਵਿਯੋਗ ਵਿਚ ਚੱਲ ਵਸੀ। ਇਸ ਦੇ ਬਾਅਦ ਯੁੱਧਬੰਦੀ ਭਾਈ ਦੇ ਇੰਤਜ਼ਾਰ ਵਿਚ ਉਨ੍ਹਾਂ ਦੇ ਚਾਰ ਭਰਾ ਵੀ ਸੰਸਾਰ ਨੂੰ ਅਲਵਿਦਾ ਕਹਿ ਗਏ।

1970 'ਚ ਮਿਲੀ ਪਾਕਿ ਜੇਲ ਵਿਚ ਬੰਦ ਹੋਣ ਦੀ ਖਬਰ
ਮਹਿੰਦਰ ਸਿੰਘ ਨੇ ਸੇਜਲ ਅੱਖਾਂ ਨਾਲ ਦੱਸਿਆ ਕਿ ਉਨ੍ਹਾਂ ਦਾ ਭਰਾ 1957 ਵਿਚ ਭਾਰਤੀ ਫੌਜ ਦੀ 14ਵੀਂ ਫੀਲਡ ਰੈਜੀਮੈਂਟ ਵਿਚ ਭਰਤੀ ਹੋਇਆ ਸੀ। ਉਨ੍ਹਾਂ ਦੇ ਵਿਆਹ ਨੂੰ ਅਜੇ 6 ਮਹੀਨੇ ਹੀ ਹੋਏ ਸਨ ਕਿ ਭਾਰਤ-ਪਾਕਿ ਯੁੱਧ ਦਾ ਐਲਾਨ ਹੋ ਗਿਆ।  ਸੂਚਨਾ ਮਿਲਣ 'ਤੇ ਸੁਜਾਨ ਸਿੰਘ ਤੁਰੰਤ ਹੀ ਯੂਨਿਟ ਵਿਚ ਵਾਪਸ ਜਾ ਕੇ ਯੁੱਧ ਮੋਰਚੇ 'ਤੇ ਜਾ ਡਟੇ।  ਉਨ੍ਹਾਂ  ਦੱਸਿਆ ਕਿ ਯੁੱਧ ਸਮਾਪਤੀ ਦੇ ਐਲਾਨ ਤੋਂ ਬਾਅਦ ਜਦੋਂ ਉਨ੍ਹਾਂ ਦਾ ਭਰਾ ਵਾਪਸ ਨਹੀਂ ਆਇਆ ਤਾਂ ਪਰਿਵਾਰ ਨੂੰ ਕਿਸੇ ਅਣਹੋਣੀ ਦਾ ਡਰ ਸਤਾਉਣ ਲੱਗਾ। ਸਭ ਤੋਂ ਜ਼ਿਆਦਾ ਮਾਨਸਿਕ ਰੂਪ ਤੋਂ ਹਤਾਸ਼ ਸੁਜਾਨ ਸਿੰਘ ਦੀ ਦੁਲਹਣ ਤਾਰੋ ਦੇਵੀ, ਜਿਸ ਦੇ ਹੱਥਾਂ ਦੀ ਮਹਿੰਦੀ ਅਤੇ  ਚੂੜੇ ਦਾ ਰੰਗ ਵੀ ਫਿੱਕਾ ਨਹੀਂ ਹੋਇਆ ਸੀ, ਉਹ ਬੜੀ ਉਮੀਦਾਂ ਨਾਲ ਯੁੱਧ ਸਮਾਪਤੀ ਦੇ ਬਾਅਦ  ਆਪਣੇ ਪਤੀ ਦੇ ਘਰ ਵਾਪਸ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਜੇਲ ਵਿਚ ਬੰਦ ਹੋਣ ਦੀ ਜਾਣਕਾਰੀ 1970 ਵਿਚ ਉਸ ਸਮੇਂ ਮਿਲੀ, ਜਦੋਂ ਜੇਲ ਤੋਂ ਲਿਖਿਆ ਖੱਤ ਉਨ੍ਹਾਂ ਨੂੰ ਮਿਲਿਆ। ਇਸ ਦੇ ਬਾਅਦ 6 ਜੁਲਾਈ 1970 ਨੂੰ ਅੰਮ੍ਰਿਤਸਰ ਦੇ ਸਾਹੋਵਾਲ ਪਿੰਡ ਦੇ ਦੋ ਕੈਦੀ ਪਾਕਿ ਜੇਲ ਤੋਂ ਰਿਹਾਅ ਹੋ ਕੇ ਵਤਨ ਵਾਪਸ ਆਏ ਤਾਂ ਉਨ੍ਹਾਂ ਨੇ ਅੰਮ੍ਰਿਤਸਰ ਵਿਚ ਸੁਪਰਡੈਂਟ ਨੂੰ ਲਿਖਤੀ ਰੂਪ ਵਿਚ ਦੱਸਿਆ ਕਿ ਭਾਰਤੀ ਫੌਜ ਦਾ ਵਾਇਰਲੈੱਸ ਆਪ੍ਰੇਟਰ ਸੁਜਾਨ ਸਿੰਘ ਸਿਆਲਕੋਟ ਜੇਲ ਦੇ ਇੰਟੈਰੋਗੇਸ਼ਨ ਸੈੱਲ ਵਿਚ ਬੰਦ ਹੈ।

ਯੁੱਧਬੰਦੀਆਂ ਦੀ ਰਿਹਾਈ ਨਾਲ ਹੀ ਪਿਘਲੇਗੀ ਭਾਰਤ-ਪਾਕਿ ਰਿਸ਼ਤਿਆਂ 'ਤੇ ਜੰਮੀ ਬਰਫ : ਕੁੰਵਰ ਵਿੱਕੀ 
ਇਸ ਮੌਕੇ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਕਿਹਾ ਕਿ ਕਰਤਾਰਪੁਰ ਕਾਰੀਡੋਰ ਨੀਂਹ-ਪੱਥਰ ਰੱਖਣ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਸੁਧਾਰ ਆਉਣ ਦੀ ਇਕ ਉਮੀਦ ਜਾਗੀ ਹੈ ਪਰ ਜਦੋਂ ਤੱਕ ਪਾਕਿ ਜੇਲਾਂ 'ਚ ਬੰਦ 54 ਜੰਗੀ ਸਿਪਾਹੀਆਂ ਦੀ ਰਿਹਾਈ ਨਹੀਂ ਹੋਵੇਗੀ, ਉਦੋਂ ਤੱਕ ਭਾਰਤ-ਪਾਕਿ ਰਿਸ਼ਤਿਆਂ 'ਤੇ ਜੰਮੀ ਬਰਫ ਨਹੀਂ ਪਿਘਲੇਗੀ।  ਇਸ ਮੌਕੇ ਸ਼ਮਸ਼ੇਰ ਸਿੰਘ, ਲਖਵਿੰਦਰ ਸਿੰਘ, ਦਮਨਪ੍ਰੀਤ ਸਿੰਘ, ਨਵਦੀਪ ਸਿੰਘ, ਅਰਵਿੰਦਰ ਸਿੰਘ, ਜਸਬੀਰ ਸਿੰਘ, ਨਵਨੀਤ ਸਿੰਘ, ਪੰਕਜ ਸਿੰਘ ਆਦਿ ਹਾਜ਼ਰ ਸਨ।


Related News