ਸ਼ਹੀਦ ਰਜਿੰਦਰ ਸਿੰਘ ਦੀ ਚਿਤਾ ਨੂੰ 6 ਮਹੀਨੇ ਦੇ ਪੁੱਤ ਨੇ ਦਿੱਤੀ ਮੁੱਖ ਅਗਨੀ

Monday, Jul 29, 2019 - 10:23 AM (IST)

ਸ਼ਹੀਦ ਰਜਿੰਦਰ ਸਿੰਘ ਦੀ ਚਿਤਾ ਨੂੰ 6 ਮਹੀਨੇ ਦੇ ਪੁੱਤ ਨੇ ਦਿੱਤੀ ਮੁੱਖ ਅਗਨੀ

ਗੁਰਦਾਸਪੁਰ (ਗੁਰਪ੍ਰੀਤ ਸਿੰਘ ਚਾਵਲਾ) : ਬੀਤੇ ਦਿਨ ਨਜ਼ਦੀਕੀ ਪਿੰਡ ਪੱਬਾਰਾਲੀ ਕਲਾਂ ਦੇ ਫ਼ੌਜੀ ਜਵਾਨ ਲਾਂਸ ਨਾਇਕ ਰਜਿੰਦਰ ਸਿੰਘ (26) ਜੋ ਕਿ ਕਸ਼ਮੀਰ ਦੇ ਮਾਛਲ ਸੈਕਟਰ 'ਚ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਸ਼ਹੀਦੀ ਜਾਮ ਪੀ ਗਿਆ, ਦੀ ਮ੍ਰਿਤਕ ਦੇਹ ਐਤਵਾਰ ਬਾਅਦ ਦੁਪਹਿਰ ਜਦੋਂ ਉਸਦੇ ਜੱਦੀ ਪਿੰਡ ਪੱਬਾਂਰਾਲੀ ਕਲਾਂ ਵਿਖੇ ਪੁੱਜੀ ਤਾਂ ਸਮੁੱਚਾ ਪਿੰਡ ਸ਼ੋਕ ਵਿਚ ਡੁੱਬ ਗਿਆ ਅਤੇ ਹਰੇਕ ਅੱਖ ਨਮ ਦਿਖਾਈ ਦਿੱਤੀ।
PunjabKesari
ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਸ਼ਹੀਦ ਰਜਿੰਦਰ ਸਿੰਘ ਦੀ ਮ੍ਰਿਤਕ ਦੇਹ ਤਿਰੰਗੇ 'ਚ ਲਪੇਟੀ ਉਸਦੇ ਸਾਥੀ ਜਵਾਨਾਂ ਵੱਲੋਂ ਗੱਡੀ 'ਚੋਂ ਉਤਾਰੀ ਗਈ ਤਾਂ ਪਿੰਡ ਅਤੇ ਇਲਾਕਾ ਵਾਸੀਆਂ ਸਮੇਤ ਸਿਵਲ ਅਤੇ ਪੁਲਸ ਪ੍ਰਸ਼ਾਸਨ ਅਧਿਕਾਰੀਆਂ, ਸਿਆਸੀ ਆਗੂਆਂ, ਧਾਰਮਕ ਅਤੇ ਸਮਾਜਕ ਸ਼ਖ਼ਸੀਅਤਾਂ ਵੱਲੋਂ ਜਵਾਨ ਰਜਿੰਦਰ ਸਿੰਘ ਦੀ ਸ਼ਹੀਦੀ ਦੇ ਜਜ਼ਬੇ ਨੂੰ ਸਲਾਮ ਕੀਤਾ ਗਿਆ। ਉਪਰੰਤ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਉਸਦੇ ਜੱਦੀ ਘਰ 'ਚ ਰੱਖਿਆ ਗਿਆ ਤਾਂ ਚਾਰੇ ਪਾਸੇ ਮਾਤਮ ਪਸਰ ਗਿਆ। ਇਥੇ ਇਹ ਦੱਸਦੇ ਜਾਈਏ ਕਿ ਸ਼ਹੀਦ ਦੀ ਅਰਥੀ ਨੂੰ ਉਸਦੀ ਮਾਤਾ ਪਲਵਿੰਦਰ ਕੌਰ ਵਲੋਂ ਵੀ ਮੋਢਾ ਦਿੱਤਾ ਗਿਆ।

ਇਸ ਤੋਂ ਬਾਅਦ ਸ਼ਹੀਦ ਰਜਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਲਿਜਾਇਆ ਗਿਆ, ਜਿਥੇ ਪਰਿਵਾਰਕ ਮੈਂਬਰਾਂ ਪਲਵਿੰਦਰ ਕੌਰ ਮਾਤਾ, ਸਵਿੰਦਰ ਸਿੰਘ ਪਿਤਾ, ਰਣਜੀਤ ਕੌਰ ਪਤਨੀ, ਕੁਲਦੀਪ ਕੌਰ ਭੈਣ, ਬਲਵਿੰਦਰ ਸਿੰਘ ਅਤੇ ਦਲਵਿੰਦਰ ਸਿੰਘ ਭਰਾ ਅਤੇ 7 ਮਹੀਨੇ ਦੇ ਲੜਕੇ ਗੁਰਨੂਰ ਸਿੰਘ ਵੱਲੋਂ ਸ਼ਹੀਦ ਰਜਿੰਦਰ ਸਿੰਘ ਨੂੰ ਸਲਿਊਟ ਕਰਦਿਆਂ ਉਸਦੇ ਅੰਤਿਮ ਦਰਸ਼ਨ ਕੀਤੇ ਗਏ। ਇਸ ਮੌਕੇ ਫ਼ੌਜ ਦੇ ਜਵਾਨਾਂ ਅਤੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਐੱਸ. ਡੀ. ਐੱਮ. ਡੇਰਾ ਬਾਬਾ ਨਾਨਕ ਗੁਰਸਿਮਰਨ ਸਿੰਘ ਢਿੱਲੋਂ ਨੇ ਫੁੱਲ ਮਾਲਵਾਂ ਭੇਟ ਕਰ ਕੇ ਸ਼ਹੀਦ ਰਜਿੰਦਰ ਸਿੰਘ ਨੂੰ ਸ਼ਰਧਾਂਜਲੀ ਦਿੱਤੀ।
PunjabKesari
ਇਸ ਦੌਰਾਨ ਤਿਬੜੀ ਕੈਂਟ ਤੋਂ ਰਾਮੂ ਰਾਮ ਸੂਬੇਦਾਰ ਦੀ ਅਗਵਾਈ ਹੇਠ 19 ਜਾਟ ਰੈਜੀਮੈਂਟ ਦੇ ਜਵਾਨਾਂ ਦੀ ਟੁਕੜੀ ਵੱਲੋਂ ਮਾਤਮੀ ਧੁਨ ਵਜਾ ਕੇ ਅਤੇ ਹਥਿਆਰ ਉਲਟੇ ਕਰ ਕੇ ਦੋ ਮਿੰਟ ਦਾ ਮੌਨ ਧਾਰਨ ਕਰ ਸ਼ਹੀਦ ਨੂੰ ਵਰ੍ਹਦੇ ਮੀਂਹ ਵਿਚ ਆਪਣੇ ਸ਼ਰਧਾ-ਸੁਮਨ ਅਰਪਿਤ ਕੀਤੇ ਗਏ, ਜਦਕਿ ਸ਼ਹੀਦ ਰਜਿੰਦਰ ਸਿੰਘ ਦੀ ਮ੍ਰਿਤਕ ਦੇਹ ਦੇ ਨਾਲ ਆਏ ਫ਼ੌਜ ਦੇ ਜਵਾਨਾਂ ਵੱਲੋਂ ਦੇਸ਼ ਦਾ ਕੌਮੀ ਤਿਰੰਗਾ ਸਨਮਾਨ ਸਹਿਤ ਪਰਿਵਾਰ ਨੂੰ ਸੌਂਪਿਆ ਗਿਆ ਅਤੇ ਸ਼ਹੀਦ ਰਜਿੰਦਰ ਸਿੰਘ ਦੀ ਚਿਖਾ ਨੂੰ ਅਗਨੀ ਉਸਦੇ 7 ਮਹੀਨਿਆਂ ਦੇ ਲੜਕੇ ਗੁਰਨੂਰ ਸਿੰਘ ਵਲੋਂ ਦਿਖਾਈ ਗਈ।

ਇਸ ਮੌਕੇ ਸ਼ਹੀਦ ਦੀ ਮਾਂ ਪਲਵਿੰਦਰ ਕੌਰ ਨੇ ਕਿਹਾ ਕਿ ਮੈਨੂੰ ਆਪਣੇ ਆਪ 'ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਂ ਇਕ ਬਹਾਦਰ ਅਤੇ ਸੂਰਵੀਰ ਪੁੱਤ ਨੂੰ ਜਨਮ ਦਿੱਤਾ ਜਿਸ ਨੇ ਦੇਸ਼ ਦੀ ਖਾਤਿਰ ਸ਼ਹੀਦੀ ਜਾਮ ਪੀ ਕੇ ਦੇਸ਼ ਭਰ ਵਿਚ ਆਪਣੇ ਜ਼ਿਲਾ ਗੁਰਦਾਸਪੁਰ ਅਤੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ। ਪਲਵਿੰਦਰ ਕੌਰ ਨੇ ਕਿਹਾ ਕਿ ਉਸਨੂੰ ਆਪਣੇ ਪੁੱਤਰ ਸ਼ਹੀਦ ਰਜਿੰਦਰ ਸਿੰਘ ਦੇ ਇਸ ਦੁਨੀਆ ਤੋਂ ਚਲੇ ਜਾਣ ਦਾ ਤਾਂ ਦੁੱਖ ਤਾਂ ਹੈ ਹੀ ਪਰ ਨਾਲ ਹੀ ਉਸ ਨੂੰ ਹਮੇਸ਼ਾ ਆਪਣੇ ਪੁੱਤ ਦੀ ਸ਼ਹੀਦੀ 'ਤੇ ਫਖ਼ਰ ਮਹਿਸੂਸ ਹੁੰਦਾ ਰਹੇਗਾ।
PunjabKesari
ਪਿੰਡ ਪੱਬਾਂਰਾਲੀ ਕਲਾਂ ਦੇ ਸ਼ਹੀਦ ਹੋਏ ਜਵਾਨ ਰਜਿੰਦਰ ਸਿੰਘ ਦੀ ਅਰਥੀ ਨੂੰ ਮੋਢਾ ਦਿੰਦੀ ਹੋਈ ਉਸਦੀ ਮਾਂ ਪਲਵਿੰਦਰ, ਕੁੰਵਰ ਰਵਿੰਦਰ ਸਿੰਘ ਵਿੱਕੀ। 2, ਸ਼ਹੀਦ ਨੂੰ ਸਲਿਊਟ ਕਰਦੇ ਹੋਏ 19 ਜਾਟ ਰੈਜੀਮੈਂਟ ਦੇ ਜਵਾਨ। 3, ਸ਼ਹੀਦ ਰਜਿੰਦਰ ਸਿੰਘ ਦੀ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨ ਕਰਨ ਦੌਰਾਨ ਵਿਰਲਾਪ ਕਰਦੇ ਪਰਿਵਾਰਕ ਮੈਂਬਰ। 4, ਸ਼ਹੀਦ ਦੀ ਚਿਤਾ ਨੂੰ ਅਗਨੀ ਭੇਟ ਕਰਦੇ ਹੋਏ ਉਸਦਾ 7 ਮਹੀਨੇ ਦਾ ਬੱਚਾ ਗੁਰਨੂਰ ਸਿੰਘ। (ਪਲਵਿੰਦਰ)

ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਲਾਂਸ ਨਾਇਕ ਰਜਿੰਦਰ ਸਿੰਘ ਦੀ ਵਡਮੁੱਲੀ ਸ਼ਹਾਦਤ ਦਾ ਮੁੱਲ ਤਾਂ ਕੋਈ ਵੀ ਸਰਕਾਰ ਨਹੀਂ ਦੇ ਸਕਦੀ ਪਰ ਫਿਰ ਵੀ ਪਰਿਵਾਰ ਦਾ ਮਨੋਬਲ ਵਧਾਉਣ ਲਈ ਪੰਜਾਬ ਸਰਕਾਰ ਵਲੋਂ ਸ਼ਹੀਦ ਦੇ ਪਰਿਵਾਰ ਨੂੰ 12 ਲੱਖ ਰੁਪਏ ਦੀ ਆਰਥਕ ਮਦਦ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਪਿੰਡ ਦੇ ਸਰਕਾਰੀ ਸਕੂਲ ਦਾ ਨਾਂ ਸ਼ਹੀਦ ਦੇ ਨਾਂ 'ਤੇ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹੀਦ ਦੀ ਪਤਨੀ ਨੂੰ ਉਸਦੀ ਯੋਗਤਾ ਮੁਤਾਬਕ ਨੌਕਰੀ ਦਿੱਤੀ ਜਾਵੇਗੀ।


author

Baljeet Kaur

Content Editor

Related News