ਪੂਰਾ ਸਾਲ ਦੋਹਰੀਆਂ ਚੁਣੌਤੀਆਂ ਨਾਲ ਜੂਝਦੀ ਰਹੀ ਜ਼ਿਲ੍ਹਾ ਗੁਰਦਾਸਪੁਰ ਦੀ ਪੁਲਸ

Saturday, Jan 02, 2021 - 09:40 AM (IST)

ਪੂਰਾ ਸਾਲ ਦੋਹਰੀਆਂ ਚੁਣੌਤੀਆਂ ਨਾਲ ਜੂਝਦੀ ਰਹੀ ਜ਼ਿਲ੍ਹਾ ਗੁਰਦਾਸਪੁਰ ਦੀ ਪੁਲਸ

ਗੁਰਦਾਸਪੁਰ (ਹਰਮਨ): ਸਾਲ 2020 ਦੌਰਾਨ ਜ਼ਿਲ੍ਹਾ ਗੁਰਦਾਸਪੁਰ ਦੀ ਪੁਲਸ ਦੋਹਰੀਆਂ ਚੁਣੌਤੀਆਂ ਨਾਲ ਜੂਝਦੀ ਰਹੀ ਹੈ, ਜਿਸ ਨੇ ਨਾ ਸਿਰਫ਼ ਕੋਰੋਨਾ ਵਾਇਰਸ ਦੇ ਗੰਭੀਰ ਖ਼ਤਰੇ ਦਾ ਸਾਹਮਣੇ ਕਰਦੇ ਹੋਏ ਲੋਕਾਂ ਨੂੰ ਬਚਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ ਉਥੇ ਜੁਰਮ ਦੀ ਦਰ ਘੱਟ ਕਰਨ ਦੇ ਮਾਮਲੇ ’ਚ ਵੀ ਮੀਲ ਪੱਥਰ ਸਥਾਪਤ ਕੀਤੇ ਹਨ। ਸਾਲ 2020 ਪੁਲਸ ਵਿਭਾਗ ਲਈ ਇਕ ਨਵੀਂ ਅਤੇ ਅਸਧਾਰਨ ਚੁਣੌਤੀ ਲੈ ਕੇ ਆਇਆ ਸੀ ਕਿਉਂਕਿ ਪੁਲਸ ਦੇ ਸਾਹਮਣੇ ਇਸ ਵਾਰ ਜਿਥੇ ਹੋਰ ਸਮਾਜ ਵਿਰੋਧੀ ਅਨਸਰ ਸਨ ਉਥੇ ਵਿਸ਼ਵ ਵਿਆਪੀ ਮਹਾਮਾਰੀ ‘ਕੋਵਿਡ-19’ ਦੇ ਰੂਪ ’ਚ ਇਕ ਅਦ੍ਰਿਸ਼ਟ ਦੁਸ਼ਮਣ ਦਾ ਸਾਹਮਣਾ ਕਰਨਾ ਵੀ ਵੱਡੀ ਜ਼ਿੰਮੇਵਾਰੀ ਸੀ। ਇਸ ਦੇ ਚਲਦਿਆਂ ਪੁਲਸ ਜ਼ਿਲਾ ਗੁਰਦਾਸਪੁਰ ਨਾਲ ਸਬੰਧਿਤ ਪੁਲਸ ਦੇ ਜਵਾਨਾਂ ਨੇ ਐੱਸ.ਐੱਸ.ਪੀ. ਡਾ. ਰਜਿੰਦਰ ਸਿੰਘ ਸੋਹਲ ਦੀ ਅਗਵਾਈ ਹੇਠ ਦਿਨ ਰਾਤ ਫਰੰਟ ਲਾਈਨ ’ਤੇ ਕੰਮ ਕਰ ਕੇ ਪੂਰੇ ਆਤਮ ਵਿਸ਼ਵਾਸ ਨਾਲ ਨਵੀਂ  ਜ਼ਿੰਮੇਵਾਰੀ ਨੂੰ ਸੰਭਾਲਿਆ ਅਤੇ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਾਉਣ ਲਈ ਇਸ ਨਾਲ ਟਾਕਰਾ ਕੀਤਾ। ਇਥੋਂ ਤੱਕ ਪੁਲਸ ਨੇ ਕਰਫਿਊ/ਤਾਲਾਬੰਦੀ ਦੌਰਾਨ ਮਨੁੱਖਤਾਵਾਦੀ ਪੁਲਸ ਦਾ ਇਕ ਵੱਡਾ ਮਾਪਦੰਡ ਕਾਇਮ ਕੀਤਾ ਅਤੇ ਤਾਲਾਬੰਦੀ ਵਿਚ ਫਸੇ ਲੋੜਵੰਦ ਲੋਕਾਂ ਨੂੰ ਦਵਾਈਆਂ, ਕਰਿਆਨਾ, ਦੁੱਧ ਅਤੇ ਹੋਰ ਚੀਜ਼ਾਂ ਮੁਹੱਈਆ ਕਰਾਉਣ ਨੂੰ ਡਾਕਟਰੀ ਸਹਾਇਤਾ ਮਿਲਣਾ ਯਕੀਨੀ ਬਣਾਉਣ ਲਈ ਵੀ ਉਪਰਾਲੇ ਕੀਤੇ। ਇਥੋਂ ਤੱਕ ਕਿ ਲੋਕਾਂ ਨੂੰ ਬੀਮਾਰੀ ਤੋਂ ਬਚਾਉਣ ਲਈ ਮਾਸਕ ਪਹਿਨਣ, ਆਪਣੇ ਹੱਥ ਸਾਬਣ ਨਾਲ ਧੋਣ ਜਾਂ ਉਨ੍ਹਾਂ ਨੂੰ ਸੈਨੇਟਾਈਜ਼ ਕਰਨ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਵੀ ਪ੍ਰੇਰਿਤ ਕੀਤਾ। ਇਨਾਂ ਹੀ ਨਹੀਂ ਪੁਲਸ ਨੇ ਲੋੜਵੰਦ ਲੋਕਾਂ ਲਈ ਭੋਜਨ ਅਤੇ ਸੁੱਕੇ ਰਾਸ਼ਨ ਦਾ ਪ੍ਰਬੰਧ ਕਰਨ ਵਿਚ ਵੀ ਕੋਈ ਕਸਰ ਬਾਕੀ ਨਹੀਂ  ਛੱਡੀ।

ਇਹ ਵੀ ਪੜ੍ਹੋ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ, FIR ਦਰਜ

ਐੱਸ.ਐੱਸ.ਪੀ. ਡਾ. ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਅਮਨ-ਕਾਨੂੰਨ ਦੀ ਸਥਿਤੀ ਵਿਚ ਪੁਲਸ ਵਿਭਾਗ ਨੇ ਪਿਛਲੇ ਸਾਲ ਦੀ ਤੁਲਨਾ ’ਚ ਲੁੱਟਾਂ-ਖੋਹਾਂ ਦੇ ਮਾਮਲਿਆਂ ਵਿਚ ਭਾਰੀ ਗਿਰਾਵਟ ਲਿਆਉਣ ਵਿਚ ਸਫਲਤਾ ਹਾਸਿਲ ਕੀਤੀ ਹੈ। ਪੁਲਸ ਨੇ ਸਾਲ 2019 ਵਿਚ ਜਿਥੇ ਕੁਲ 1367 ਮੁਕੱਦਮੇ ਦਰਜ ਕੀਤੇ ਸਨ ਉਥੇ ਸਾਲ 2020 ਵਿਚ 2354 ਮਾਮਲੇ ਦਰਜ ਕਰ ਕੇ ਦੋਸ਼ੀਆਂ ਖਿਲਾਫ ਸ਼ਿਕੰਜਾ ਕੱਸਿਆ ਹੈ। ਇਸੇ ਤਰ੍ਹਾਂ 2019 ਵਿਚ ਆਈ.ਪੀ.ਸੀ. ਦੇ 746 ਮੁਕੱਦਮੇ ਦਰਜ ਹੋਏ ਸਨ ਜਦੋਂ ਕਿ 2020 ਸਾਲ ਵਿਚ 948 ਕੇਸ ਦਰਜ ਕੀਤੇ ਗਏ। ਐੱਨ.ਡੀ.ਪੀ.ਐੱਸ. ਐਕਟ ਤਹਿਤ 2019 ਵਿਚ 190 ਕੇਸਾਂ ਦੇ ਮੁਕਾਬਲੇ 2020 ਵਿਚ 208 ਮੁਕੱਦਮੇ ਦਰਜ ਕੀਤੇ ਗਏ ਜਦੋਂ ਕਿ ਆਬਕਾਰੀ ਐਕਟ ਦੇ ਪਿਛਲੇ ਸਾਲ ਦੇ 388 ਪਰਚਿਆਂ ਦੀ ਬਜਾਏ ਇਸ ਸਾਲ 1054 ਕੇਸ ਦਰਜ ਕੀਤੇ ਗਏ।

ਇਹ ਵੀ ਪੜ੍ਹੋ : ਕੈਪਟਨ ਨੇ ਪ੍ਰਦਰਸ਼ਨਕਾਰੀਆਂ ਵਲੋਂ ਸਿਆਸਤਦਾਨਾਂ ਦੇ ਘਰਾਂ ’ਚ ਜਬਰੀ ਦਾਖ਼ਲ ਹੋਣ ਦਾ ਲਿਆ ਗੰਭੀਰ ਨੋਟਿਸ

ਉਨ੍ਹਾਂ ਦੱਸਿਆ ਕਿ ਸਾਲ 2020 ’ਚ ਐੱਨ.ਪੀ.ਡੀ.ਐੱਸ. ਐਕਟ ਤਹਿਤ 208 ਕੇਸ ਦਰਜ ਕੀਤੇ ਗਏ ਅਤੇ 25 ਕਿਲੋ 71 ਗ੍ਰਾਮ 77 ਮਿਲੀਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸੇ ਤਰਾਂ 1480 ਕਿਲੇ 100 ਗ੍ਰਾਮ ਚੂਰਾ ਪੋਸਤ ਬਰਾਮਦ ਕੀਤਾ। 1 ਕਿਲੋ 954 ਗ੍ਰਾਮ ਚਰਸ, 34 ਗ੍ਰਾਮ 865 ਮਿਲੀ ਗ੍ਰਾਮ ਨਸ਼ੇ ਵਾਲਾ ਪਾਊਡਰ ਤੇ 898 ਗ੍ਰਾਮ ਅਫੀਮ ਬਰਾਮਦ ਕੀਤੀ ਗਈ। ਸਾਲ 2020 ਵਿਚ ਆਬਾਕਰੀ ਐਕਟ ਤਹਿਤ ਕੁਲ 1054 ਮੁਕੱਦਮੇ ਦਰਜ ਕਰ ਕੇ 1056 ਦੋਸ਼ੀ ਗ੍ਰਿਫਤਾਰ ਕੀਤੇ। 20902 ਲਿਟਰ ਨਾਜਾਇਜ਼ ਸ਼ਰਾਬ ਅਤੇ 26845 ਕਿਲੋ ਲਾਹਨ ਫੜਨ ਦੇ ਇਲਾਵਾ 50 ਚਾਲੂ ਭੱਠੀਆਂ, 84 ਲਿਟਰ ਅਲਕੋਹਲ ਅਤੇ 31.200 ਲਿਟਰ ਬੀਅਰ ਬਰਾਮਦ ਕੀਤੀ ਗਈ। ਇਸੇ ਤਰ੍ਹਾਂ 2020 ਵਿਚ ਠੱਗੀ ਦੇ 3 ਕੇਸ ਦਰਜ ਕੀਤੇ ਗਏ ਅਤੇ 20 ਲੱਖ 40 ਹਜ਼ਾਰ ਰੁਪਏ ਦੀ ਰਿਕਵਰੀ ਕੀਤੀ ਗਈ। ਵੱਖ-ਵੱਖ ਚੋਰੀਆਂ, ਚੈਨ ਝਪਟਮਾਰਾਂ ਸਮੇਤ ਵੱਖ-ਵੱਖ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਨਕੇਲ ਕੱਸੀ ਗਈ।


author

Baljeet Kaur

Content Editor

Related News