ਕਿਸਾਨ ਬੁੱਧ ਸਿੰਘ ਨੇ ਕਾਂਗਰਸ ਦੇ ਬਲਾਕ ਪ੍ਰਧਾਨ 'ਤੇ ਕੁੱਟਮਾਰ ਦੇ ਲਗਾਏ ਦੋਸ਼
Sunday, Jul 07, 2019 - 04:05 PM (IST)
ਗੁਰਦਾਸਪੁਰ (ਗੁਰਪ੍ਰੀਤ) : ਗੁਰਦਾਸਪੁਰ ਦੇ ਪਿੰਡ ਕੋਟਲੀ ਸੂਰਤ ਮੱਲ੍ਹੀ ਦੇ ਰਹਿਣ ਵਾਲੇ ਬੁੱਧ ਸਿੰਘ ਨੇ ਕਾਂਗਰਸ ਦੇ ਇਕ ਪ੍ਰਧਾਨ ਅਤੇ ਉਸਦੇ ਸਾਥੀਆਂ ਵਲੋਂ ਉਸ ਨਾਲ ਕੁੱਟ-ਮਾਰ ਕਰਨ ਦੇ ਦੋਸ਼ ਲਾਏ ਹਨ। ਇਸ ਹਮਲੇ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋ ਰਿਹਾ ਹੈ। ਬੁੱਧ ਸਿੰਘ ਨੇ ਕਥਿਤ ਦੋਸ਼ ਲਾਉਂਦਿਆਂ ਕਿਹਾ ਕਿ ਜਦੋਂ ਉਸਨੂੰ ਬਚਾਉਣ ਲਈ ਇਕ ਪੁਲਸ ਅਫ਼ਸਰ ਨੇ ਕੋਸ਼ਿਸ਼ ਕੀਤੀ ਤਾਂ ਉਸਦੀ ਵੀ ਕੁੱਟ-ਮਾਰ ਕੀਤੀ ਗਈ ਅਤੇ ਇਸ ਤੋਂ ਬਾਅਦ ਉਸਨੂੰ ਥਾਣੇ ਲਿਜਾ ਕੇ ਉਸ ਨਾਲ ਬਦਸਲੂਕੀ ਕੀਤੀ ਗਈ ਅਤੇ ਰਾਜ਼ੀਨਾਮੇ ਲਈ ਜ਼ੋਰ ਪਾਇਆ ਗਿਆ। ਇਥੇ ਜ਼ਿਕਰਯੋਗ ਹੈ ਕਿ ਬੁੱਧ ਸਿੰਘ ਦਰਅਸਲ ਉਹੀ ਕਿਸਾਨ ਹੈ ਜਿਸਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਸਰਕਾਰ ਦੀ ਕਰਜ਼ ਮੁਆਫ਼ੀ ਦਾ ਪਹਿਲਾ ਫਾਰਮ ਭਰਿਆ ਸੀ। ਇਸ ਕਿਸਾਨ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਵੀ ਕਾਫ਼ੀ ਵਾਇਰਲ ਹੋਈ ਸੀ ਪਰ ਚੋਣਾਂ ਜਿੱਤਣ ਤੋਂ ਬਾਅਦ ਸਰਕਾਰ ਨੇ ਇਸ ਕਿਸਾਨ ਦਾ ਕਰਜ਼ ਮੁਆਫ਼ ਨਹੀਂ ਕੀਤਾ। ਜਿਸ ਕਾਰਣ ਸਰਕਾਰ ਦੀ ਕਾਫ਼ੀ ਨੁਕਤਾਚੀਨੀ ਹੋਈ ਸੀ ਅਤੇ ਬਾਅਦ ਵਿਚ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਘਰ ਜਾ ਕੇ ਕਿਸਾਨ ਦਾ ਕਰਜ਼ਾ ਭਰਿਆ ਸੀ। ਬੁੱਧ ਸਿੰਘ ਨੇ ਅੱਗੇ ਕਿਹਾ ਕਿ ਇਸੇ ਵਜ੍ਹਾ ਕਰ ਕੇ ਕਾਂਗਰਸੀ ਉਸ ’ਤੇ ਹਮਲੇ ਕਰ ਰਹੇ ਹਨ।
ਥਾਣੇ ਵਿਚ ਕਿਸੇ ਨਾਲ ਵੀ ਕੋਈ ਬਦਸਲੂਕੀ ਨਹੀਂ ਕੀਤੀ ਗਈ : ਐੱਸ. ਐੱਚ. ਓ. ਦਾ
ਉਕਤ ਮਾਮਲੇ ਸਬੰਧੀ ਜਦੋਂ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਐੱਸ. ਐੱਚ. ਓ. ਅਵਤਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਉਕਤ ਕਿਸਾਨ ਵਲੋਂ ਥਾਣੇ ਵਿਚ ਕੋਈ ਦਰਖ਼ਾਸਤ ਨਹੀਂ ਸੀ ਦਿੱਤੀ ਗਈ ਪਰ ਹੁਣ ਉਸ ਵਲੋਂ ਦਰਖ਼ਾਸਤ ਆਈ ਹੈ ਅਤੇ ਉਹ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ ਅਤੇ ਜਾਂਚ ਉਪਰੰਤ ਜੋ ਤੱਥ ਸਾਹਮਣੇ ਆਉਣਗੇ, ਉਸ ਮੁਤਾਬਿਕ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਥਾਣੇ ਵਿਚ ਕਿਸੇ ਨਾਲ ਵੀ ਕੋਈ ਬਦਸਲੂਕੀ ਨਹੀਂ ਕੀਤੀ ਗਈ ਅਤੇ ਨਾ ਹੀ ਕਿਸੇ ’ਤੇ ਕੋਈ ਦਬਾਅ ਪਾਇਆ ਗਿਆ ਹੈ।