ਗੁਰਦਾਸਪੁਰ ਜੇਲ 'ਚ ਚੈਕਿੰਗ ਦੌਰਾਨ ਭੜਕੇ ਕੈਦੀ,ਭੰਨਤੋੜ ਦੇ ਬਾਅਦ ਲਗਾਈ ਅੱਗ (ਵੀਡੀਓ)
Tuesday, May 22, 2018 - 02:42 PM (IST)
ਗੁਰਦਾਸਪੁਰ, (ਵਿਨੋਦ)—ਕੇਂਦਰੀ ਜੇਲ ਗੁਰਦਾਸਪੁਰ 'ਚ ਅੱਜ ਉਸ ਸਮੇਂ ਸਥਿਤੀ ਤਣਾਅ ਪੂਰਨ ਹੋ ਗਈ। ਜਦੋਂ ਪੁਲਸ ਵਲੋਂ ਕੇਂਦਰੀ ਜੇਲ 'ਚ ਤਾਲਾਸ਼ੀ ਅਭਿਆਨ ਚਲਾਇਆ ਗਿਆ। ਇਸ ਤਾਲਾਸ਼ੀ ਅਭਿਆਨ ਦੇ ਚਲਦੇ ਕੈਦੀ ਭੜਕ ਗਏ ਤੇ ਤੋੜ ਭੰਨ ਕਰਨੀ ਸ਼ੁਰੂ ਕਰ ਦਿੱਤੀ। ਭਾਵੇਂ ਇਸ ਤਣਾਅ ਦੀ ਪੂਰੀ ਸਥਿਤੀ 'ਚ ਕੋਈ ਮਾਲੀ ਤੇ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਨ੍ਹਾਂ ਕੈਦੀਆਂ ਦੇ ਭੜਕਣ ਦੇ ਕਾਰਨ ਪੁਲਸ ਹਰਕਤ 'ਚ ਆ ਗਈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅੱਜ ਕਰੀਬ 9 ਵਜੇ ਕੇਂਦਰੀ ਜੇਲ 'ਚ ਤਾਇਨਾਤ ਸੁਪਰੀਡੈਂਟ ਦੀ ਅਗਵਾਈ 'ਚ ਪੁਲਸ ਨੇ ਕੇਂਦਰੀ ਜੇਲ 'ਚ ਤਾਲਾਸ਼ੀ ਅਭਿਆਨ ਚਲਾਇਆ। ਇਸ ਤਾਲਾਸ਼ੀ ਅਭਿਆਨ 'ਚ ਪੁਲਸ ਨੇ 8 ਨੰਬਰ ਬੈਰਕ 'ਚੋਂ 3 ਮੋਬਾਇਲ ਬਰਾਮਦ ਕੀਤੇ ਪਰ ਇਸ ਤਾਲਾਸ਼ੀ ਅਭਿਆਨ ਦਾ ਕੁਝ ਕੈਦੀਆਂ ਵਲੋਂ ਵਿਰੋਧ ਕਰਦੇ ਹੋਏ ਬੈਰਕ ਨੰਬਰ 4 ਦੇ ਕੈਦੀਆਂ ਨੇ ਹੱਲਾ ਬੋਲਣਾ ਸ਼ੁਰੂ ਕਰ ਦਿੱਤਾ ਤੇ ਕੇਦਰੀ ਜੇਲ ਦੇ ਸੁਪਰੀਡੈਂਟ ਦੇ ਖਿਲਾਫ਼ ਨਾਅਰੇਬਾਜੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕੈਦੀਆਂ ਵੱਲੋਂ ਕੇਂਦਰੀ ਜੇਲ ਦੇ ਬਾਹਰਵਾਰ ਬਣਾਈਆਂ ਚੌਂਕੀਆਂ ਤੇ ਤਾਇਨਾਤ ਪੁਲਸ ਮੁਲਾਜ਼ਮਾਂ ਤੇ ਇੱਟ ਰੌੜਿਆਂ ਦੇ ਨਾਲ ਹਮਲਾ ਕੀਤਾ ਗਿਆ।
ਦੂਜੇ ਪਾਸੇ ਇਨ੍ਹਾਂ ਕੈਦੀਆਂ ਦੇ ਭੜਕਣ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ 'ਚ ਪੁਲਸ ਮੁਲਾਜ਼ਮ ਤੇ ਮਹਿਲਾ ਪੁਲਸ ਮੁਲਾਜ਼ਮ ਜੇਲ 'ਚ ਪਹੁੰਚੇ। ਪਰ ਪੁਲਸ ਨੇ ਸਰਗਰਮੀ ਤੇ ਸਮਝ ਦੇ ਕਾਰਨ ਇਹ ਟਕਰਾਅ ਟਲ ਗਿਆ ਤੇ ਕਰੀਬ 10.45 ਦੇ ਕਰੀਬ ਕੈਦੀਆਂ ਨੂੰ ਸ਼ਾਂਤ ਕਰਕੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਜੋ ਕਿ ਮਿਲਣ ਆਏ ਸੀ ਉਨ੍ਹਾਂ ਨੂੰ ਮਿਲਣ ਦਾ ਸਮਾਂ ਦਿੱਤਾ ਗਿਆ।