ਗੁਰਦਾਸਪੁਰ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰੇਲ ਮਾਰਗ ਜਾਮ

02/21/2020 4:04:58 PM

ਗੁਰਦਾਸਪੁਰ (ਵਿਨੋਦ) : ਪਿਛਲੇ ਤਿੰਨ ਦਿਨਾਂ ਤੋਂ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਧਰਨੇ 'ਤੇ ਬੈਠੇ ਕਿਸਾਨਾਂ ਨੇ ਰੋਹ ਵਿਚ ਆ ਕੇ ਅੰਮ੍ਰਿਤਸਰ-ਜੰਮੂ ਰੇਲਵੇ ਲਾਈਨ 'ਤੇ ਡੇਰੇ ਲਾ ਲਏ ਹਨ। ਇਸ ਤਹਿਤ ਨਾ ਸਿਰਫ ਕਿਸਾਨ ਮਜ਼ਦੂਰ ਆਗੂਆਂ ਨੇ ਇਸ ਰੇਲਵੇ ਲਾਈਨ 'ਤੇ ਧਰਨਾ ਦਿੱਤਾ ਸਗੋਂ ਉਨ੍ਹਾਂ ਦੇ ਪਰਿਵਾਰਾਂ ਦੀਆਂ ਔਰਤਾਂ ਵੀ ਵੱਡੀ ਗਿਣਤੀ ਵਿਚ ਪਹੁੰਚ ਕੇ ਰੇਲਵੇ ਲਾਈਨ 'ਤੇ ਬੈਠ ਗਈਆਂ। ਕਿਸਾਨ ਆਪਣੀਆਂ ਮੰਗਾਂ ਮਨਵਾਉਣ ਲਈ ਇਸ ਹੱਦ ਤੱਕ ਡਟੇ ਹੋਏ ਸਨ ਕਿ ਉਨ੍ਹਾਂ ਨੇ ਰੇਲਵੇ ਲਾਈਨ 'ਤੇ ਹੀ ਗੱਦੇ ਅਤੇ ਬਿਸਤਰੇ ਵਿਛਾ ਕੇ ਪੱਕੇ ਡੇਰੇ ਲਾ ਲਏ। ਧਰਨਾਕਾਰੀਆਂ ਨੂੰ ਰੇਲਵੇ ਲਾਈਨ ਤੋਂ ਉਠਾਉਣ ਲਈ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ, ਐੱਸ. ਐੱਸ. ਪੀ. ਸਵਰਨਦੀਪ ਸਿੰਘ, ਐੱਸ. ਡੀ. ਐੱਮ. ਸਕੱਤਰ ਸਿੰਘ ਬੱਲ, ਐੱਸ. ਪੀ. ਹਰਵਿੰਦਰ ਸਿੰਘ ਸੰਧੂ ਸਮੇਤ ਕਈ ਅਧਿਕਾਰੀਆਂ ਨੇ ਪਹੁੰਚ ਕੇ ਕਿਸਾਨ ਆਗੂਆਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾ ਕੇ ਉਨ੍ਹਾਂ ਦਾ ਹੱਲ ਕਰਾਉਣ ਦਾ ਭਰੋਸਾ ਦਿੱਤਾ ਪਰ ਇਸ ਦੇ ਬਾਵਜੂਦ ਕਿਸਾਨ ਇਸ ਗੱਲ 'ਤੇ ਅੜੇ ਰਹੇ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਓਦੋਂ ਤੱਕ ਉਹ ਰੇਲਵੇ ਲਾਈਨ ਤੋਂ ਨਹੀਂ ਉਠਣਗੇ। ਇਸ ਦੇ ਬਾਅਦ ਪੂਰਾ ਦਿਨ 7 ਵਾਰ ਉੱਚ ਅਧਿਕਾਰੀਆਂ ਨਾਲ ਹੋਈ ਗੱਲਬਾਤ ਦੇ ਬਾਅਦ ਕੁੱਝ ਮੰਗਾਂ ਤੁਰੰਤ ਪੂਰੀਆਂ ਕਰਨ ਅਤੇ ਹੋਰ ਮੰਗਾਂ ਨੂੰ ਜਲਦੀ ਪੂਰਾ ਕਰਨ ਦਾ ਭਰੋਸਾ ਮਿਲਣ 'ਤੇ ਕਿਸਾਨਾਂ ਨੇ ਸ਼ਾਮ ਲਗਭਗ 7.50 'ਤੇ ਧਰਨਾ ਸਮਾਪਤ ਕਰ ਦਿੱਤਾ।

ਪੂਰੀ ਤਰ੍ਹਾਂ ਠੱਪ ਰਹੀ ਰੇਲ ਆਵਾਜਾਈ
ਇਸ ਧਰਨੇ ਕਾਰਣ ਅੰਮ੍ਰਿਤਸਰ ਤੋਂ ਵਾਇਆ ਪਠਾਨਕੋਟ ਜੰਮੂ ਜਾਣ ਵਾਲੀ ਸਾਰੀ ਰੇਲ ਆਵਾਜਾਈ ਠੱਪ ਰਹੀ, ਜਿਸ ਕਾਰਣ ਕਈ ਰੇਲ ਗੱਡੀਆਂ ਜਾਂ ਤਾਂ ਰੱਦ ਕਰ ਦਿੱਤੀਆਂ ਗਈਆਂ ਜਾਂ ਦਿੱਲੀ ਸਮੇਤ ਹੋਰ ਸੂਬਿਆਂ ਤੋਂ ਆਉਣ ਵਾਲੀਆਂ ਗੱਡੀਆਂ ਨੂੰ ਜਲੰਧਰ ਤੋਂ ਵਾਇਆ ਅੰਮ੍ਰਿਤਸਰ-ਗੁਰਦਾਸਪੁਰ ਰੂਟ 'ਤੇ ਭੇਜਣ ਦੀ ਬਜਾਏ ਸਿੱਧੇ ਪਠਾਨਕੋਟ ਭੇਜਣ ਦੇ ਪ੍ਰਬੰਧ ਕੀਤੇ ਗਏ। ਇਸੇ ਤਰ੍ਹਾਂ ਕਈ ਡੀ. ਐੱਮ. ਯੂ. ਗੱਡੀਆਂ ਦੀਨਾਨਗਰ ਤੋਂ ਮੁੜ ਗਈਆਂ ਜਦਕਿ ਧਾਰੀਵਾਲ ਵਾਲੇ ਪਾਸੇ ਵੀ ਜੰਮੂ ਤਵੀ ਐਕਸਪ੍ਰੈੱਸ ਖੜ੍ਹੀ ਰਹੀ। ਇਸ ਕਾਰਣ ਲੋਕ ਵੱਡੀ ਗਿਣਤੀ ਵਿਚ ਪ੍ਰੇਸ਼ਾਨ ਹੁੰਦੇ ਰਹੇ।

ਵੱਡੀ ਗਿਣਤੀ 'ਚ ਮੌਜੂਦ ਰਹੀ ਪੁਲਸ ਫੋਰਸ
ਕਿਸਾਨਾਂ ਦੇ ਇਸ ਧਰਨੇ ਸਬੰਧੀ ਜਿੱਥੇ ਐੱਸ. ਡੀ. ਐੱਮ. ਸਕੱਤਰ ਸਿੰਘ ਬੱਲ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਖੁਦ ਮੌਕੇ 'ਤੇ ਮੌਜੂਦ ਰਹੇ ਉੱਥੇ ਐੱਸ. ਪੀ. ਹਰਵਿੰਦਰ ਸਿੰਘ ਸੰਧੂ ਸਮੇਤ ਪੁਲਸ ਦੇ ਸੀਨੀਅਰ ਅਧਿਕਾਰੀ ਅਤੇ ਥਾਣਾ ਮੁਖੀ ਵੀ ਭਾਰੀ ਪੁਲਸ ਫੋਰਸ ਸਮੇਤ ਮੌਕੇ 'ਤੇ ਮੌਜੂਦ ਰਹੇ ਪਰ ਇਸ ਦੇ ਬਾਵਜੂਦ ਕਿਸਾਨਾਂ ਵੱਲੋਂ ਧਰਨਾ ਖਤਮ ਨਾ ਕੀਤੇ ਜਾਣ 'ਤੇ ਖੁਦ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ, ਏ. ਡੀ. ਸੀ. ਤੇਜਿੰਦਰਪਾਲ ਸਿੰਘ ਸੰਧੂ ਅਤੇ ਐੱਸ. ਐੱਸ. ਪੀ. ਸਵਰਨਦੀਪ ਸਿੰਘ ਵੀ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ।

ਤਿੰਨ ਮੁੱਖ ਮੁੱਦਿਆਂ 'ਤੇ ਅੜੇ ਰਹੇ ਕਿਸਾਨ
ਪੁਲਸ ਨੇ ਕਿਸਾਨਾਂ ਨੂੰ ਉਠਾਉਣ ਲਈ ਕਿਸੇ ਸਖਤੀ ਦਾ ਪ੍ਰਯੋਗ ਨਹੀਂ ਕੀਤਾ ਪਰ ਅਧਿਕਾਰੀ ਕਿਸਾਨਾਂ ਨੂੰ ਇਹ ਭਰੋਸਾ ਦਿੰਦੇ ਰਹੇ ਕਿ ਉਨ੍ਹਾਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾ ਕੇ ਹੱਲ ਕਰਵਾਈਆਂ ਜਾਣਗੀਆਂ ਪਰ ਕਿਸਾਨ ਆਗੂ ਇਸ ਗੱਲ 'ਤੇ ਅੜੇ ਰਹੇ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਅਜਿਹੇ ਭਰੋਸੇ ਕਈ ਵਾਰ ਮਿਲ ਚੁੱਕੇ ਹਨ ਪਰ ਇਸ ਦੇ ਬਾਵਜੂਦ ਮਸਲੇ ਹੱਲ ਨਹੀਂ ਹੋਏ। ਆਗੂਆਂ ਨੇ ਕਿਹਾ ਕਿ ਬਾਕੀ ਦੀਆਂ ਮੰਗਾਂ ਤਾਂ ਬਾਅਦ ਵਿਚ ਮੰਨਣ ਲਈ ਸਹਿਮਤ ਹੋ ਸਕਦੇ ਹਨ ਪਰ ਗੰਨੇ ਦੀ ਬਕਾਇਆ ਰਾਸ਼ੀ, ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਦੇਣ ਅਤੇ ਖੇਤਾਂ ਵਿਚ ਅੱਗ ਨਾ ਲਾਉਣ ਵਾਲੇ ਕਿਸਾਨਾਂ ਨੂੰ 2500-2500 ਰੁਪਏ ਦੇਣ ਦੀ ਮੰਗ ਜਦੋਂ ਤੱਕ ਪੂਰੀ ਨਹੀਂ ਹੋ ਜਾਂਦੀ, ਉਦੋਂ ਤੱਕ ਉਹ ਧਰਨਾ ਖਤਮ ਨਹੀਂ ਕਰਨਗੇ।

ਕੀ ਹਨ ਮੁੱਖ ਮੰਗਾਂ?
*
ਬੇਮੌਸਮੀ ਬਾਰਸ਼ ਨਾਲ ਤਬਾਹ ਹੋਈ ਫਸਲ ਦਾ 40 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ।
*ਗੰਨੇ ਦੀ ਬਕਾਇਆ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ।
*ਕਿਰਨ ਅਤੇ ਨੌਮਣੀ ਨਾਲੇ ਦੀ ਸਫਾਈ ਕਰਵਾਈ ਜਾਵੇ।
*ਕਿਸਾਨਾਂ ਅਤੇ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ ਕੀਤਾ ਜਾਵੇ।
*60 ਸਾਲ ਤੋਂ ਜ਼ਿਆਦਾ ਉਮਰ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਪ੍ਰਤੀ ਮਹੀਨਾ 10 ਹਜ਼ਾਰ ਰੁਪਏ ਪੈਨਸ਼ਨ ਦਿੱਤੀ ਜਾਵੇ।
* 5 ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਨੂੰ ਮਨਰੇਗਾ ਸਕੀਮ ਅਧੀਨ ਲਿਆਂਦਾ ਜਾਵੇ।
*ਗਰੀਬਾਂ ਲਈ ਸ਼ਗਨ ਸਕੀਮ 51 ਹਜ਼ਾਰ ਰੁਪਏ ਕੀਤੀ ਜਾਵੇ।
*ਫੂਡ ਪ੍ਰੋਸੈਸਿੰਗ ਕਾਨੂੰਨ ਤਹਿਤ ਛੋਟੇ ਕਿਸਾਨਾਂ ਨੂੰ ਸਮਾਰਟ ਕਾਰਡ ਜਾਰੀ ਕੀਤੇ ਜਾਣ।
*ਕਸਟੋਡੀਅਨ ਜ਼ਮੀਨ 'ਤੇ ਕਬਜ਼ੇ ਵਾਲੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਮਾਲਕੀ ਹੱਕ ਦਿੱਤੇ ਜਾਣ।
*ਪਿੰਡਾਂ 'ਚ ਛੱਪੜਾਂ ਦੀ ਸਫਾਈ ਕਰਵਾਉਣ ਦੇ ਨਾਲ-ਨਾਲ ਨਾਜਾਇਜ਼ ਕਬਜ਼ੇ ਛੁਡਵਾਏ ਜਾਣ।
*ਮਜ਼ਦੂਰਾਂ ਦੇ ਲੇਬਰ ਕਾਰਡ ਬਣਾਏ ਜਾਣ।
*ਆਵਾਰਾ ਪਸ਼ੂਆਂ ਅਤੇ ਕੁੱਤਿਆਂ ਨੂੰ ਰੋਕਣ ਦਾ ਪ੍ਰਬੰਧ ਕੀਤਾ ਜਾਵੇ।
*ਨਕਲੀ ਦੁੱਧ ਅਤੇ ਨਕਲੀ ਖਾਦ ਉਤਪਾਦਾਂ 'ਤੇ ਪਾਬੰਧੀ ਲਾਈ ਜਾਵੇ।
*ਸਿਆਸੀ ਦਬਾਅ ਹੇਠ ਕਿਸਾਨਾਂ ਖਿਲਾਫ ਦਰਜ ਕੀਤੇ ਝੂਠੇ ਪਰਚੇ ਰੱਦ ਕੀਤੇ ਜਾਣ।
*ਪੰਚਾਇਤੀ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਦੇਣ ਦਾ ਕਾਨੂੰਨ ਰੱਦ ਕੀਤਾ ਜਾਵੇ।
*ਪਰਾਲੀ ਦੀ ਸੰਭਾਲ ਵਾਸਤੇ 6 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।
*ਜਿਹੜੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਹੀਂ ਲਾਈ ਉਨ੍ਹਾਂ ਨੂੰ 2500 ਰੁਪਏ ਪ੍ਰਤੀ ਏਕੜ ਦਿੱਤੇ ਜਾਣ।


Baljeet Kaur

Content Editor

Related News