ਧਰਨੇ 'ਤੇ ਬੈਠੇ ਕਿਸਾਨ ਦਾ ਟੁੱਟਿਆ ਸਬਰ, ਤੇਲ ਪਾ ਕੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
Wednesday, Oct 07, 2020 - 09:52 AM (IST)

ਗੁਰਦਾਸਪੁਰ (ਹਰਮਨ, ਜ. ਬ.): ਸ਼ੂਗਰ ਮਿੱਲ ਕੀੜੀ ਅਫਗਾਨਾ ਵਲੋਂ ਗੰਨਾ ਕਾਸ਼ਤਕਾਰਾਂ ਨੂੰ ਪਿਛਲੇ ਕਰੀਬ ਤਿੰਨ ਸਾਲਾਂ ਦੀਆਂ ਅਦਾਇਗੀਆਂ ਨਾ ਕੀਤੇ ਜਾਣ ਦੇ ਰੋਸ ਵਜੋਂ ਮੰਗਲਵਾਰ ਇਸ ਮਿੱਲ ਦੇ ਸਾਹਮਣੇ ਇਕ ਕਿਸਾਨ ਵਲੋਂ ਤੇਲ ਪਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ ਕੀਤੀ ਗਈ ਪਰ ਮੌਕੇ 'ਤੇ ਪਹੁੰਚੀ ਪੁਲਸ ਨੇ ਉਕਤ ਕੋਸ਼ਿਸ਼ ਨੂੰ ਅਸਫ਼ਲ ਬਣਾ ਦਿੱਤਾ।
ਇਹ ਵੀ ਪੜ੍ਹੋ : ਦੁਖਦ ਖ਼ਬਰ: ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸੁਖਜਿੰਦਰ ਸਿੰਘ ਦਾ ਦਿਹਾਂਤ
ਜ਼ਿਕਰਯੋਗ ਹੈ ਕਿ ਕਿਸਾਨਾਂ ਦੀਆਂ ਵਾਰ-ਵਾਰ ਅਪੀਲਾਂ ਦੇ ਬਾਵਜੂਦ ਮਿੱਲ ਵਲੋਂ ਅਦਾਇਗੀਆਂ ਨਾ ਕੀਤੇ ਜਾਣ ਕਾਰਣ ਕਿਸਾਨ ਮੋਰਚਾ ਔਲਖ ਨੇ 23 ਸਤੰਬਰ ਨੂੰ ਹਰਚੋਵਾਲ 'ਚ ਲਗਾਏ ਧਰਨੇ ਦੌਰਾਨ ਐਲਾਨ ਕੀਤਾ ਸੀ ਕਿ ਜੇਕਰ ਮਿੱਲ ਮਾਲਕਾਂ ਨੇ ਕਿਸਾਨਾਂ ਦੇ ਪੈਸੇ ਨਾ ਦਿੱਤੇ ਤਾਂ ਉਹ ਮਿੱਲ ਦਾ ਗੇਟ ਬੰਦ ਕਰ ਕੇ ਧਰਨਾ ਲਗਾ ਦੇਣਗੇ। ਇਸ ਤਹਿਤ ਉਕਤ ਜਥੇਬੰਦੀ ਨਾਲ ਸਬੰਧਤ ਕਿਸਾਨਾਂ ਨੇ ਮੋਰਚੇ ਦੇ ਪ੍ਰਧਾਨ ਸੋਨੂੰ ਔਲਖ ਦੀ ਅਗਵਾਈ ਹੇਠ 4 ਅਕਤਬੂਰ ਤੋਂ ਮਿੱਲ ਦੇ ਸਾਹਮਣੇ ਪੱਕਾ ਧਰਨਾ ਸ਼ੁਰੂ ਕਰ ਕੇ ਮਿੱਲ ਦੇ ਅੰਦਰ ਜਾਣ ਵਾਲਾ ਮੁੱਖ ਰਸਤਾ ਬੰਦ ਕੀਤਾ ਹੋਇਆ ਸੀ। ਇਸ ਦੇ ਬਾਵਜੂਦ ਸੁਣਵਾਈ ਨਾ ਹੋਣ ਕਾਰਣ ਬੀਤੀ ਦੇਰ ਸ਼ਾਮ ਕਿਸਾਨ ਕਰਮਜੀਤ ਸਿੰਘ ਪਿੰਡ ਨੂੰਨ ਨੇ ਐਲਾਨ ਕੀਤਾ ਸੀ ਕਿ ਜੇਕਰ 6 ਅਕਤੂਬਰ ਸਵੇਰੇ 11 ਵਜੇ ਤੱਕ ਮਿੱਲ ਮਾਲਕਾਂ ਨੇ ਪੈਸੇ ਨਾ ਦਿੱਤੇ ਤਾਂ ਉਹ ਤੇਲ ਪਾ ਕੇ ਖੁਦਕੁਸ਼ੀ ਕਰ ਲਵੇਗਾ। ਇਸ ਦੇ ਚਲਦਿਆਂ ਮੰਗਲਵਾਰ ਦਿਨ ਚੜ੍ਹਦੇ ਹੀ ਐੱਸ. ਪੀ. ਅਤੇ ਡੀ. ਐੱਸ. ਪੀ. ਪੱਧਰ 'ਤੇ ਕਈ ਅਧਿਕਾਰੀਆਂ ਸਮੇਤ ਵੱਡੀ ਗਿਣਤੀ 'ਚ ਥਾਣਾ ਮੁਖੀ ਫੋਰਸ ਲੈ ਕੇ ਪਹੁੰਚ ਗਏ। ਜਿਨ੍ਹਾਂ ਨੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ ਕੀਤੀ। ਪਰ ਕਿਸਾਨ ਪੈਸੇ ਮਿੱਲਣ ਤੱਕ ਧਰਨੇ 'ਤੇ ਬੈਠਣ ਲਈ ਬਜਿੱਦ ਰਹੇ। ਇਸ ਦੌਰਾਨ ਕਿਸਾਨ ਕਰਮਜੀਤ ਸਿੰਘ ਨੇ ਤੇਲ ਪਾ ਕੇ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਪੁਲਸ ਵੱਲੋਂ ਉਸ ਕੋਲੋਂ ਤੇਲ ਖੋਹ ਲਿਆ ਗਿਆ।
ਇਹ ਵੀ ਪੜ੍ਹੋ : ਦਰਦਨਾਕ : ਬਿਆਸ ਦਰਿਆ ਪੁਲ 'ਤੇ ਸੜਕ ਹਾਦਸੇ ਦੌਰਾਨ 40 ਫੁੱਟ ਹੇਠਾਂ ਡਿੱਗੀ ਔਰਤ (ਤਸਵੀਰਾਂ)
ਲਿਖਤੀ ਸਮਝੌਤਾ ਹੋਣ ਦੇ ਬਾਅਦ ਚੁੱਕਿਆ ਧਰਨਾ
ਇਸ ਮੌਕੇ ਪ੍ਰਸ਼ਾਸਨ ਵੱਲੋਂ ਮਿਲ ਪ੍ਰਬੰਧਕਾਂ ਅਤੇ ਕਿਸਾਨ ਆਗੂਆਂ ਨਾਲ ਗੱਲਬਾਤ ਕਰ ਕੇ ਦੋਵਾਂ ਧਿਰਾਂ ਦਰਮਿਆਨ ਲਿਖਤੀ ਸਮਝੌਤਾ ਕਰਵਾਇਆ ਗਿਆ। ਮਿੱਲ ਪ੍ਰਬੰਧਕ 14 ਦਿਨਾਂ ਅੰਦਰ ਸਾਰੀਆਂ ਅਦਾਇਗੀਆਂ ਕਰ ਦੇਣਗੇ। ਇਸ ਦੇ ਬਾਅਦ ਕਿਸਾਨਾਂ ਨੇ 14 ਦਿਨਾਂ ਲਈ ਧਰਨੇ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਵਾਅਦੇ ਮੁਤਾਬਕ ਪੈਸੇ ਨਾ ਮਿਲੇ ਤਾਂ ਉਹ ਮੁੜ ਧਰਨਾ ਦੇ ਕੇ ਮਿੱਲ ਦੇ ਗੇਟ ਨੂੰ ਤਾਲਾ ਲਗਾ ਦੇਣਗੇ। ਇਸ ਮੌਕੇ ਸੋਨੂੰ ਔਲਖ, ਬਲਜੀਤ ਸਿੰਘ ਔਲਖ, ਅਵਤਾਰ ਸਿੰਘ ਬਾਗੜੀਆਂ, ਰਜਿੰਦਰਪਾਲ ਸਿੰਘ, ਰਣਬੀਰ ਸਿੰਘ, ਸਾਬਕਾ ਚੇਅਰਮੈਨ ਮੁਖਤਾਰ ਸਿੰਘ ਔਲਖ ਆਦਿ ਮੌਜੂਦ ਸਨ।