ਕਾਇਆ ਕਲਪ ਸਰਵੇ: ਪੰਜਾਬ ''ਚੋਂ ਪਹਿਲੇ ਸਥਾਨ ''ਤੇ ਆਇਆ ਗੁਰਦਾਸਪੁਰ ਦਾ ਸਿਵਲ ਹਸਪਤਾਲ

Monday, Apr 27, 2020 - 09:06 PM (IST)

ਕਾਇਆ ਕਲਪ ਸਰਵੇ: ਪੰਜਾਬ ''ਚੋਂ ਪਹਿਲੇ ਸਥਾਨ ''ਤੇ ਆਇਆ ਗੁਰਦਾਸਪੁਰ ਦਾ ਸਿਵਲ ਹਸਪਤਾਲ

ਗੁਰਦਾਸਪੁਰ, (ਹਰਮਨ)- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਹਸਪਤਾਲਾਂ ਅੰਦਰ ਮਰੀਜ਼ਾਂ ਦੀ ਸਿਹਤ ਸੰਭਾਲ ਅਤੇ ਸਾਫ-ਸਫਾਈ ਸਮੇਤ ਕਈ ਮਾਮਲਿਆਂ ਨੂੰ ਲੈ ਕੇ ਕਰਵਾਏ ਜਾਂਦੇ ਕਾਇਆ ਕਲਪ ਸਰਵੇ 'ਚ ਜ਼ਿਲਾ ਗੁਰਦਾਸਪੁਰ ਦੇ ਸਿਵਲ ਹਸਪਤਾਲ ਨੇ ਪੰਜਾਬ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਜਦੋਂ ਕਿ ਪਿਛਲੇ ਸਾਲ ਪਹਿਲੇ ਸਥਾਨ 'ਤੇ ਰਹਿਣ ਵਾਲਾ ਪਠਾਨਕੋਟ ਦਾ ਹਸਪਤਾਲ ਇਸ ਵਾਰ ਤੀਜੇ ਸਥਾਨ 'ਤੇ ਚਲਾ ਗਿਆ ਹੈ। ਅੱਜ ਕਾਇਆ ਕਲਪ ਸਬੰਧੀ ਹਸਪਤਾਲਾਂ ਦੀ ਰੈਂਕਿੰਗ ਸਬੰਧੀ ਜਾਰੀ ਕੀਤੀ ਸੂਚੀ 'ਚ ਇਸ ਜ਼ਿਲੇ ਦਾ ਨਾਂ ਪਹਿਲੇ ਸਥਾਨ 'ਤੇ ਦੇਖ ਕੇ ਇਸ ਹਸਪਤਾਲ ਦੇ ਸਮੁੱਚੇ ਸਟਾਫ 'ਚ ਇਕ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ, ਜਿਸ ਤੋਂ ਬਾਅਦ ਐੱਸ. ਐੱਮ. ਓ. ਡਾ. ਚੇਤਨਾ ਦੀ ਅਗਵਾਈ ਹੇਠ ਸਾਰੇ ਸਟਾਫ ਨੇ ਸੋਸ਼ਲ ਡਿਸਟੈਂਸ ਬਣਾਉਂਦੇ ਹੋਏ ਹਸਪਤਾਲ 'ਚ ਇਕ ਇਕੱਤਰਤਾ ਕੀਤੀ ਅਤੇ ਜਿੱਤ ਦਾ ਨਿਸ਼ਾਨ ਬਣਾਉਂਦੇ ਹੋਏ ਅਗਲੇ ਸਾਲਾਂ ਵਿਚ ਵੀ ਇਸ ਹਸਪਤਾਲ ਨੂੰ ਪਹਿਲੇ ਨੰਬਰ 'ਤੇ ਰੱਖਣ ਲਈ ਸਖਤ ਮਿਹਨਤ ਕਰਦੇ ਰਹਿਣ ਦਾ ਪ੍ਰਣ ਲਿਆ।

ਇਕ ਸਾਲ ਦੌਰਾਨ ਤੈਅ ਕੀਤਾ 7ਵੇਂ ਤੋਂ ਪਹਿਲੇ ਸਥਾਨ ਤੱਕ ਦਾ ਸਫਰ
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜ਼ਿਲਾ ਗੁਰਦਾਸਪੁਰ ਪੰਜਾਬ 'ਚੋਂ 7ਵੇਂ ਸਥਾਨ 'ਤੇ ਆਇਆ ਸੀ, ਜਿਸ ਤੋਂ ਬਾਅਦ ਐੱਸ. ਐੱਮ. ਓ. ਡਾ. ਚੇਤਨਾ ਨੇ ਸਮੂਹ ਸਟਾਫ ਦੀ ਮਦਦ ਨਾਲ ਸਖ਼ਤ ਮਿਹਨਤ ਕਰਦੇ ਹੋਏ ਜਿਥੇ ਹਸਪਤਾਲ ਦੀ ਸਾਫ-ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ, ਉਸ ਦੇ ਨਾਲ ਹੀ ਹਸਪਤਾਲ 'ਚ ਮਰੀਜ਼ਾਂ ਦੀ ਸਹੂਲਤ ਲਈ ਕਈ ਵੱਡੇ ਬਦਲਾਅ ਵੀ ਕੀਤੇ। ਉਨ੍ਹਾਂ ਹਸਪਤਾਲ ਅੰਦਰ ਬੰਦ ਪਈਆਂ ਲਿਫਟਾਂ ਵੀ ਚਾਲੂ ਕਰਵਾਈਆਂ ਅਤੇ ਮਰੀਜ਼ਾਂ ਨੂੰ Îਓ. ਪੀ. ਡੀ. 'ਚ ਪੇਸ਼ ਆਉਂਦੀਆਂ ਮੁਸ਼ਕਲਾਂ ਦੇ ਹੱਲ ਲਈ ਕਈ ਬਦਲਾਅ ਕੀਤੇ। ਇਸੇ ਤਰ੍ਹਾਂ ਵਾਰਡਾਂ 'ਚ ਮਰੀਜ਼਼ਾਂ ਦੇ ਇਲਾਜ ਲਈ ਵੀ ਉਨ੍ਹਾਂ ਕਈ ਤਰ੍ਹਾਂ ਦੀਆਂ ਉਸਾਰੀ ਤਬਦੀਲੀਆਂ ਕੀਤੀਆਂ ਅਤੇ ਐਮਰਜੈਂਸੀ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਵੀ ਦਿਨ ਰਾਤ ਕੰਮ ਕੀਤਾ। ਅਜਿਹੇ ਅਨੇਕਾਂ ਉਪਰਾਲਿਆਂ ਦੇ ਬਾਅਦ 28 ਫਰਵਰੀ ਨੂੰ ਕਾਇਆ ਕਲਪ ਦੀ ਟੀਮ ਵੱਲੋਂ ਜਦੋਂ ਇਸ ਹਸਪਤਾਲ ਦਾ ਦੌਰਾ ਕੀਤਾ ਗਿਆ ਸੀ ਤਾਂ ਉਸ ਮੌਕੇ ਵੀ ਹਸਪਤਾਲ ਦੀ ਦਿੱਖ ਅਤੇ ਦਸ਼ਾ ਬਹੁਤ ਪ੍ਰਭਾਵਸ਼ਾਲੀ ਦਿਖਾਈ ਦਿੱਤੀ। ਇਸ ਦੇ ਚਲਦਿਆਂ ਅੱਜ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਸੂਚੀ 'ਚ ਸਿਵਲ ਹਸਪਤਾਲ ਗੁਰਦਾਸਪੁਰ ਨੇ ਇਕ ਸਾਲ ਦੌਰਾਨ 7ਵੇਂ ਸਥਾਨ ਤੋਂ 1 ਪਹਿਲੇ ਸਥਾਨ ਤੱਕ ਦਾ ਸਫਰ ਤੈਅ ਕਰ ਕੇ 25 ਲੱਖ ਰੁਪਏ ਦਾ ਇਨਾਮ ਜਿੱਤਿਆ ਹੈ।

ਕੀ ਸਥਿਤੀ ਹੈ ਹੋਰ ਜ਼ਿਲਿਆਂ ਦੀ
ਇਸ ਸੂਚੀ 'ਚ ਗੁਰਦਾਸਪੁਰ ਅਤੇ ਨਵਾਂ ਸ਼ਹਿਰ ਦੇ ਸਿਵਲ ਹਸਪਤਾਲ ਪਹਿਲੇ ਸਥਾਨ 'ਤੇ ਰਹੇ ਹਨ ਜਦੋਂ ਕਿ ਅੰਮ੍ਰਿਤਸਰ ਦੂਸਰੇ, ਪਠਾਨਕੋਟ ਜ਼ਿਲਾ ਤੀਸਰੇ ਸਥਾਨ 'ਤੇ ਰਿਹਾ ਹੈ। ਇਸੇ ਤਰ੍ਹਾਂ ਰੋਪੜ ਚੌਥੇ, ਬਰਨਾਲਾ ਪੰਜਵੇਂ, ਫਰੀਦਕੋਟ 6ਵੇਂ, ਸੰਗਰੂਰ 7ਵੇਂ, ਮਾਨਸਾ 8ਵੇਂ, ਤਰਨਤਾਰਨ ਅਤੇ ਲੁਧਿਆਣਾ 9ਵੇਂ, ਪਟਿਆਲਾ 10ਵੇਂ, ਫਾਜ਼ਿਲਕਾ ਅਤੇ ਮੁਕਤਸਰ 11ਵੇਂ ਸਥਾਨ 'ਤੇ ਰਿਹਾ ਹੈ। ਇਸੇ ਤਰ੍ਹਾਂ ਹੁਸ਼ਿਆਰਪੁਰ ਜ਼ਿਲੇ ਨੇ 12ਵਾਂ, ਮੋਹਾਲੀ ਨੇ 13ਵਾਂ, ਜਲੰਧਰ ਨੇ 14ਵਾਂ, ਕਪੂਰਥਲਾ ਨੇ 15 ਸਥਾਨ ਹਾਸਲ ਕੀਤਾ ਹੈ।

ਕੁਆਲੀਫਾਈ ਹੀ ਨਹੀਂ ਕਰ ਸਕੇ 4 ਜ਼ਿਲੇ
ਇਸ ਸਾਲ ਫਤਿਹਗੜ੍ਹ ਸਾਹਿਬ, ਬਠਿੰਡਾ, ਮੋਗਾ ਅਤੇ ਫਿਰੋਜ਼ਪੁਰ ਜ਼ਿਲੇ ਦੇ ਸਿਵਲ ਹਸਪਤਾਲ ਇਨ੍ਹਾਂ ਮੁਕਾਬਲਿਆਂ 'ਚ ਕੁਆਲੀਫਾਈ ਹੀ ਨਹੀਂ ਕਰ ਸਕੇ, ਜਿਸ ਕਾਰਣ ਇਨ੍ਹਾਂ ਜ਼ਿਲਿਆਂ ਨੂੰ ਕੋਈ ਰੈਂਕ ਨਹੀਂ ਮਿਲਿਆ।

'ਇਸ ਮੁਕਾਮ ਦਾ ਸਿਹਰਾ ਜ਼ਿਲੇ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਅਤੇ ਸਿਵਲ ਸਰਜਨ ਡਾ. ਕਿਸ਼ਨ ਚੰਦ ਦੀ ਅਗਵਾਈ ਨੂੰ ਜਾਂਦਾ ਹੈ ਜਿਨ੍ਹਾਂ ਨੇ ਹਮੇਸ਼ਾਂ ਹਸਪਤਾਲ ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ਨੂੰ ਸਹੀ ਸੇਧ ਦਿੱਤੀ ਹੈ। ਉਹ ਹਸਪਤਾਲ ਦੇ ਸਮੂਹ ਸਟਾਫ ਦੇ ਵੀ ਧੰਨਵਾਦੀ ਹਨ ਜਿਨ੍ਹਾਂ ਨੇ ਹਸਪਤਾਲ ਨੂੰ 7ਵੇਂ ਤੋਂ ਪਹਿਲੇ ਸਥਾਨ 'ਤੇ ਲਿਆਉਣ ਲਈ ਉਨ੍ਹਾਂ ਦਾ ਪੂਰਾ ਸਾਥ ਦਿੱਤਾ ਅਤੇ ਦਿਨ ਰਾਤ ਮਿਹਨਤ ਕੀਤੀ। ਆਉਣ ਵਾਲੇ ਸਮੇਂ ਵਿਚ ਵੀ ਉਹ ਪੂਰੀ ਲਗਨ ਤੇ ਮਿਹਨਤ ਨਾਲ ਕੰਮ ਕਰਦੇ ਰਹਿਣਗੇ।' -ਡਾ. ਚੇਤਨਾ, ਐੱਸ. ਐੱਮ. ਓ. ਸਿਵਲ ਹਸਪਤਾਲ।


author

Bharat Thapa

Content Editor

Related News