ਗੁਰਦਾਸਪੁਰ ਉਪ ਚੋਣ ਦੀ ਤਰੀਕ ਦਾ ਐਲਾਨ 15 ਤੋਂ ਪਹਿਲਾਂ
Saturday, Sep 09, 2017 - 12:12 AM (IST)
ਜਲੰਧਰ (ਧਵਨ) - ਕੇਂਦਰੀ ਚੋਣ ਕਮਿਸ਼ਨ ਵਲੋਂ ਗੁਰਦਾਸਪੁਰ ਲੋਕ ਸਭਾ ਸੀਟ ਦੀ ਉਪ ਚੋਣ ਦਾ ਐਲਾਨ 15 ਸਤੰਬਰ ਤੋਂ ਪਹਿਲਾਂ ਕੀਤਾ ਜਾ ਸਕਦਾ ਹੈ। ਅਜੇ ਇਹ ਤੈਅ ਨਹੀਂ ਹੋ ਸਕਿਆ ਹੈ ਕਿ ਗੁਰਦਾਸਪੁਰ ਲੋਕ ਸਭਾ ਸੀਟ ਦੀ ਉਪ ਚੋਣ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਕਰਵਾਈ ਜਾਵੇਗੀ ਜਾਂ ਉਸ ਤੋਂ ਪਹਿਲਾਂ। ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਵਿਨੋਦ ਖੰਨਾ ਦਾ ਦਿਹਾਂਤ 27 ਅਪ੍ਰੈਲ ਨੂੰ ਹੋਇਆ ਸੀ, ਇਸ ਹਿਸਾਬ ਨਾਲ ਗੁਰਦਾਸਪੁਰ ਦੀ ਖਾਲੀ ਹੋਈ ਸੀਟ 'ਤੇ ਨਵੇਂ ਨੁਮਾਇੰਦੇ ਦੀ ਚੋਣ 27 ਅਕਤੂਬਰ ਤੋਂ ਪਹਿਲਾਂ ਕੀਤੀ ਜਾਣੀ ਹੈ। ਦੱਸਿਆ ਜਾਂਦਾ ਹੈ ਕਿ ਗੁਜਰਾਤ ਤੇ ਹਿਮਾਚਲ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਨਵੰਬਰ ਮਹੀਨੇ 'ਚ ਹੋਣ ਦੀ ਸੰਭਾਵਨਾ ਹੈ। ਇਸ ਲਈ ਚੋਣ ਕਮਿਸ਼ਨ ਵਲੋਂ ਗੁਰਦਾਸਪੁਰ ਸੀਟ ਦੀ ਉਪ ਚੋਣ ਉਸ ਤੋਂ ਪਹਿਲਾਂ ਹੀ ਅਕਤੂਬਰ ਦੇ ਸ਼ੁਰੂ 'ਚ ਕਰਵਾਈ ਜਾ ਸਕਦੀ ਹੈ। ਦੀਵਾਲੀ ਵੀ ਇਸ ਵਾਰ ਛੇਤੀ ਆ ਰਹੀ ਹੈ, ਇਸ ਲਈ ਸੰਭਵ ਹੈ ਕਿ ਅਕਤੂਬਰ ਦੇ ਪਹਿਲੇ ਜਾਂ ਦੂਜੇ ਹਫਤੇ 'ਚ ਉਪ ਚੋਣ ਕਰਵਾ ਲਈ ਜਾਵੇ।
ਅਜੇ ਤਕ ਸੂਬੇ 'ਚ ਕਿਸੇ ਵੀ ਪਾਰਟੀ ਨੇ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ ਪਰ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਆਜ਼ਾਦੀ ਦਿਵਸ ਮੌਕੇ ਗੁਰਦਾਸਪੁਰ 'ਚ ਪੈਂਦੇ 9 ਵਿਧਾਨ ਸਭਾ ਹਲਕਿਆਂ ਲਈ ਰਿਆਇਤਾਂ ਦਾ ਪਿਟਾਰਾ ਖੋਲ੍ਹ ਕੇ ਚੋਣ ਬਿਗੁਲ ਵਜਾ ਦਿੱਤਾ ਸੀ। ਆਮ ਆਦਮੀ ਪਾਰਟੀ ਨੇ ਵੀ ਆਪਣਾ ਉਮੀਦਵਾਰ ਚੋਣ ਮੈਦਾਨ 'ਚ ਉਤਾਰਨ ਦਾ ਫੈਸਲਾ ਕੀਤਾ ਹੈ। ਭਾਜਪਾ ਨੇ ਵੀ ਆਪਣਾ ਉਮੀਦਵਾਰ ਚੋਣ 'ਚ ਉਤਾਰਨਾ ਹੈ।
ਉਂਝ ਤਾਂ ਸੁਰੱਖਿਆ ਏਜੰਸੀਆਂ ਨੇ ਪਹਿਲਾਂ ਹੀ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਸੂਬਾ ਪੁਲਸ ਨੇ ਅਰਧ-ਫੌਜੀ ਬਲਾਂ ਦੀਆਂ ਲਗਭਗ 50 ਕੰਪਨੀਆਂ ਪੰਜਾਬ ਨੂੰ ਦੇਣ ਦੀ ਮੰਗ ਕੇਂਦਰੀ ਗ੍ਰਹਿ ਮੰਤਰਾਲਾ ਤੋਂ ਕੀਤੀ ਹੈ ਕਿਉਂਕਿ ਗੁਰਦਾਸਪੁਰ ਸੀਟ ਦੀ ਉਪ ਚੋਣ ਸੱਤਾਧਾਰੀ ਕਾਂਗਰਸ ਦੇ ਨਾਲ-ਨਾਲ ਸਮੁੱਚੀ ਵਿਰੋਧੀ ਧਿਰ ਲਈ ਵੀ ਮਾਣ-ਸਨਮਾਨ ਦਾ ਸਵਾਲ ਬਣੀ ਰਹੇਗੀ। ਇਸ ਲਈ ਸੁਰੱਖਿਆ ਦੇ ਹਿਸਾਬ ਨਾਲ ਸੂਬੇ ਦੀ ਪੁਲਸ ਕੇਂਦਰੀ ਅਰਧ-ਫੌਜੀ ਬਲਾਂ ਨੂੰ ਚੋਣਾਂ 'ਚ ਉਤਾਰਨਾ ਚਾਹੁੰਦੀ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਹਿੰਸਾ ਨਾ ਹੋ ਸਕੇ। ਗੁਰਦਾਸਪੁਰ 'ਚ ਇਸ ਲਈ ਵੀ ਸੁਰੱਖਿਆ ਦਾ ਘੇਰਾ ਮਜ਼ਬੂਤ ਰੱਖਿਆ ਜਾਵੇਗਾ ਕਿਉਂਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਛੋਟੇ ਤੋਂ ਵੱਡੇ ਨੇਤਾ ਚੋਣ ਪ੍ਰਚਾਰ ਲਈ ਮੈਦਾਨ 'ਚ ਉਤਰੇ ਹੋਏ ਦਿਖਾਈ ਦੇਣਗੇ। ਅਜੇ ਵੀ ਫਿਲਹਾਲ ਸਿਆਸੀ ਨੇਤਾਵਾਂ ਦੀਆਂ ਨਜ਼ਰਾਂ ਗੁਰਦਾਸਪੁਰ ਉਪ ਚੋਣ ਦੀ ਤਰੀਕ ਨੂੰ ਲੈ ਕੇ ਕੇਂਦਰੀ ਚੋਣ ਕਮਿਸ਼ਨ 'ਤੇ ਟਿਕੀਆਂ ਹੋਈਆਂ ਹਨ। ਵੱਖ-ਵੱਖ ਪਾਰਟੀਆਂ ਦੇ ਨੇਤਾ ਵੱਖ-ਵੱਖ ਕਿਆਸ ਲਗਾਉਣ 'ਚ ਲੱਗੇ ਹੋਏ ਹਨ।
