ਜਾਖੜ ਦੀ ਰੈਲੀ ''ਚ ਬਾਜਵਾ ਦੀ ਐਂਟਰੀ ਨੇ ਸਿਆਸੀ ਗਲਿਆਰਿਆਂ ''ਚ ਚਲ ਰਹੀ ਚਰਚਾ ''ਤੇ ਲਗਾਈ ਰੋਕ
Monday, Oct 02, 2017 - 04:51 PM (IST)

ਗੁਰਦਾਸਪੁਰ — ਗੁਰਦਾਸਪੁਰ ਜ਼ਿਮਨੀ ਚੋਣ 'ਚ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਲਈ ਪਾਰਟੀ ਵਲੋਂ ਕੀਤੇ ਜਾ ਰਹੇ ਚੋਣ ਪ੍ਰਚਾਰ 'ਚ ਅਜ ਸਾਬਕਾ ਸਾਂਸਦ ਅਤੇ ਮੌਜੂਦਾ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਦੀ ਐਂਟਰੀ ਹੋ ਗਈ ਹੈ। ਕਾਫੀ ਦਿਨਾਂ ਤੋਂ ਸਿਆਸੀ ਗਲਿਆਰਿਆਂ 'ਚ ਚਰਚਾਵਾਂ ਸਨ ਕੇ ਬਾਜਵਾ, ਜਾਖੜ ਨੂੰ ਟਿਕਟ ਦਿੱਤੇ ਜਾਣ ਤੋਂ ਨਾਰਾਜ਼ ਸਨ ਅਤੇ ਇਸੇ ਕਰ ਕੇ ਉਹ ਗੁਰਦਾਸਪੁਰ 'ਚ ਜਾਖੜ ਲਈ ਚੋਣ ਪ੍ਰਚਾਰ ਨਹੀਂ ਕਰ ਰਹੇ।
ਆਪਣੇ ਸਿਆਸੀ ਵਿਰੋਧੀਆਂ ਨੂੰ ਜਵਾਬ ਦੇਣ ਲਈ ਗੁਰਦਾਸਪੁਰ ਪੁੱਜੇ ਪਰਤਾਪ ਸਿੰਘ ਬਾਜਵਾ ਨੇ ਉਮੀਦਵਾਰ ਸੁਨੀਲ ਜਾਖੜ ਲਈ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਦਿਆਂ ਦੱਸਿਆ ਕਿ ਉਹ ਪਾਰਟੀ ਦੇ ਕੰਮਾਂ ਦੇ ਚੱਲਦਿਆਂ ਦਿੱਲੀ 'ਚ ਰੁੱਝੇ ਹੋਏ ਸਨ, ਜਿਸ ਕਰ ਕੇ ਇੱਥੇ ਆਉਣ 'ਚ ਦੇਰੀ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਵਲੋਂ ਉਮੀਦਵਾਰ ਐਲਾਨੇ ਗਏ ਸੁਨੀਲ ਜਾਖੜ ਲਈ ਚੋਣ ਪ੍ਰਚਾਰ ਕਰਨਗੇ ਅਤੇ ਚੋਣਾਂ ਤੱਕ ਇਥੇ ਹੀ ਰਹਿਣਗੇ। ਬਾਜਵਾ ਨੇ ਅੱਜ ਵਿਧਾਨਸਭਾ ਹਲਕਾ ਕਾਦੀਆਂ ਦੇ ਪਿੰਡ ਤੁਗਲਵਾਲ 'ਚ ਜਾਖੜ ਲਈ ਚੋਣ ਪ੍ਰਚਾਰ ਕੀਤਾ।
ਗੁਰਦਾਸਪੁਰ ਜ਼ਿਮਨੀ ਚੋਣ ਲਈ ਪਾਰਟੀ ਵਲੋਂ ਸੁਨੀਲ ਜਾਖੜ ਨੂੰ ਮੈਦਾਨ 'ਚ ਉਤਾਰੇ ਜਾਣ ਤੋਂ ਬਾਅਦ ਹੀ ਇਹ ਕਿਹਾ ਜਾ ਰਿਹਾ ਸੀ ਕਿ ਪ੍ਰਤਾਪ ਬਾਜਵਾ ਪਾਰਟੀ ਦੇ ਇਸ ਫੈਸਲੇ ਤੋਂ ਨਾਰਾਜ਼ ਹਨ ਪਰ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਉਮੀਦਵਾਰ ਸੁਨੀਲ ਜਾਖੜ ਨੇ ਓਦੋਂ ਵੀ ਮੀਡੀਆ ਨੂੰ ਦੱਸਿਆ ਸੀ ਕਿ ਬਾਜਵਾ ਅਤੇ ਉਨ੍ਹਾਂ ਦਾ ਪਰਿਵਾਰ ਪਾਰਟੀ ਦੇ ਫੈਸਲੇ ਤੋਂ ਖੁਸ਼ ਹੈ ਅਤੇ ਸਾਰੇ ਲੀਡਰ ਮਿਲ ਕੇ ਇਸ ਚੋਣ ਨੂੰ ਜਿੱਤਣ ਲਈ ਉਨ੍ਹਾਂ ਦਾ ਸਾਥ ਦੇਣਗੇ । ਬਾਜਵਾ ਦੀ ਨਾਰਾਜ਼ਗੀ ਦੇ ਚੱਲਦਿਆਂ ਬਾਜਵਾ ਦੇ ਸਿਆਸੀ ਵਿਰੋਧੀ ਵੀ ਇਸ ਮਾਮਲੇ ਨੂੰ ਲੈ ਕੇ ਚੋਣ ਰੈਲੀਆਂ ਵਿੱਚ ਬਾਜਵਾ ਦਾ ਮਜ਼ਾਕ ਉੜਾ ਰਹੇ ਸਨ ਪਰ ਅੱਜ ਬਾਜਵਾ ਦੀ ਚੋਣ ਅਖਾੜੇ ਵਿੱਚ ਹੋਏ ਐਂਟਰੀ ਨੇ ਸਾਰੇ ਸਿਆਸੀ ਵਿਰੋਧੀਆਂ ਦੇ ਮੂੰਹ ਬੰਦ ਕਰ ਦਿੱਤੇ ਹਨ।
ਇਸ ਦੇ ਨਾਲ ਹੀ ਕਾਂਗਰਸ ਨੇ ਆਪਣੀ ਇੱਕਜੁੱਟਤਾ ਦਾ ਮੁਜ਼ਾਹਰਾ ਕਰ ਕੇ ਅਕਾਲੀ ਦਲ ਦੇ ਖ਼ਤਰੇ ਵਧਾ ਦਿੱਤੇ ਹਨ। ਦੱਸ ਦੇਈਏ ਕਿ ਅਕਾਲੀ ਦਲ ਆਪਣੇ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ 'ਤੇ ਬਲਾਤਕਾਰ ਦੇ ਇਲਜ਼ਾਮ ਲੱਗਣ ਕਾਰਨ ਪਹਿਲਾਂ ਹੀ ਬੈਕਫੁੱਟ 'ਤੇ ਚਲਿਆ ਗਿਆ ਹੈ। ਇਸ ਹਾਲਤ 'ਚ ਕਾਂਗਰਸ ਦੀ ਇੱਕਜੁੱਟਤਾ ਉਸ ਨੂੰ ਜ਼ਰੂਰ ਫਾਇਦਾ ਦੇ ਸਕਦੀ ਹੈ।